ਸਰਕਾਰੀ ਹਸਪਤਾਲ ’ਚੋਂ ਨਹੀਂ ਮਿਲਦੀ ਕਾਲੇ ਪੀਲੀਏ ਦੀ ਦਵਾਈ
Friday, Aug 31, 2018 - 12:29 AM (IST)

ਸੰਗਰੂਰ,(ਵਿਵੇਕ ਸਿੰਧਵਾਨੀ, ਯਾਦਵਿੰਦਰ)–ਇਕ ਪਾਸੇ ਪੰਜਾਬ ਸਰਕਾਰ ਕਾਲੇ ਪੀਲੀਏ ਦੇ ਖਾਤਮੇ ਲਈ ਜਿਥੇ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਉਥੇ ਜ਼ਿਲੇ ਦੇ ਸਰਕਾਰੀ ਹਸਪਤਾਲ ’ਚ ਕਾਲੇ ਪੀਲੀਏ ਦੇ ਮਰੀਜ਼ ਸਿਹਤ ਸਹੂਲਤਾਂ ਲਈ ਖੱਜਲ-ਖੁਆਰ ਹੋ ਰਹੇ ਹਨ। ਹਸਪਤਾਲ ’ਚੋਂ ਦਵਾਈਆਂ ਨਾ ਮਿਲਣ ਕਾਰਨ ਅਤੇ ਸਹੀ ਤਰੀਕੇ ਨਾਲ ਚੈੱਕਅਪ ਨਾ ਹੋਣ ਕਾਰਨ ਕਾਲੇ ਪੀਲੀਏ ਦੇ ਮਰੀਜ਼ਾਂ ਨੇ ਵੀਰਵਾਰ ਨੂੰ ਹਸਪਤਾਲ ਪੁੱਜੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅੱਗੇ ਦੁੱਖਡ਼ੇ ਰੋਏ। ਪਿੰਡ ਨਮੋਲ ਤੋਂ ਆਏ ਮਰੀਜ਼ ਦਰਸ਼ਨ ਸਿੰਘ, ਪਿੰਡ ਪੰਜਗਰਾਈਆਂ ਤੋਂ ਆਏ ਹਰਵੀਰ ਸਿੰਘ, ਮਾਲੇਰਕੋਟਲਾ ਤੋਂ ਆਏ ਆਜ਼ਮ ਖਾਨ, ਪਿੰਡ ਮੰਗਵਾਲ ਤੋਂ ਆਏ ਕਰਨਵੀਰ ਸਿੰਘ, ਭਵਾਨੀਗਡ਼੍ਹ ਤੋਂ ਆਈ ਬਜ਼ੁਰਗ ਅਮਰਜੀਤ ਕੌਰ ਸਣੇ ਹੋਰਨਾਂ ਨੇ ਡੀ. ਸੀ. ਘਣਸ਼ਿਆਮ ਥੋਰੀ ਨੂੰ ਦੱਸਿਆ ਕਿ ਉਹ ਕਾਲੇ ਪੀਲੀਏ ਤੋਂ ਪੀਡ਼ਤ ਹਨ ਅਤੇ ਹਸਪਤਾਲ ’ਚੋਂ ਆਪਣਾ ਇਲਾਜ ਕਰਵਾ ਰਹੇ ਹਨ। ਹਸਪਤਾਲ ’ਚੋਂ ਉਨ੍ਹਾਂ ਨੂੰ ਕਦੇ ਵੀ ਪੂਰੀ ਦਵਾਈ ਨਹੀਂ ਮਿਲੀ। ਪਹਿਲਾਂ ਤਾਂ ਅੱਧੀਆਂ ਦਵਾਈਆਂ ਅੰਦਰੋਂ ਮਿਲ ਜਾਂਦੀਆਂ ਸਨ ਅਤੇ ਬਾਕੀ ਉਨ੍ਹਾਂ ਨੂੰ ਬਾਹਰੋਂ ਪ੍ਰਾਈਵੇਟ ਦੁਕਾਨਾਂ ਤੋਂ ਖਰੀਦਣੀਆਂ ਪੈਂਦੀਆਂ ਸਨ ਪਰ ਹੁਣ ਤਾਂ ਸਾਰੀਆਂ ਦਵਾਈਆਂ ਹੀ ਬਾਹਰੋਂ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਹਸਪਤਾਲ ’ਚੋਂ ਦਵਾਈ ਨਹੀਂ ਦਿੱਤੀ ਜਾ ਰਹੀ। ਮਰੀਜ਼ਾਂ ਨੇ ਕਿਹਾ ਕਿ ਉਹ ਦਵਾਈ ਲੈਣ ਲਈ ਦੂਰੋਂ-ਦੂਰੋਂ ਇਥੇ ਆਉਂਦੇ ਹਨ ਪਰ ਜਦੋਂ ਇਥੇ ਆ ਕੇ ਦਵਾਈ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈਂਦਾ ਹੈ। ਇਸ ਮੌਕੇ ਹਾਜ਼ਰ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੇ ਮੈਂਬਰ ਸਤਿੰਦਰ ਸੈਣੀ, ਰਛਪਾਲ ਟਿਪੂ ਤੇ ਅਸ਼ਵਨੀ ਨੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਤੋਂ ਮੰਗ ਕਰਦਿਆਂ ਕਿਹਾ ਕਿ ਕਾਲੇ ਪੀਲੀਏ ਦੇ ਪੀਡ਼ਤ ਮਰੀਜ਼ਾਂ ਲਈ ਪਹਿਲ ਦੇ ਆਧਾਰ ’ਤੇ ਦਵਾਈਆਂ ਮਿਲਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਮਰੀਜ਼ ਜਲਦ ਤੰਦਰੁਸਤ ਹੋ ਸਕਣ।
ਕਾਲੇ ਪੀਲੀਏ ਦੀ ਦਵਾਈ ਦਾ ਟੈਂਡਰ ਹੋਇਐ : ਡੀ. ਸੀ.
ਕਾਲੇ ਪੀਲੀਏ ਦੇ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਦੀ ਆ ਰਹੀ ਸਮੱਸਿਆ ਸਬੰਧੀ ਜਦੋਂ ਡੀ.ਸੀ. ਘਣਸ਼ਿਆਮ ਥੋਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਸਿਵਲ ਸਰਜਨ ਤੋਂ ਪੁੱਛ ਪਡ਼ਤਾਲ ਕੀਤੀ ਹੈ ਅਤੇ ਕਾਲੇ ਪੀਲੀਏ ਦੀ ਦਵਾਈ ਦਾ ਟੈਂਡਰ ਹੋਇਆ ਹੈ ਅਤੇ ਜਲਦ ਹੀ ਮਰੀਜ਼ਾਂ ਲਈ ਹਸਪਤਾਲ ’ਚ ਦਵਾਈਆਂ ਆ ਜਾਣਗੀਆਂ।