ਭਾਜਪਾ ਨੇ ਚੰਨੀ ’ਤੇ ਨਹੀਂ ਸਗੋਂ ਸਮੁੱਚੇ ਐੱਸ. ਸੀ. ਵਰਗ ’ਤੇ ਹਮਲਾ ਬੋਲਿਆ : ਵੇਰਕਾ

Friday, Jan 21, 2022 - 03:22 PM (IST)

ਭਾਜਪਾ ਨੇ ਚੰਨੀ ’ਤੇ ਨਹੀਂ ਸਗੋਂ ਸਮੁੱਚੇ ਐੱਸ. ਸੀ. ਵਰਗ ’ਤੇ ਹਮਲਾ ਬੋਲਿਆ : ਵੇਰਕਾ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ ਐੱਸ. ਸੀ. ਭਾਈਚਾਰੇ ਦੇ ਨੇਤਾ ਡਾ. ਰਾਜ ਕੁਮਾਰ ਵੇਰਕਾ ਨੇ ਈ. ਡੀ. ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ’ਤੇ ਮਾਰੇ ਗਏ ਛਾਪਿਆਂ ’ਤੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਇਹ ਹਮਲਾ ਮੁੱਖ ਮੰਤਰੀ ’ਤੇ ਨਹੀਂ, ਸਗੋਂ ਪੰਜਾਬ ਦੇ ਸਮੁੱਚੇ ਐੱਸ. ਸੀ. ਵਰਗ ’ਤੇ ਹੈ। ਸੀਨੀਅਰ ਕਾਂਗਰਸ ਨੇਤਾ ਅਲਕਾ ਲਾਂਬਾ ਦੇ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ’ਚ ਕਾਂਗਰਸ ਅਤੇ ਐੱਸ. ਸੀ. ਵਰਗ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਦੁੱਖ ਇਸ ਗੱਲ ਦਾ ਹੈ ਕਿ ਮੋਦੀ ਇਕ ਪਾਸੇ ਤਾਂ ਖੁਦ ਨੂੰ ਐੱਸ. ਸੀ. ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹਨ ਤਾਂ ਦੂਜੇ ਪਾਸੇ ਐੱਸ. ਸੀ. ਭਾਈਚਾਰੇ ਤੋਂ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ’ਤੇ ਆਪਣੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਉਨ੍ਹਾਂ ’ਤੇ ਛਾਪੇ ਮਰਵਾਉਂਦੇ ਹਨ। ਭਾਜਪਾ ਨੂੰ ਇਨ੍ਹਾਂ ਛਾਪਿਆਂ ਦੀ ਕੀਮਤ ਵਿਧਾਨ ਸਭਾ ਚੋਣ ’ਚ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਰਚੀ ਗਈ ਸਾਜ਼ਿਸ਼ ’ਚ ਸਿਰਫ ਭਾਜਪਾ ਹੀ ਸ਼ਾਮਲ ਨਹੀਂ ਹੈ ਸਗੋਂ ਇਸ ’ਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ’ਚ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਐੱਸ. ਸੀ. ਨੂੰ ਮੁੱਖ ਮੰਤਰੀ ਦੀ ਗੱਦੀ ਕਾਂਗਰਸ ਨੇ ਸੌਂਪੀ ਸੀ। ਇਹ ਗੱਲ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ ਹੈ ਅਤੇ ਉਹ ਐੱਸ. ਸੀ. ਮੁੱਖ ਮੰਤਰੀ ਦੇ ਖਿਲਾਫ ਪਿਛਲੇ ਕਾਫ਼ੀ ਸਮੇਂ ਤੋਂ ਸਾਜ਼ਿਸ਼ਾਂ ਰਚ ਰਹੀ ਸੀ। ਹੁਣ ਇਹ ਛਾਪੇ ਵੀ ਇਨ੍ਹਾਂ ਸਾਜ਼ਿਸ਼ਾਂ ਦਾ ਹਿੱਸਾ ਹਨ।

ਇਹ ਵੀ ਪੜ੍ਹੋ : ਪੰਜਾਬ ਮਾਡਲ ’ਚ ਦਾਲ, ਤੇਲ-ਬੀਜ, ਮੱਕੀ ਦੀ ਫਸਲ ’ਤੇ ਮਿਲੇਗਾ ਘੱਟ ਤੋਂ ਘੱਟ ਸਮਰਥਨ ਮੁੱਲ : ਨਵਜੋਤ ਸਿੱਧੂ

ਡਾ. ਵੇਰਕਾ ਨੇ ਕਿਹਾ ਕਿ ਭਾਜਪਾ ਤਾਂ ਦੇਸ਼ ’ਚ ਕਿਸੇ ਵੀ ਸੂਬੇ ’ਚ ਐੱਸ. ਸੀ. ਨੂੰ ਮੁੱਖ ਮੰਤਰੀ ਬਣਾ ਨਹੀਂ ਸਕੀ ਹੈ, ਇਸ ਲਈ ਉਹ ਪੰਜਾਬ ’ਚ ਮੁੱਖ ਮੰਤਰੀ ਚੰਨੀ ਦੀ ਵੱਧਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਉਨ੍ਹਾਂ ਦੇ ਖਿਲਾਫ ਸਾਜ਼ਿਸ਼ਾਂ ਰਚ ਰਹੀ ਹੈ। ਮੋਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰ੍ਹਾਂ ਚੰਨੀ ਨੂੰ ਬਦਨਾਮ ਕੀਤਾ ਜਾਵੇ। ਇਸ ਲਈ ਈ. ਡੀ. ਤੋਂ ਉਨ੍ਹਾਂ ਦੇ ਰਿਸ਼ਤੇਦਾਰਾਂ ’ਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਨੇ ਫਿਰੋਜ਼ਪੁਰ ’ਚ ਰੈਲੀ ਰੱਖੀ ਸੀ, ਜਿੱਥੇ 70,000 ਕੁਰਸੀਆਂ ਲਾਈਆਂ ਗਈਆਂ ਸੀ। ਰੈਲੀ ਵਾਲੀ ਥਾਂ ’ਤੇ ਸਿਰਫ 700 ਲੋਕ ਪੁੱਜੇ ਸਨ। ਭਾਜਪਾ ਦੀ ਰੈਲੀ ਬੁਰੀ ਤਰ੍ਹਾਂ ਫਲਾਪ ਹੋ ਗਈ ਅਤੇ ਪਹਿਲਾਂ ਤਾਂ ਭਾਜਪਾ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਰੌਲਾ-ਰੱਪਾ ਪਾਇਆ। ਜਦੋਂ ਇਸ ਨਾਲ ਵੀ ਗੱਲ ਨਹੀਂ ਬਣੀ ਤਾਂ ਈ. ਡੀ. ਦੀ ਦੁਰਵਰਤੋਂ ਕਰ ਕੇ ਚੰਨੀ ਦੇ ਰਿਸ਼ਤੇਦਾਰਾਂ ’ਤੇ ਛਾਪੇ ਮਾਰੇ ਗਏ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਾਜ਼ਿਸ਼ ’ਚ ਭਾਜਪਾ ਦੇ ਨਾਲ ਸ਼ਾਮਲ ਹਨ। ਕਾਂਗਰਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਸੀ, ਜਿਸ ਦਾ ਬਦਲਾ ਉਹ ਕਾਂਗਰਸ ਤੋਂ ਲੈਣਾ ਚਾਹੁੰਦੇ ਹਨ। ਦੂਜੇ ਪਾਸੇ ਅਕਾਲੀ ਦਲ ਵਾਲੇ ਵੀ ਮਜੀਠੀਆ ਦੇ ਖਿਲਾਫ ਕੇਸ ਦਰਜ ਹੋਣ ਤੋਂ ਪਰੇਸ਼ਾਨ ਸਨ, ਕਿਉਂਕਿ ਮੁੱਖ ਮੰਤਰੀ ਚੰਨੀ ਨੇ ਹੀ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ, ਇਸ ਲਈ ਉਹ ਚੰਨੀ ਦੇ ਖਿਲਾਫ ਵੀ ਸਾਜ਼ਿਸ਼ਾਂ ਰਚ ਰਹੇ ਸਨ। ਇਸ ਮੌਕੇ ਕਾਂਗਰਸ ਦੀ ਨੇਤਾ ਅਲਕਾ ਲਾਂਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਇਸ ਸਾਜ਼ਿਸ਼ ’ਚ ਸ਼ਾਮਲ ਹੈ ਅਤੇ ਉਸ ਨੂੰ ਭਾਜਪਾ ਦੇ ਖਿਲਾਫ ਬੋਲਣਾ ਚਾਹੀਦਾ ਸੀ ਪਰ ਉਹ ਤਾਂ ਭਾਜਪਾ ਸਰਕਾਰ ਦਾ ਸਾਥ ਦੇ ਰਹੀ ਹੈ।

ਇਹ ਵੀ ਪੜ੍ਹੋ : ਪਤਨੀ ਦੀ ਬੇਵਫਾਈ ਨਾ ਸਹਾਰ ਸਕਿਆ ਪਤੀ, ਕਰ ਲਈ ਖ਼ੁਦਕੁਸ਼ੀ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News