ਰੀਨਾ ਜੇਤਲੀ ਨੂੰ ਮਿਲਿਆ ''ਮਿਹਨਤ ਅਤੇ ਈਮਾਨਦਾਰੀ'' ਦਾ ਫਲ

Wednesday, Jul 18, 2018 - 06:43 AM (IST)

ਰੀਨਾ ਜੇਤਲੀ ਨੂੰ ਮਿਲਿਆ ''ਮਿਹਨਤ ਅਤੇ ਈਮਾਨਦਾਰੀ'' ਦਾ ਫਲ

ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਰੀਨਾ ਜੇਤਲੀ ਨੂੰ ਇਹ ਅਹੁਦਾ ਉਨ੍ਹਾਂ ਦੀ ਸਿਰਫ ਕਿਸੇ ਵਿੱਦਿਅਕ ਯੋਗਤਾ ਦੇ ਕਾਰਨ ਹੀ ਨਹੀਂ ਸਗੋਂ ਉਨ੍ਹਾਂ ਨੂੰ ਪੇਰੈਂਟਸ ਅਤੇ ਘਰ ਦੇ ਬਜ਼ੁਰਗਾਂ ਤੋਂ ਮਿਲੇ ਸੰਸਕਾਰਾਂ ਦੀ ਪਾਲਣਾ ਕਰਨ, ਸਾਰਿਆਂ ਦੇ ਨਾਲ ਪ੍ਰੇਮ ਅਤੇ ਭਾਈਚਾਰਾ ਬਣਾਈ ਰੱਖਣ ਅਤੇ ਪਾਰਟੀ ਹਿੱਤ ਵਿਚ ਬਿਨਾਂ ਸਵਾਰਥ ਭਾਵ ਨਾਲ ਸਦਾ ਕੰਮ ਕਰਨ ਲਈ ਮਿਲਿਆ ਹੈ। ਸੰਗਠਨ ਦੇ ਅਧਿਕਾਰੀਆਂ ਨੇ ਜਾਣ ਲਿਆ ਸੀ ਕਿ ਰੀਨਾ ਜੇਤਲੀ ਨੂੰ ਜਦੋਂ ਵੀ ਕੋਈ ਜ਼ਿੰਮੇਵਾਰੀ ਸੌਂਪੀ ਗਈ, ਉਨ੍ਹਾਂ ਨੇ ਉਸ ਨੂੰ ਬਹੁਤ ਈਮਾਨਦਾਰੀ ਨਾਲ ਨਿਭਾਇਆ, ਜਿਸ ਨਾਲ ਜਿਥੇ ਸੰਗਠਨ ਨੂੰ ਮਜ਼ਬੂਤੀ ਮਿਲੀ ਹੈ, ਉਥੇ ਪਾਰਟੀ ਵਰਕਰਾਂ ਦਾ ਮਾਣ ਵੀ ਵਧਿਆ ਹੈ। ਗੱਲਬਾਤ ਵਿਚ ਪਤਾ ਲੱਗਾ ਕਿ ਰੀਨਾ ਜੇਤਲੀ 1979 ਤੋਂ ਹੀ ਵਿਦਿਆਰਥੀ ਪ੍ਰੀਸ਼ਦ ਦੇ ਨਾਲ ਜੁੜੀ ਰਹੀ ਅਤੇ ਸਕੱਤਰ ਬਣ ਕੇ ਨੌਜਵਾਨਾਂ ਨੂੰ ਸੰਗਠਿਤ ਕਰਦੀ ਰਹੀ। ਲਗਾਤਾਰ 4 ਸਾਲ ਤਕ ਕਾਲਜ ਵਿਚ ਉਨ੍ਹਾਂ ਨੇ ਪ੍ਰੀਸ਼ਦ ਦਾ ਕੰਮ ਕੀਤਾ ਅਤੇ ਵਿਆਹ ਤੋਂ ਬਾਅਦ ਵੀ ਰਾਜਨੀਤੀ ਵਿਚ ਕੰਮ ਕਰਦੀ ਰਹੀ। ਅੰਮ੍ਰਿਤਸਰ ਵਿਚ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਉਨ੍ਹਾਂ ਨੇ ਜ਼ਿਲਾ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਬਣ ਕੇ ਵੀ ਸੰਗਠਨ ਨੂੰ ਸੰਗਠਿਤ ਕਰਨ ਲਈ ਕੰਮ ਕੀਤਾ।
ਉਨ੍ਹਾਂ ਦੀ ਸਫਲ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਪਾਰਟੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੋ ਵਾਰ ਫਿਰ ਤੋਂ 3-3 ਸਾਲ ਲਈ ਪਾਰਟੀ ਦਾ ਕੰਮ ਸੌਂਪਿਆ। ਇਸ ਤੋਂ ਬਾਅਦ ਭਾਜਪਾ ਦੇ ਸੂਬਾ ਸਕੱਤਰ ਦੇ ਰੂਪ ਵਿਚ ਵੀ ਪਾਰਟੀ ਦਾ ਕੰਮ ਕਰਦੀ ਰਹੀ ਅਤੇ 2014 ਵਿਚ ਉਨ੍ਹਾਂ ਨੂੰ ਫਾਰੈਸਟ ਕਾਰਪੋਰੇਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਬਣਨ ਦਾ ਮੌਕਾ ਮਿਲਿਆ ਅਤੇ 2017 ਵਿਚ ਇਨ੍ਹਾਂ ਨੂੰ ਫਾਰੈਸਟ ਕਾਰਪੋਰੇਸ਼ਨ ਦੀ ਚੇਅਰਪਰਸਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਾਰੀਆਂ ਜ਼ਿੰਮੇਵਾਰੀਆਂ ਨੂੰ ਉਨ੍ਹਾਂ ਨੇ ਬਾਖੂਬੀ ਨਾਲ ਨਿਭਾਇਆ। ਇਸ ਕਾਰਨ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਉਨ੍ਹਾਂ ਨੂੰ ਔਰਤਾਂ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ, ਜਿਸ ਨੂੰ ਉਹ ਪੂਰੀ ਈਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਅ ਰਹੀ ਹੈ। ਜਦੋਂ ਤੋਂ ਉਨ੍ਹਾਂ ਨੂੰ ਇਹ ਅਹੁਦਾ ਸੌਂਪਿਆ ਹੈ ਉਦੋਂ ਤੋਂ ਔਰਤਾਂ ਦਾ ਮਨੋਬਲ ਵਧਿਆ ਹੈ ਅਤੇ ਉਨ੍ਹਾਂ ਵਿਚ ਪਾਰਟੀ ਪ੍ਰਤੀ ਵਿਸ਼ਵਾਸ ਪੈਦਾ ਹੋ ਗਿਆ ਹੈ ਕਿ ਪਾਰਟੀ ਵਰਕਰਾਂ ਦਾ ਸਦਾ ਮਾਣ ਕਰਦੀ ਹੈ।
ਰੀਨਾ ਜੇਤਲੀ ਦਾ ਸਾਰਾ ਪਰਿਵਾਰ ਹੀ ਆਰ. ਐੱਸ. ਐੱਸ. ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੀ ਦਾਦੀ ਯਮੁਨਾ ਦੇਵੀ ਜਦੋਂ ਪਾਰਟੀ ਦੇ ਜਲਸਿਆਂ ਵਿਚ ਜਾਂਦੀ ਸੀ ਤਾਂ ਉਨ੍ਹਾਂ ਨੂੰ ਨਾਲ ਲੈ ਕੇ ਜਾਂਦੀ ਸੀ। ਰੀਨਾ ਜੇਤਲੀ ਨੇ ਦੱਸਿਆ ਕਿ ਜਦੋਂ ਉਸ ਦਾ ਜਨਮ ਹੋਇਆ ਸੀ ਤਾਂ ਉਨ੍ਹਾਂ ਦਿਨਾਂ ਵਿਚ ਪਾਰਟੀ ਦਾ ਨਾਂ ਜਨਸੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਪਾਰਟੀ ਦਾ ਚੋਣ ਚਿੰਨ੍ਹ 'ਦੀਪਕ' ਹੁੰਦਾ ਸੀ। ਇਸ ਕਾਰਨ ਦਾਦੀ ਨੇ ਉਨ੍ਹਾਂ ਦਾ ਨਾਂ ਦੀਪਕ ਰੱਖਿਆ ਸੀ। ਭਰਾ ਦਿਨੇਸ਼ ਸ਼ਰਮਾ ਬ੍ਰਾਂਚ ਵਿਚ ਜਾਂਦਾ ਅਤੇ ਜੋ ਕੁਝ ਉਥੋਂ ਸਿੱਖ ਕੇ ਆਉਂਦਾ, ਘਰ ਵਿਚ ਵੀ ਡਿਸਕਸ ਕਰਦਾ ਸੀ। ਇਸ ਕਾਰਨ ਪਾਰਟੀ ਦੇ ਸੰਸਕਾਰ ਉਨ੍ਹਾਂ ਨੂੰ ਘਰ ਤੋਂ ਹੀ ਮਿਲਣ ਲੱਗੇ ਸਨ।

PunjabKesari
* ਮੈਂ ਲਾਲਾ ਜਗਤ ਨਾਰਾਇਣ ਜੀ ਦੇ ਵਿਚਾਰਾਂ ਤੋਂ ਬਹੁਤ ਪ੍ਰੇਰਿਤ ਹੋਈ ਸੀ ਕਿਉਂਕਿ ਜਦੋਂ ਮੈਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਮੈਂਬਰ ਸੀ ਤਾਂ ਲਾਲਾ ਜਗਤ ਨਾਰਾਇਣ ਜੀ ਸਿੱਖਿਆ ਮੰਤਰੀ ਦੇ ਰੂਪ ਵਿਚ ਮੇਰੇ ਕਾਲਜ ਅੰਮ੍ਰਿਤਸਰ ਵਿਚ ਆਏ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਖਤ ਮਿਹਨਤ, ਸੱਚੀ ਲਗਨ ਅਤੇ ਈਮਾਨਦਾਰੀ ਨਾਲ ਜਦੋਂ ਅਸੀਂ ਪਾਰਟੀ ਦੀ ਸੇਵਾ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਜ਼ਰੂਰ ਹੀ ਚੰਗਾ ਮਿਲਦਾ ਹੈ। ਇਹ ਕਦੇ ਨਾ ਸੋਚੋ ਕਿ ਸਾਨੂੰ ਪਾਰਟੀ ਨੇ ਕੀ ਦਿੱਤਾ ਸਗੋਂ ਇਹ ਸੋਚੋ ਕਿ ਅਸੀਂ ਪਾਰਟੀ ਨੂੰ ਕੀ ਦੇ ਰਹੇ ਹਾਂ। ਮੇਰੇ ਮਨ ਵਿਚ ਅੱਜ ਤਕ ਉਨ੍ਹਾਂ ਦੀ ਆਵਾਜ਼ ਗੂੰਜਦੀ ਹੈ ਅਤੇ ਮੈਂ ਉਸੇ ਸੋਚ ਨਾਲ ਕੰਮ ਕਰਦੀ ਹਾਂ।
-ਰੀਨਾ ਜੇਤਲੀ (ਪ੍ਰਧਾਨ ਭਾਜਪਾ ਮਹਿਲਾ ਮੋਰਚਾ, ਪੰਜਾਬ)

-ਪੇਸ਼ਕਸ਼ : ਵੀਨਾ ਜੋਸ਼ੀ


Related News