ਭਾਜਪਾ ਨੇਤਾ ਨਿਮਿਸ਼ਾ ਮਹਿਤਾ ਨੇ ਡਿਪਟੀ ਸਪੀਕਰ ’ਤੇ ਗ਼ਰੀਬਾਂ ਨੂੰ ਛੱਡ ਕੇ ਚਹੇਤਿਆਂ ਨੂੰ ਗੱਫੇ ਵੰਡਣ ਦੇ ਦੋਸ਼ ਲਾਏ

06/08/2023 10:34:42 AM

ਜਲੰਧਰ (ਵਿਸ਼ੇਸ਼)- ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਹਲਕੇ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ’ਤੇ ਉਨ੍ਹਾਂ ਦੇ ਰਿਜ਼ਰਵ ਕੋਟੇ ਦੀ ਗ੍ਰਾਂਟ ਦੀ ਦੁਰਵਰਤੋਂ ਕਰਕੇ ਅਤੇ ਗਰੀਬਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਚਹੇਤਿਆਂ ਦੇ ਮਕਾਨਾਂ ਦੀ ਉਸਾਰੀ ਦੇ ਨਾਂ ’ਤੇ 50-50 ਹਜ਼ਾਰ ਰੁਪਏ ਦੀ ਗ੍ਰਾਂਟ ਦੇ ਚੈੱਕ ਜਾਰੀ ਕਰਨ ਦੇ ਦੋਸ਼ ਲਾਏ ਹਨ। ਜਲੰਧਰ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਨਿਮਿਸ਼ਾ ਮਹਿਤਾ ਨੇ ਦੋਸ਼ ਲਾਇਆ ਕਿ ਸਾਲ 2022-23 ਦੇ ਅਖ਼ਤਿਆਰੀ ਕੋਟੇ ਦੇ ਨਿਯਮ ਨੰਬਰ 13 ਮੁਤਾਬਕ ਸਿਰਫ਼ ਨਵੇਂ ਮਕਾਨ ਦੀ ਉਸਾਰੀ ਲਈ 50 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਹਨ ਅਤੇ ਰਿਪੇਅਰ ਲਈ 15 ਹਜ਼ਾਰ ਰੁਪਏ ਦੀ ਰਕਮ ਜਾਰੀ ਕਰਨ ਦਾ ਨਿਯਮ ਹੈ ਪਰ ਜੈ ਕਿਸ਼ਨ ਰੋੜੀ ਪਹਿਲਾਂ ਤੋਂ ਪੱਕੇ ਮਕਾਨਾਂ ਵਿਚ ਰਹਿਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦੇ ਰਹੇ ਹਨ।
ਨਿਮਿਸ਼ਾ ਮਹਿਤਾ ਨੇ ਦਾਅਵਾ ਕੀਤਾ ਕਿ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੈ ਕਿਸ਼ਨ ਰੋੜੀ ਵਲੋਂ ਅਖਤਿਆਰੀ ਕੋਟੇ ਦੀ ਗ੍ਰਾਂਟ ’ਚੋਂ ਜਗਤਾਰ ਕਿਤਨਾ ਦੇ ਭਰਾ ਤੇ ਪਿਤਾ ਦੇ ਨਾਂ ’ਤੇ 50-50 ਹਜ਼ਾਰ ਰੁਪਏ ਦੇ 2 ਚੈੱਕ ਜਾਰੀ ਕੀਤੇ ਗਏ ਹਨ ਜਦੋਂਕਿ ਜਗਤਾਰ ਤੇ ਉਸ ਦੇ ਪਿਤਾ ਗਿਆਨ ਚੰਦ ਅਤੇ ਭਰਾ ਪਰਮਜੀਤ ਪਹਿਲਾਂ ਤੋਂ ਬਣੇ ਪੱਕੇ ਮਕਾਨ ਵਿਚ ਰਹਿੰਦੇ ਹਨ।

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਭਰਾ ਨੇ ਤੜਫ਼-ਤੜਫ਼ ਤੋੜਿਆ ਦਮ

ਨਿਮਿਸ਼ਾ ਨੇ ਦੋਸ਼ ਲਾਇਆ ਕਿ ਇਨ੍ਹਾਂ ਵਿਚੋਂ ਇਕ ਲਾਭਪਾਤਰੀ ਜਗਤਾਰ ਨੇ 25 ਮਈ ਨੂੰ ਨਵਾਂਸ਼ਹਿਰ ਵਿਚ ਰਾਣਾ ਟਰੈਕਟਰਜ਼ ਦੇ ਨਾਂ ਨਾਲ ਮੈਸੀ ਫਰਗੂਸਨ ਟਰੈਕਟਰ ਏਜੰਸੀ ਸ਼ੁਰੂ ਕੀਤੀ ਹੈ, ਜਿਸ ਦਾ ਉਦਘਾਟਨ ਬਾਕਾਇਦਾ ਡਿਪਟੀ ਸਪੀਕਰ ਦੀ ਮਾਤਾ ਅਤੇ ਡਿਪਟੀ ਸਪੀਕਰ ਪੰਜਾਬ ਨੇ ਖੁਦ ਕੀਤਾ ਹੈ। ਇਸ ਦੀਆਂ ਤਸਵੀਰਾਂ ਜੈ ਕਿਸ਼ਨ ਰੋੜੀ ਨੇ ਆਪਣੀ ਫੇਸਬੁੱਕ ਤੋਂ 25 ਮਈ 2023 ਨੂੰ ਸਾਂਝੀਆਂ ਕੀਤੀਆਂ ਸਨ। ਨਿਮਿਸ਼ਾ ਨੇ ਦੋਸ਼ ਲਾਇਆ ਕਿ ਪਿੰਡ ਝੂਣੋਵਾਲ ’ਚ ਆਮ ਆਦਮੀ ਪਾਰਟੀ ਦੇ ਕੱਟੜ ਸਮਰਥਕ ਗੁਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਪਿੰਡ ਖੁਰਾਲੀ ਨਿਵਾਸੀ ਗੁਰਭਾਗ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਵੀ 50-50 ਹਜ਼ਾਰ ਰੁਪਏ ਦਾ ਚੈੱਕ ਜਾਰੀ ਹੋਇਆ ਹੈ। ਇਨ੍ਹਾਂ ਵਿਚੋਂ ਗੁਲਜਿੰਦਰ ਸਿੰਘ ਦੀਆਂ ਪਹਿਲਾਂ ਤੋਂ 2 ਕੋਠੀਆਂ ਹਨ ਜਦੋਂਕਿ ਗੁਰਭਾਗ ਸਿੰਘ ਦੀ ਸ਼ਾਨਦਾਰ ਕੋਠੀ ਹੈ। ਇਸੇ ਤਰ੍ਹਾਂ ਪਿੰਡ ਇਬਰਾਹਿਮਪੁਰ ਵਿਚ ਪਹਿਲਾਂ ਤੋਂ ਪ੍ਰਧਾਨ ਮੰਤਰੀ ਯੋਜਨਾ ਦਾ ਲਾਭ ਲੈ ਰਹੀ ਸੁਰਿੰਦਰ ਕੌਰ ਪਤਨੀ ਕੇਵਲ ਸਿੰਘ ਨੂੰ ਵੀ 50 ਹਜ਼ਾਰ ਰੁਪਏ ਦਾ ਚੈੱਕ ਜਾਰੀ ਹੋਇਆ ਹੈ ਅਤੇ ਮਾਹਿਲਪੁਰ ਬਲਾਕ ਦੇ ਪਿੰਡ ਹਵੇਲੀ ਦੀ ਆਸਟ੍ਰੇਲੀਆ ਵਿਚ ਪੜ੍ਹ ਰਹੀ ਲੜਕੀ ਜਸਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਦੇ ਨਾਂ ’ਤੇ 50 ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਉਸ ਦੇ ਪਰਿਵਾਰ ਕੋਲ ਵਧੀਆ ਪੱਕਾ ਮਕਾਨ ਪਹਿਲਾਂ ਤੋਂ ਹੀ ਮੌਜੂਦ ਹੈ।

ਨਿਮਿਸ਼ਾ ਮਹਿਤਾ ਨੇ ਦੋਸ਼ ਲਾਇਆ ਕਿ ਇਹ ਆਪਣੇ-ਆਪ ਵਿਚ ਇਕ ਵੱਡਾ ਘਪਲਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੰਗ ਕੀਤੀ ਹੈ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਤੁਰੰਤ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੂੰ ਡਿਪਟੀ ਸਪੀਕਰ ਦੇ ਅਹੁਦੇ ਤੋਂ ਉਤਾਰਿਆ ਜਾਵੇ, ਨਹੀਂ ਤਾਂ ਉਹ ਅਫਸਰਾਂ ’ਤੇ ਦਬਾਅ ਬਣਾਉਣਗੇ ਅਤੇ ਸਹੀ ਜਾਂਚ ਨਹੀਂ ਹੋ ਸਕੇਗੀ।

ਮੈਂ ਕੋਈ ਘਪਲਾ ਨਹੀਂ ਕੀਤਾ, ਵਿਜੀਲੈਂਸ ਛੱਡ ਕੇ ਸੀ. ਬੀ. ਆਈ. ਜਾਂ ਈ. ਡੀ. ਤੋਂ ਜਾਂਚ ਕਰਵਾ ਲਓ: ਰੋੜੀ
ਇਸ ਵਿਚਾਲੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਨਿਮਿਸ਼ਾ ਮਹਿਤਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਾਮਲੇ ਵਿਚ ਕੋਈ ਘਪਲਾ ਨਹੀਂ ਕੀਤਾ। ਭਾਵੇਂ ਉਨ੍ਹਾਂ ਦੀ ਜਾਂਚ ਵਿਜੀਲੈਂਸ ਦੀ ਜਗ੍ਹਾ ਸੀ. ਬੀ. ਆਈ. ਤੇ ਈ. ਡੀ. ਤੋਂ ਕਰਵਾ ਲਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਲ ਵਿਚ 3 ਕਰੋੜ ਰੁਪਏ ਦੀ ਗ੍ਰਾਂਟ ਮਿਲਦੀ ਹੈ ਅਤੇ ਇਸ ਵਿਚੋਂ ਲਗਭਗ ਸਵਾ ਕਰੋੜ ਰੁਪਏ ਦੀ ਗ੍ਰਾਂਟ ਉਨ੍ਹਾਂ ਗੜ੍ਹਸ਼ੰਕਰ ਵਿਚ ਵੰਡੀ ਹੈ। ਇਨ੍ਹਾਂ ਸਵਾ ਕਰੋੜ ਰੁਪਿਆਂ ਵਿਚੋਂ ਇਕ ਵੀ ਰੁਪਏ ਦੀ ਗ੍ਰਾਂਟ ਉਨ੍ਹਾਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਨੂੰ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਉਨ੍ਹਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੇ ਮਕਾਨ ਕੱਚੇ ਸਨ ਅਤੇ ਵਰਖਾ ਦੇ ਦਿਨਾਂ ਵਿਚ ਇਨ੍ਹਾਂ ਦੀਆਂ ਛੱਤਾਂ ਚੋਂਦੀਆਂ ਸਨ।

ਇਹ ਵੀ ਪੜ੍ਹੋ- ਬਲੈਕਮੇਲਿੰਗ ਤੋਂ ਦੁਖੀ ਨੌਜਵਾਨ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਤੋਂ ਪਹਿਲਾਂ ਭੇਜੇ ਮੈਸੇਜ 'ਚ ਖੁੱਲ੍ਹ ਗਏ ਸਾਰੇ ਰਾਜ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News