2024 ਦੀਆਂ ਪਾਰਲੀਮੈਂਟ ਚੋਣਾਂ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਸੰਗਰੂਰ ’ਚ ਹੋਈ ਪਹਿਲੀ ਮੀਟਿੰਗ
Sunday, Jul 03, 2022 - 04:39 PM (IST)
ਸੰਗਰੂਰ(ਰਵੀ) : ਸੰਗਰੂਰ ਲੋਕ ਸਭਾ 'ਤੇ ਹੋਈ ਜ਼ਿਮਨੀ ਚੋਣ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਨੇ ਅੱਜ ਪਹਿਲੀ ਮੀਟਿੰਗ ਕਰ ਕੇ 2024 ਦੀਆਂ ਪਾਰਲੀਮੈਂਟ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਭਾਜਪਾ ਦੇ ਉਮੀਦਵਾਰ ਰਹੇ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੇ ਪਹਿਲੀ ਵਾਰ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਹਿੱਸਾ ਲਿਆ ਸੀ ਅਤੇ 1,800 ਬੂਥਾਂ 'ਤੇ ਭਾਜਪਾ ਵੱਲੋਂ ਬੂਥ ਵੀ ਲਾਏ ਗਏ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕਈ ਬੂਥਾਂ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਵੱਧ ਵੋਟਾਂ ਵੀ ਮਿਲਿਆ ਸਨ।
ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ’ਚ ਨਸ਼ੇ ਦੀ ਦਲ-ਦਲ ’ਚ ਫਸਿਆ ਮੁੰਡਾ, ਸੰਗਲਾਂ ਨਾਲ ਬੰਨ੍ਹਣ ਨੂੰ ਮਜਬੂਰ ਹੋਇਆ ਪਰਿਵਾਰ
ਪੰਜਾਬ ਬਜਟ ਬਾਰੇ ਗੱਲ ਕਰਦਿਆਂ ਢਿੱਲੋਂ ਨੇ ਕਿਹਾ ਕਿ ਬਜਟ 'ਚ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1 ਹਜ਼ਾਰ ਪ੍ਰਤੀ ਮਹੀਨੇ ਦਾ ਜੋ ਵਾਅਦਾ ਕੀਤਾ ਸੀ, ਉਸ 'ਤੇ ਆਮ ਆਦਮੀ ਪਾਰਟੀ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੂਰੇ ਬਜਟ 'ਚ ਇਸ ਬਾਰੇ ਕੋਈ ਵੀ ਵਿਵਸਥਾ ਨਹੀਂ ਕੀਤੀ ਗਈ। 'ਆਪ' ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦੇ 300 ਯੂਨਿਟ ਮੁਫ਼ਤ ਦੇਣ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਖ਼ਪਤਕਾਰਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੋ 'ਆਪ' ਸਰਕਾਰ ਵੱਲੋਂ 31 ਦਸੰਬਰ ਤੋਂ ਪਹਿਲਾਂ ਦੇ ਪਿਛਲੇ ਬਿਜਲੀ ਬਕਾਏ ਮੁਆਫ ਕੀਤੇ ਗਏ ਹਨ , ਉਸ ਦਾ ਵੀ ਕੁਝ ਖਾਸ ਫ਼ਾਇਦਾ ਲੋਕਾਂ ਨੂੰ ਨਹੀਂ ਹੋਵੇਗਾ ਕਿਉਂਕਿ ਉਹ ਤਾਂ ਕਾਂਗਰਸ ਦੀ ਸਾਬਕਾ ਸਰਕਾਰ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਹੀ ਕਰ ਦਿੱਤੇ ਸਨ। ਅਗਨੀਪਥ ਸਕੀਮ ਬਾਰੇ ਢਿੱਲੋਂ ਨੇ ਕਿਹਾ ਕਿ ਮੈਂ ਖੁਦ ਕੇਂਦਰ ਸਰਕਾਰ ਨੂੰ ਇਸ ਸਕੀਮ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ ਪਰ ਹੁਣ ਤੱਕ ਇਸ ਸਕੀਮ ਤਹਿਤ 4,00,000 ਨੌਜਵਾਨਾਂ ਨੇ ਭਰਤੀ ਲਈ ਅਪਲਾਈ ਕਰ ਦਿੱਤਾ ਹੈ। ਸੰਗਰੂਰ ਜ਼ਿਲ੍ਹੇ ਵਿਖੇ 10 ਮੈਡੀਕਲ ਕਾਲਜ ਬਣਾਉਣ ਦੇ 'ਆਪ' ਸਰਕਾਰ ਦੇ ਐਲਾਨ 'ਤੇ ਟਿੱਪਣੀ ਕਰਦਿਆਂ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੈਡੀਕਲ ਕਾਲਜਾਂ ਦੀ ਉਸਾਰੀ ਨਹੀਂ ਕਰ ਸਕਦੀ ਕਿਉਂਕਿ ਸਰਕਾਰ ਕੋਲ ਇੰਨਾ ਪੈਸਾ ਨਹੀਂ ਹੈ, ਜੋ ਕਿ ਮੈਡੀਕਲ ਕਾਲਜਾਂ 'ਤੇ ਖ਼ਰਚ ਕੀਤਾ ਜਾ ਸਕੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।