ਉੱਤਰ  ਪ੍ਰਦੇਸ਼ ‘ਸਤਿਸੰਗ ’ਚ’ 116 ਤੋਂ ਵੱਧ ‘ਸ਼ਰਧਾਲੂਆਂ ਦੀ ਮੌਤ’

Wednesday, Jul 03, 2024 - 04:24 AM (IST)

ਦਰਜਨਾਂ ਧਰਮਾਂ,  ਸੰਪਰਦਾਵਾਂ ਅਤੇ ਭਾਸ਼ਾਵਾਂ ਵਾਲੇ ਭਾਰਤ ਦੇਸ਼ ’ਚ ਆਯੋਜਿਤ ਹੋਣ ਵਾਲੇ ਧਾਰਮਿਕ ਉਤਸਵਾਂ ਅਤੇ ਸਮਾਗਮਾਂ ’ਚ ਪੁਰਾਤਨ ਕਾਲ ਤੋਂ ਹੀ ਹਜ਼ਾਰਾਂ-ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਹੁੰਦੇ ਆ ਰਹੇ ਹਨ। ਲੋਕਾਂ ’ਚ ਅਜਿਹੇ ਤੀਰਥ-ਅਸਥਾਨਾਂ ’ਤੇ ‘ਜਲਦੀ ਆਓ ਅਤੇ ਜਲਦੀ ਵਾਪਸ ਚਲੇ ਜਾਓ’ ਰੁਝਾਨ ਦੇ ਕਾਰਨ ਭਾਜੜ ਮਚਣ ਨਾਲ ਵੱਡੀ ਗਿਣਤੀ ’ਚ ਅਨਮੋਲ ਜਾਨਾਂ ਮੌਤ ਦੇ ਮੂੰਹ ’ਚ ਜਾਣ ਲੱਗੀਆਂ  ਹਨ : 
*  3 ਫਰਵਰੀ, 1954 ਨੂੰ ਆਜ਼ਾਦੀ ਦੇ ਬਾਅਦ ਪ੍ਰਯਾਗਰਾਜ ’ਚ ਲੱਗੇ ਪਹਿਲੇ ਮਹਾਕੁੰਭ ’ਚ ਮਚੀ ਭਾਜੜ ’ਚ 800 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। 
* 27 ਅਗਸਤ, 2003 ਨੂੰ ਮਹਾਰਾਸ਼ਟਰ ’ਚ ਨਾਸਿਕ ਕੁੰਭ ਦੇ ਦੌਰਾਨ ਮਚੀ ਭਾਜੜ ’ਚ 40 ਸ਼ਰਧਾਲੂਆਂ ਦੀਆਂ ਜਾਨਾਂ ਚਲੀਆਂ ਗਈਆਂ। 
* 15 ਜਨਵਰੀ, 2011 ਨੂੰ ਕੇਰਲ ਦੇ ਇਡੁੱਕੀ ਜ਼ਿਲੇ ਦੇ ‘ਪੁਲਮੇਡੂ’ ਸਥਿਤ ਸਬਰੀਮਾਲਾ ਮੰਦਰ ਦੇ ਨੇੜੇ ਮਚੀ ਭਾਜੜ ’ਚ ਘੱਟੋ-ਘੱਟ 104 ਵਿਅਕਤੀਆਂ ਦੀ ਮੌਤ ਅਤੇ 50 ਵਿਅਕਤੀ ਜ਼ਖਮੀ ਹੋ ਗਏ। 
* 10 ਫਰਵਰੀ, 2013 ਨੂੰ ਪ੍ਰਯਾਗਰਾਜ ਮਹਾਕੁੰਭ ’ਚ ਮਚੀ ਭਾਜੜ ’ਚ 26 ਮਰਦਾਂ, 9 ਔਰਤਾਂ ਅਤੇ 1  ਬੱਚੇ ਸਮੇਤ 36 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਲਗਭਗ ਇੰਨੇ ਹੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। 
* 14 ਜੁਲਾਈ, 2015 ਨੂੰ ਆਂਧਰਾ ਪ੍ਰਦੇਸ਼ ’ਚ ਰਾਜਾਮੁੰਦਰੀ ’ਚ ਗੋਦਾਵਰੀ ਨਦੀ ਦੇ ਕੰਢੇ ਪੁਛਕਰਾਲੂ ਉਤਸਵ ਦੇ ਦੌਰਾਨ ਮਚੀ ਭਾਜੜ ’ਚ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੇ ਇਲਾਵਾ 27 ਵਿਅਕਤੀਆਂ ਦੀ ਜਾਨ ਚਲੀ ਗਈ। 
* 10 ਅਗਸਤ, 2015 ਨੂੰ ਝਾਰਖੰਡ ਦੇ ਦੇਵਕਾ ਸਥਿਤ ‘ਵੈਧਨਾਥ ਧਾਮ’ ’ਚ ਇਕ ਧਾਰਮਿਕ ਸਮਾਗਮ ’ਚ ਮਚੀ ਭਾਜੜ ’ਚ 11 ਵਿਅਕਤੀਆਂ ਦੀ ਜਾਨ ਚਲੀ ਗਈ। 
* 1 ਜਨਵਰੀ, 2022 ਨੂੰ ਜੰਮੂ-ਕਸ਼ਮੀਰ ’ਚ ਕਟੜਾ ਸਥਿਤ ਵੈਸ਼ਨੋ ਮਾਤਾ ਦੇ ਮੰਦਰ ’ਚ ਨਵੇਂ ਸਾਲ ਦੀ ਪਹਿਲੀ ਰਾਤ ਨੂੰ 2 ਤੋਂ 3 ਵਜੇ ਦਰਮਿਆਨ ਮਨੋਕਾਮਨਾ ਭਵਨ ਦੇ ਨੇੜੇ ਅਚਾਨਕ ਭਾਜੜ ਮਚ ਜਾਣ ਦੇ ਕਾਰਨ ਘੱਟੋ-ਘੱਟ 12 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। 
ਅਤੇ ਹੁਣ 2 ਜੁਲਾਈ, 2024 ਨੂੰ ਉੱਤਰ ਪ੍ਰਦੇਸ਼ ’ਚ ਹਾਥਰਸ ਦੇ ਥਾਣਾ ‘ਸਿਕੰਦਰਾ ਰਾਓ’ ਇਲਾਕੇ ਦੇ ਪਿੰਡ ‘ਰਤੀ ਭਾਨਪੁਰ ਫੁਲਰਈ’ ’ਚ ਇਕ ਅਖੌਤੀ ‘ਭੋਲੇ ਬਾਬਾ’ ਉਰਫ ‘ਨਾਰਾਇਣ ਸਾਕਾਰ ਹਰੀ’ ਦੇ ਪ੍ਰਵਚਨ-ਸਤਿਸੰਗ ’ਚ ਅਚਾਨਕ ਮਚੀ ਭਾਜੜ ਦੇ ਕਾਰਨ ਘੱਟੋ-ਘੱਟ 116 ਸ਼ਰਧਾਲੂਆਂ ਦੀ ਮੌਤ ਅਤੇ ਕਈ ਸ਼ਰਧਾਲੂ ਜ਼ਖਮੀ ਹੋ ਗਏ। ਸਤਿਸੰਗ ’ਚ 50 ਹਜ਼ਾਰ ਤੋਂ ਵੱਧ ਲੋਕਾਂ ਦੀ ਭੀੜ ਸੀ। 
ਸਤਿਸੰਗ ਦੇ ਲਈ ਜੋ ਭੰਡਾਲ ਬਣਾਇਆ ਗਿਆ ਸੀ, ਉਸ ਦਾ ਬਾਹਰ ਨਿਕਲਣ ਵਾਲਾ ਗੇਟ ਭੀੜਾ ਸੀ ਅਤੇ ਲਗਾਤਾਰ ਮੀਂਹ ਕਾਰਨ ਉੱਥੇ ਚਿੱਕੜ ਹੋ ਚੁੱਕਾ ਸੀ। ਪ੍ਰਵਚਨ ਖਤਮ ਹੋਣ ਦੇ ਬਾਅਦ ‘ਭੋਲੇ ਬਾਬਾ’ ਉਰਫ ‘ਨਾਰਾਇਣ ਸਾਕਾਰ ਹਰੀ’  ਦੇ ਪੈਰ ਛੂਹ ਕੇ ਆਸ਼ੀਰਵਾਦ  ਲੈਣ ਲਈ ਸ਼ਰਧਾਲੂ ਉਸ ਦੀ ਗੱਡੀ ਦੇ ਪਿੱਛੇ ਭੱਜੇ, ਜਿਸ ਕਾਰਨ ਭਾਜੜ ਮਚ ਗਈ ਜਿਸ ਨਾਲ ਲੋਕ ਸੜਕ ਦੇ ਕੰਢੇ ਚਿੱਕੜ ’ਚ ਡਿੱਗਣ ਲੱਗੇ ਅਤੇ ਪਿੱਛੇ ਵਾਲੇ ਲੋਕ ਉਨ੍ਹਾਂ ਨੂੰ ਦਰੜਦੇ ਚਲੇ ਗਏ। 
ਇਹ ਆਯੋਜਨ ‘ਮਾਨਵ ਮੰਗਲ ਸਦਭਾਵਨਾ ਸਮਾਗਮ ਸਮਿਤੀ’ ਵੱਲੋਂ ਕੀਤਾ ਗਿਆ, ਜਿਸ ਦੇ ਸਬੰਧ ’ਚ ਹਾਥਰਸ ’ਚ ਥਾਂ-ਥਾਂ ਪੋਸਟਰ ਲਾਏ ਗਏ ਸਨ, ਇਸ ਦਰਮਿਆਨ ਪ੍ਰਸ਼ਾਸਨ ਨੇ ਆਯੋਜਕਾਂ ਦੇ ਵਿਰੁੱਧ ਐੱਫ. ਆਈ. ਆਰ. ਦਰਜ ਕਰ  ਲਈ ਹੈ ਜਦਕਿ ‘ਬਾਬਾ’ ਫਰਾਰ ਹੈ। 
ਏਟਾ ਜ਼ਿਲੇ ਦੇ ‘ਪਟਿਆਲੀ’ ਦੇ ਪਿੰਡ ‘ਬਹਾਦਰਨਗਰ’ ’ਚ ਜਨਮੇ ਸੂਰਜ ਸਿੰਘ ਪਾਲ ਨੇ ਉੱਤਰ ਪ੍ਰਦੇਸ਼ ਪੁਲਸ ਦੀ ਨੌਕਰੀ ਛੱਡ ਕੇ ਸਤਿਸੰਗ ਸ਼ੁਰੂ ਕੀਤਾ ਅਤੇ ਕੁਝ ਸਮੇਂ ਬਾਅਦ  ਉਹ ‘ਸਾਕਾਰ ਵਿਸ਼ਵ ਹਰੀ ਭੋਲੇ ਬਾਬਾ’ ਅਖਵਾਉਣ ਲੱਗਾ। 
ਉਸ ਨੇ ‘ਪਟਿਆਲੀ’ ’ਚ ਆਪਣਾ ਆਸ਼ਰਮ ਬਣਾ ਲਿਆ। ਗਰੀਬ ਅਤੇ ਵਾਂਝੇ ਸਮਾਜ ’ਚ ਤੇਜ਼ੀ ਨਾਲ ਪ੍ਰਭਾਵ ਬਣਾਉਣ ਵਾਲੇ ‘ਭੋਲੇ ਬਾਬਾ’ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ ’ਚ ਹੈ ਜੋ ਉੱਤਰ ਪ੍ਰਦੇਸ਼ ਦੇ ਇਲਾਵਾ ਰਾਜਸਥਾਨ, ਹਰਿਆਣਾ, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ’ਚ ਫੈਲੇ ਹੋਏ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਸਾਬਕਾ ਡੀ. ਜੀ. ਪੀ. ਵਿਕ੍ਰਮ ਸਿੰਘ ਨੇ ਕਿਹਾ ਹੈ ਕਿ ਉੱਥੇ ਸੁਰੱਖਿਆ ਦੇ ਪ੍ਰਬੰਧ ਘੱਟ ਸਨ। ‘ਬਾਬਾ’ ਦੇ ਵਿਰੁੱਧ ਸੈਕਸ ਸ਼ੋਸ਼ਣ ਦੇ ਦੋਸ਼ ਸਮੇਤ ਕਈ ਅਪਰਾਧ ਦਰਜ ਹਨ। 
ਜਦੋਂ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਸਰਕਾਰ ਜਾਂਚ ਕਮੇਟੀ ਆਦਿ ਦੇ ਗਠਨ ਅਤੇ ਪੀੜਤਾਂ ਨੂੰ ਰਾਹਤ ਰਾਸ਼ੀ ਦੇਣ ਦਾ ਐਲਾਨ ਕਰ ਦਿੰਦੀ ਹੈ। ਉਕਤ ਘਟਨਾ ’ਚ ਵੀ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। 
ਸਰਕਾਰ ਨੇ ਇਸ ਘਟਨਾ ਦੀ  ਜਾਂਚ ਲਈ ਇਕ ਕਮੇਟੀ ਵੀ ਗਠਿਤ ਕਰ ਦਿੱਤੀ ਹੈ ਪਰ ਲੋੜ ਇਸ ਗੱਲ ਦੀ ਹੈ ਕਿ ਜੇਕਰ ਆਯੋਜਨ ਵਾਲੀ ਥਾਂ ’ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ’ਚ ਕੁਤਾਹੀ ਹੋਈ ਹੈ ਤਾਂ ਉਸ ਦੇ ਵਿਰੁੱਧ ਅਤੇ ਜੇਕਰ ਪ੍ਰੋਗਰਾਮ ਦੇ ਆਯੋਜਕਾਂ ਵੱਲੋਂ ਲਾਪ੍ਰਵਾਹੀ ਵਰਤੀ ਗਈ ਹੈ ਤਾਂ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।     

-ਵਿਜੇ ਕੁਮਾਰ 
 


Inder Prajapati

Content Editor

Related News