ਨਗਰ ਕੌਂਸਲ ''ਚ ਹੋ ਰਹੇ ਪੱਖਪਾਤ ਕਾਰਨ ਛੱਡੀ ਭਾਜਪਾ : ਖੋਖਰ

06/29/2017 6:43:38 AM

ਫਿਰੋਜ਼ਪੁਰ  (ਸ਼ੈਰੀ, ਪਰਮਜੀਤ)  - ਪਿਛਲੇ ਦਿਨੀਂ ਭਾਜਪਾ ਨੂੰ ਸਦਾ ਲਈ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਵਾਰਡ ਨੰ. 2 ਦੇ ਕੌਂਸਲਰ ਮਨੀ ਖੋਖਰ ਅਤੇ ਵਾਰਡ ਨੰ.31 ਦੀ ਰੀਨਾ ਨਾਹਰ ਵਿਰੁੱਧ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ ਅਤੇ ਜ਼ਿਲਾ ਫਿਰੋਜ਼ਪੁਰ ਭਾਜਪਾ ਦੇ ਪ੍ਰਧਾਨ ਦਵਿੰਦਰ ਬਜਾਜ ਵੱਲੋਂ ਇਸ ਮਾਮਲੇ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਦੌਰਾਨ ਕੀਤੀ ਗਈ ਟਿੱਪਣੀ ਵਿਰੁੱਧ ਬੋਲਦਿਆਂ ਕੌਂਸਲਰ ਮਨੀ ਖੋਖਰ ਨੇ ਕਿਹਾ ਕਿ ਮੈਂ ਆਪਣੇ ਵਾਰਡ 'ਚੋਂ ਆਜ਼ਾਦ ਚੋਣ ਜਿੱਤਣ ਤੋਂ ਬਾਅਦ ਭਾਜਪਾ ਨੂੰ ਸਮੱਰਥਨ ਦਿੱਤਾ ਸੀ ਕਿ ਮੇਰੇ ਵਾਰਡ ਦਾ ਵਿਕਾਸ ਹੋਵੇਗਾ ਤੇ ਮੇਰਾ ਪਾਰਟੀ ਵਿਚ ਬਣਦਾ ਮਾਣ-ਸਨਮਾਨ ਮੈਨੂੰ ਮਿਲੇਗਾ ਪਰ ਬਹੁਤ ਹੀ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਪਿਛਲੇ ਢਾਈ ਸਾਲਾਂ ਦੌਰਾਨ ਨਗਰ ਕੌਂਸਲ ਪ੍ਰਧਾਨ ਵੱਲੋਂ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਵਾਰਡ ਦੇ ਵਿਕਾਸ ਕਾਰਜਾਂ ਲਈ ਮੇਰੇ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ। ਮੈਂ ਹੁਣ ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸ਼ਹਿਰ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਮੁੱਖ ਰੱਖਦੇ ਹੋਏ  ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਇਆ ਹਾਂ, ਨਾ ਕਿ ਕਿਸੇ ਲਾਲਚ ਜਾਂ ਡਰ ਕਰਕੇ।
ਖੋਖਰ ਨੇ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਵੱਲੋਂ ਦਿੱਤੇ ਗਏ ਬਿਆਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮੈਨੂੰ ਪਾਰਟੀ ਪ੍ਰਤੀ ਵਫਾਦਾਰੀ ਅਤੇ ਡਰ ਦਾ ਭਾਸ਼ਣ ਦੇਣ ਵਾਲਾ, ਖੁਦ ਪਾਰਟੀ ਪ੍ਰਤੀ ਵਫਾਦਾਰ ਨਹੀਂ ਹੈ। ਭਾਜਪਾ ਜ਼ਿਲਾ ਪ੍ਰਧਾਨ ਦਵਿੰਦਰ ਬਜਾਜ ਵੱਲੋਂ ਕੀਤੀ ਟਿੱਪਣੀ ਦਾ ਵੀ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਸਾਬਕਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਆਪਣੇ ਚਹੇਤੇ ਅਸ਼ਵਨੀ ਗਰੋਵਰ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਤਾਂ ਇਸ ਭਾਜਪਾ ਜ਼ਿਲਾ ਪ੍ਰਧਾਨ ਦਵਿੰਦਰ ਬਜਾਜ ਨੇ ਵੀ ਆਪਣੀ ਪਾਰਟੀ ਵਿਰੁੱਧ ਜਾ ਕੇ ਮੰਡਲ ਪ੍ਰਧਾਨ ਤੋਂ ਅਸਤੀਫਾ ਦਿੱਤਾ ਅਤੇ ਬਾਜ਼ਾਰ ਬੰਦ ਕਰਵਾ ਕੇ ਕਮਲ ਸ਼ਰਮਾ ਦੇ ਘਰ ਦਾ ਘਿਰਾਓ ਕੀਤਾ ਤੇ ਪਾਰਟੀ ਦੇ ਵਿਰੁੱਧ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਸੀ, ਅੱਜ ਇਹ ਸਾਨੂੰ ਕਿਹੜੇ ਮੂੰਹ ਨਾਲ ਸੁਆਰਥੀ ਦੱਸ ਰਹੇ ਹਨ। ਪਾਰਟੀ ਦੇ ਅਹੁਦੇਦਾਰਾਂ ਵੱਲੋਂ ਸੁਣਵਾਈ ਨਾ ਹੋਣ ਦੇ ਕਾਰਨਾਂ ਕਰਕੇ ਹੀ ਮੈਂ ਭਾਜਪਾ ਨੂੰ ਅਲਵਿਦਾ ਕਿਹਾ ਹੈ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਲਾਈਟਾਂ, ਇੰਟਰਲਾਕਿੰਗ ਟਾਈਲਾਂ, ਸੜਕਾਂ, ਇਸ਼ਤਿਹਾਰੀ ਯੂਨੀਪੋਲ ਆਦਿ ਵਿਚ ਹੋਈ ਹੇਰਾਫੇਰੀ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਪਿੰਕੀ ਨੂੰ ਮੰਗਪੱਤਰ ਦੇਣਗੇ।
ਕੀ ਕਹਿਣਾ ਹੈ ਅਸ਼ਵਨੀ ਗਰੋਵਰ ਦਾ
ਜਦੋਂ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗਰੋਵਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ। ਜਦੋਂ ਦਵਿੰਦਰ ਬਜਾਜ ਜ਼ਿਲਾ ਪ੍ਰਧਾਨ ਭਾਜਪਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਆ ਰਿਹਾ ਸੀ।


Related News