ਸਲਾਰੀਆ ਦੀ ਜਿੱਤ ਵਿਨੋਦ ਖੰਨਾ ਨੂੰ ਸੱਚੀ ਸ਼ਰਧਾਂਜਲੀ : ਰਾਮ ਲਾਲ

10/08/2017 11:01:38 AM

ਪਠਾਨਕੋਟ/ਗੁਰਦਾਸਪੁਰ (ਵਿਨੋਦ/ਸ.ਹ.) - ਭਾਜਪਾ ਦੇ ਕੌਮੀ ਸੰਗਠਨ ਮਹਾਮੰਤਰੀ ਰਾਮ ਲਾਲ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰ ਸਵਰਨ ਸਲਾਰੀਆ ਦੀ ਜਿੱਤ ਹੀ ਵਿਨੋਦ ਖੰਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 
ਅੱਜ ਪਠਾਨਕੋਟ 'ਚ ਸੁਵਿਧਾ ਰਾਇਲ ਪੈਲੇਸ ਅਤੇ ਗੁਰਦਾਸਪੁਰ 'ਚ ਪੀ. ਐੱਸ. ਗਾਰਡਨ 'ਚ ਰੱਖੇ ਜ਼ਿਲਾ ਪੱਧਰੀ ਬੂਥ ਵਰਕਰਜ਼ ਸੰਮੇਲਨ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਸਾਲਾ ਕਾਰਜਕਾਲ ਦੌਰਾਨ ਘਪਲਿਆਂ ਦੀ ਥਾਂ 'ਤੇ ਲੋਕ ਹਿੱਤ ਦੀਆਂ ਯੋਜਨਾਵਾਂ ਬਣੀਆਂ ਹਨ, ਜਦਕਿ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਦੌਰਾਨ ਹਰ ਦਿਨ ਇਕ ਨਵਾਂ ਘਪਲਾ ਹੁੰਦਾ ਸੀ। ਉਨ੍ਹਾਂ ਵਰਕਰਾਂ ਨੂੰ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਭਾਜਪਾ ਨਾਲ ਜੋੜਨ ਲਈ ਪ੍ਰੇਰਿਤ ਕੀਤਾ।
ਕੇਂਦਰੀ ਰਾਜ ਮੰਤਰੀ ਰਾਜਵਰਧਨ ਰਾਠੌਰ ਨੇ ਕਿਹਾ ਕਿ ਸਵ. ਵਿਨੋਦ ਖੰਨਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ 'ਚੋਂ ਲਗਾਤਾਰ ਚਾਰ ਵਾਰ ਜਿੱਤ ਕੇ ਇਕ ਰਿਕਾਰਡ ਬਣਾਇਆ। ਸਵ. ਖੰਨਾ ਭਾਜਪਾ ਦੇ ਸੱਚੇ ਸਿਪਾਹੀ ਸਨ। 
ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਗੱਠਜੋੜ ਉਮੀਦਵਾਰ ਸਲਾਰੀਆ ਦੀ ਜਿੱਤ ਤੈਅ ਹੈ, ਜਿਸ ਤੋਂ ਬੌਖਲਾ ਕੇ ਕਾਂਗਰਸੀ ਗੱਠਜੋੜ ਦੇ ਵਰਕਰਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਕਾਂਗਰਸ ਦੇ ਏਜੰਟ ਬਣਨ ਬਚਣ ਅਤੇ ਕਾਂਗਰਸ ਲਈ ਕੰਮ ਕਰਨਾ ਬੰਦ ਕਰ ਦੇਣ। 
ਕਵਿਤਾ ਖੰਨਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵ. ਵਿਨੋਦ ਖੰਨਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਗੁਰਦਾਸਪੁਰ ਸੰਸਦੀ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਸਲਾਰੀਆ ਨੂੰ ਜਿਤਾਉਣਾ ਜ਼ਰੂਰੀ ਹੈ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿਤਾ ਕਿ ਉਹ ਸਲਾਰੀਆ ਦੀ ਜਿੱਤ ਲਈ ਨਿੱਠ ਕੇ ਕੰਮ ਕਰਨ। ਲੋਕ ਸਭਾ ਹਲਕੇ ਦੇ ਚੋਣ ਇੰਚਾਰਜ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਧਾਇਕ ਦਿਨੇਸ਼ ਬੱਬੂ ਅਤੇ ਸਾਬਕਾ ਵਿਧਾਇਕ ਸੀਮਾ ਦੇਵੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦਾ ਅੰਤਿਮ ਪੜਾਅ ਸ਼ੁਰੂ ਹੋ ਚੁੱਕਾ ਹੈ ਅਤੇ ਵਰਕਰਾਂ ਦੇ ਉਤਸ਼ਾਹ ਅਤੇ ਮਿਹਨਤ ਦੀ ਬਦੌਲਤ ਸਵਰਨ ਸਲਾਰੀਆ ਦੀ ਜਿੱਤ ਯਕੀਨੀ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਮਾਣ ਪੂਰੀ ਦੁਨੀਆ 'ਚ ਵਧਾਇਆ ਹੈ। ਨੋਟਬੰਦੀ ਦੇ ਫੈਸਲੇ ਦੀ ਪ੍ਰਸ਼ੰਸਾ ਕਰਦਿਆਂ ਹਲਕਾ ਉਮੀਦਵਾਰ ਸਵਰਨ ਸਲਾਰੀਆ ਨੇ ਕਿਹਾ ਕਿ ਅਜਿਹਾ ਫੈਸਲਾ ਲੈ ਕੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਕਿਸੇ ਅੱਗੇ ਹੱਥ ਫੈਲਾਉਣ ਤੋਂ ਰੋਕਣ ਦਾ ਯਤਨ ਕੀਤਾ ਹੈ। ਜਿੱਤ ਹੋਵੇ ਜਾਂ ਹਾਰ ਪਰ ਉਹ ਇਲਾਕੇ ਦੇ ਵਿਕਾਸ ਲਈ ਅਤੇ ਵਰਕਰਾਂ ਦੇ ਦੁੱਖ-ਸੁੱਖ 'ਚ ਸਹਾਈ ਹੋਣ ਤੋਂ ਪਿੱਛੇ ਨਹੀਂ ਹਟਣਗੇ। 
ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ, ਸੂਬਾ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਕੇਸ਼ ਸ਼ਰਮਾ ਸਮੇਤ ਮੰਡਲ ਪ੍ਰਧਾਨ ਰੋਹਿਤ ਪੁਰੀ ਆਦਿ ਮੌਜੂਦ ਸਨ।


Related News