ਕਿਸਾਨੀ ਅੰਦੋਲਨ ''ਭਾਜਪਾ'' ਲਈ ਬਣਿਆ ਮੁਸੀਬਤ, ਇੰਨੇ ਫ਼ੀਸਦੀ ਸੀਟਾਂ ''ਤੇ ਲੜੇਗੀ ਚੋਣਾਂ
Friday, Feb 05, 2021 - 04:07 PM (IST)
ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦੇ ਦਰਮਿਆਨ ਪੰਜਾਬ 'ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਦੀਆਂ 14 ਫਰਵਰੀ ਨੂੰ ਪੈਣ ਜਾ ਰਹੀਆਂ ਵੋਟਾਂ ਦੌਰਾਨ 9 ਨਗਰ ਨਿਗਮਾਂ, 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ 2302 ਵਾਰਡਾਂ 'ਚ ਭਾਜਪਾ ਵੱਲੋਂ 670 ਉਮੀਦਵਾਰ ਖੜ੍ਹੇ ਕੀਤੇ ਗਏ ਹਨ।
ਜੇਕਰ ਸੱਤਾਧਾਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਲਈ 1652 ਉਮੀਦਵਾਰ ਮੈਦਾਨ 'ਚ ਉਤਾਰੇ ਗਏ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 1526, ਆਮ ਆਦਮੀ ਪਾਰਟੀ ਵੱਲੋਂ 1155 ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 102 ਉਮੀਦਵਾਰ ਚੋਣਾਂ ਲੜ ਰਹੇ ਹਨ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਜਪਾ ਨੇ 29 ਫ਼ੀਸਦੀ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : ਖਰੜ ਤੋਂ ਵੱਡੀ ਖ਼ਬਰ : ਬੇਰਹਿਮੀ ਨਾਲ ਪਤਨੀ ਦਾ ਕਤਲ ਕਰਕੇ ਭੱਜਿਆ ਪਤੀ, ਰਾਹ 'ਚ ਹਾਦਸੇ ਦੌਰਾਨ ਮੌਤ
ਦੂਜੇ ਪਾਸੇ ਕਾਂਗਰਸ ਵੱਲੋਂ 72 ਫ਼ੀਸਦੀ ਸੀਟਾਂ 'ਤੇ ਉਮੀਦਵਾਰਾਂ ਨੂੰ ਉਤਾਰਿਆ ਗਿਆ ਹੈ, ਜਦੋਂ ਕਿ ਅਕਾਲੀ ਦਲ ਦੇ 66 ਫ਼ੀਸਦੀ ਅਤੇ ਆਮ ਆਦਮੀ ਪਾਰਟੀ ਦੇ 49 ਫ਼ੀਸਦੀ ਉਮੀਦਵਾਰ ਚੋਣ ਮੈਦਾਨ 'ਚ ਹਨ। ਭਾਜਪਾ ਖ਼ਿਲਾਫ਼ ਲੋਕਾਂ 'ਚ ਗੁੱਸੇ ਦੀ ਲਹਿਰ ਨੂੰ ਦੇਖਦਿਆਂ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ ਅਤੇ ਇਹ ਦਾਅਵਾ ਕੀਤਾ ਹੈ ਕਿ ਇਹ ਚੋਣਾਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਛੋਟੀ ਜਿਹੀ ਰਾਏਸ਼ੁਮਾਰੀ ਹੋਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ 'ਮਿਡ-ਡੇਅ-ਮੀਲ' ਨੂੰ ਲੈ ਕੇ ਇਹ ਕੰਮ ਕਰਨਾ ਹੋਇਆ 'ਲਾਜ਼ਮੀ'
ਇਸ ਬਾਰੇ ਕਾਂਗਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਹੀ ਪਾਰਟੀ ਸਾਰੀਆਂ ਸੀਟਾਂ 'ਤੇ ਚੋਣਾਂ ਲੜ ਰਹੀ ਹੈ ਪਰ ਕੁੱਝ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਚ ਉਮੀਦਵਾਰਾਂ ਨੇ ਸਿਆਸੀ ਕਾਰਨਾਂ ਕਰਕੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਹਨ। ਦੱਸ ਦੇਈਏ ਕਿ 14 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ 'ਚ ਕੁੱਲ 39,15,280 ਵੋਟਰ ਹਿੱਸਾ ਲੈਣਗੇ। ਇਨ੍ਹਾਂ ਵੋਟਰਾਂ 'ਚ 20,49777 ਪੁਰਸ਼, 1865354 ਬੀਬੀਆਂ ਅਤੇ 149 ਟਰਾਂਸਜੈਂਡਰ ਸ਼ਾਮਲ ਹਨ।
ਨੋਟ : ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਹੀ ਭਾਜਪਾ ਵੱਲੋਂ ਨਿਗਮ ਚੋਣਾਂ ਲੜੇ ਜਾਣ ਬਾਰੇ ਤੁਹਾਡੀ ਕੀ ਹੈ ਰਾਏ