ਰਾਵਣ ਨੂੰ ਗਿਆਨ ਦਾ ਹੰਕਾਰ ਅਤੇ ਸ੍ਰੀ ਰਾਮ ਨੂੰ ਹੰਕਾਰ ਦਾ ਗਿਆਨ

Saturday, May 04, 2024 - 05:08 PM (IST)

ਰਾਵਣ ਨੂੰ ਗਿਆਨ ਦਾ ਹੰਕਾਰ ਅਤੇ ਸ੍ਰੀ ਰਾਮ ਨੂੰ ਹੰਕਾਰ ਦਾ ਗਿਆਨ

ਥੀਏਟਰ ਪੇਸ਼ਕਾਰੀ ‘ਹਮਾਰੇ ਰਾਮ’ ਨੂੰ ਦੇਖਣ ਦਾ ਮੌਕਾ ਮਿਲਿਆ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇਕ ਬਹੁਤ ਹੀ ਸ਼ਾਨਦਾਰ ਅਤੇ ਆਧੁਨਿਕ ਤਕਨੀਕ ਨੂੰ ਜੋੜ ਕੇ ਕੀਤਾ ਗਿਆ ਪ੍ਰਭਾਵਸ਼ਾਲੀ ਮੰਚਨ ਸੀ। ਇਸ ਦੇ ਨਿਰਦੇਸ਼ਕ ਦਿੱਲੀ ਦੇ ਗੌਰਵ ਭਾਰਦਵਾਜ ਅਤੇ ਉਨ੍ਹਾਂ ਦੀ ਟੀਮ ਵਧਾਈ ਦੀ ਪਾਤਰ ਹੈ।

ਰਾਮਰਾਜ ਦਾ ਆਧਾਰ

‘ਹਮਾਰੇ ਰਾਮ’ ਕੁਝ ਅਜਿਹੇ ਸਵਾਲ ਮਨ ’ਚ ਉਠਾਉਂਦੀ ਹੈ, ਜਿਨ੍ਹਾਂ ਦਾ ਉੱਤਰ ਯੁੱਗ ਬੀਤਣ ’ਤੇ ਵੀ ਨਹੀਂ ਮਿਲ ਸਕਿਆ। ਇਕ ਪਾਤਰ ਦਾ ਸੰਵਾਦ ਹੈ; ਰਾਵਣ ਨੂੰ ਆਪਣੇ ਗਿਆਨ ਦਾ ਹੰਕਾਰ ਸੀ ਅਤੇ ਰਾਮ ਨੂੰ ਹੰਕਾਰ ਦਾ ਗਿਆਨ ਸੀ। ਸੰਵਾਦ ਨਹੀਂ ਸਗੋਂ ਇਹ ਜੀਵਨ ਦਾ ਤੱਥ ਹੈ। ਬਿਨਾਂ ਸ਼ੱਕ ਰਾਮਰਾਜ ਦਾ ਆਧਾਰ ਵੀ ਇਹੀ ਹੈ।

ਸਮਝਦੇ ਹਾਂ ਕਿ ਕਿਵੇਂ ਅਤੇ ਇਕ ਉਦਾਹਰਣ ਨਾਲ ਕੋਸ਼ਿਸ਼ ਕਰਦੇ ਹਾਂ :

ਰਾਵਣ ਬਹੁਤ ਗਿਆਨੀ, ਪ੍ਰਤਾਪੀ, ਪੰਡਤ, ਮਹਾਬਲੀ ਅਤੇ ਤ੍ਰਿਲੋਕ ਜੇਤੂ ਸੀ। ਉਸ ਦੇ ਬਲ, ਬੁੱਧੀ ਅਤੇ ਯੁੱਧ ਕੌਸ਼ਲ ਦੇ ਸਾਹਮਣੇ ਕੋਈ ਟਿਕ ਨਹੀਂ ਪਾਉਂਦਾ ਸੀ। ਪੱਕਾ ਸ਼ਿਵ ਭਗਤ ਸੀ ਅਤੇ ਸਾਰੇ ਦੇਵਤਾ ਉਸ ਦੇ ਸਾਹਮਣੇ ਸਿਰ ਝੁਕਾਏ ਖੜ੍ਹੇ ਰਹਿੰਦੇ ਸਨ। ਜਦ ਕਿਸੇ ਨੂੰ ਆਪਣੀ ਬੁੱਧੀ ਅਤੇ ਸ਼ਕਤੀ ਦੇ ਇਸਤੇਮਾਲ ਨਾਲ ਹਰ ਤਰ੍ਹਾਂ ਦੇ ਸੁੱਖ- ਸਾਧਨ, ਅਸਤਰ-ਸ਼ਸਤਰ ਅਤੇ ਸਹੂਲਤਾਂ ਮਿਲ ਜਾਣ ਤਾਂ ਉਹ ਖੁਦ ਨੂੰ ਖੁਸ਼ਕਿਸਮਤ ਹੀ ਨਹੀਂ ਮਾਣਯੋਗ ਵੀ ਸਮਝੇਗਾ। ਹੁਣ ਇਹੀ ਮਾਣ ਜਦ ਸਿਰ ’ਤੇ ਚੜ੍ਹ ਜਾਏ ਅਤੇ ਆਪਣੀਆਂ ਪ੍ਰਾਪਤੀਆਂ ਦੇ ਗਿਆਨ ਦਾ ਹੰਕਾਰ ਹੋ ਜਾਵੇ ਤਾਂ ਇਸ ’ਚ ਹੈਰਾਨੀ ਕਿਸ ਗੱਲ ਦੀ ਹੈ? ਰਾਵਣ ਨੂੰ ਵੀ ਇਹੀ ਹੋਇਆ।

ਹੁਣ ਰਾਮ ਜੀ ਦੀ ਗੱਲ ਸਮਝਦੇ ਹਾਂ। ਉਹ ਇਕ ਰਾਜਵੰਸ਼ ’ਚ ਪੈਦਾ ਹੋਏ, ਰਾਜਪੁੱਤਰਾਂ ਵਾਂਗ ਸਿੱਖਿਆ ਹਾਸਲ ਕੀਤੀ। ਖੁਦ ਨੂੰ ਸਾਰੀਆਂ ਕਲਾਵਾਂ ’ਚ ਪੂਰਨ ਕੀਤਾ। ਅਨੇਕਾਂ ਵਿੱਦਿਆ ਸਿੱਖੀਆਂ, ਹਥਿਆਰ ਚਲਾਉਣੇ ਅਤੇ ਯੁੱਧ ਕੌਸ਼ਲ ਸਿੱਖਿਆ। ਰਾਜਾ ਜਨਕ ਦੇ ਕੋਲ ਸੀਤਾ ਸਵਯੰਵਰ ਲਈ ਰੱਖਿਆ ਧਨੁੱਸ਼ ਵੀ ਤੋੜ ਦਿੱਤਾ, ਜਿਸ ਨੂੰ ਰਾਵਣ ਵਰਗਾ ਪ੍ਰਤਾਪੀ ਹਿਲਾ ਵੀ ਨਹੀਂ ਸਕਿਆ। ਪਿਤਾ ਦੀ ਇਜਾਜ਼ਤ ਨਾਲ ਵਣਵਾਸੀ ਬਣੇ ਤਾਂ ਉੱਥੇ ਵੀ ਆਪਣੀ ਤਾਕਤ ਰਾਕਸ਼ਾਂ ਨੂੰ ਖਤਮ ਕਰਨ ਅਤੇ ਵਣਵਾਸੀਆਂ ਨੂੰ ਸੁਰੱਖਿਆ ਮੁਹੱਈਆ ਕਰਨ ’ਚ ਲਗਾਈ। ਇੱਥੋਂ ਤੱਕ ਕਿ ਜਦ ਸਮੁੰਦਰ ਪਾਰ ਕਰਨ ਦੀ ਲੋੜ ਪੈਦਾ ਹੋਈ ਤਾਂ ਉਸ ਦੇ ਹੰਕਾਰ ਦੇ ਸਾਹਮਣੇ ਪ੍ਰਾਰਥਨਾ ਕਰਦੇ ਰਹੇ ਜਦ ਨਹੀਂ ਮੰਨਿਆ ਤਾਂ ਸਜ਼ਾ ਦੇਣ ਲਈ ਖੜ੍ਹੇ ਹੋਏ। ਰਾਮ ਦੀ ਖਾਸ ਗੱਲ ਕੀ ਹੈ, ਉਹ ਹੈ ਹੰਕਾਰ ਦਾ ਗਿਆਨ। ਇਹੀ ਗਿਆਨ ਰਾਵਣ ’ਤੇ ਜਿੱਤ ਪ੍ਰਾਪਤ ਕਰਨ ਦਾ ਕਾਰਨ ਬਣਿਆ।

ਹੁਣ ਇਸ ਨੂੰ ਮੌਜੂਦਾ ਹਾਲਾਤ ’ਚ ਦੇਖਦੇ ਹਾਂ। ਆਜ਼ਾਦੀ ਦੀ ਲੜਾਈ ’ਚ ਬਹੁਤ ਲੋਕਾਂ ਨੇ ਹਿੱਸਾ ਪਾਇਆ, ਸਭ ਕੁਝ ਬਲਿਦਾਨ ਕੀਤਾ ਅਤੇ ਦੇਸ਼ ਆਜ਼ਾਦ ਹੋਇਆ। ਆਜ਼ਾਦੀ ਤੋਂ ਬਾਅਦ ਹੁੰਦਾ ਇਹ ਹੈ ਕਿ ਕੁਝ ਵਿਅਕਤੀਆਂ ਨੇ ਇਹ ਸਮਝ ਲਿਆ ਕਿ ਇਹ ਤਾਂ ਸਿਰਫ ਉਨ੍ਹਾਂ ਦੇ ਕਾਰਨ ਹੋਇਆ ਹੈ, ਇਸ ’ਚ ਕਿਸੇ ਹੋਰ ਨੇ ਆਪਣਾ ਛੋਟਾ-ਮੋਟਾ ਯੋਗਦਾਨ ਪਾਇਆ ਵੀ ਹੋਵੇਗਾ ਤਾਂ ਉਸ ਦਾ ਕੀ ਮੁੱਲ? ਵੱਧ ਤੋਂ ਵੱਧ ਉਸ ਨੂੰ ਸੁਤੰਤਰਤਾ ਸੈਨਾਨੀ ਦਾ ਸਰਟੀਫਿਕੇਟ ਜਾਂ ਤਮਗਾ ਮਿਲਣਾ ਚਾਹੀਦਾ ਹੈ। ਇਸ ਦੇਸ਼ ਨੂੰ ਚਲਾਉਣ ਦਾ ਅਧਿਕਾਰ ਸਿਰਫ ਸਾਨੂੰ ਹੈ, ਕਿਸੇ ਹੋਰ ਨੂੰ ਨਹੀਂ।

ਦੇਸ਼ ਨੂੰ ਆਧੁਨਿਕ ਅਤੇ ਇਕ ਮਜ਼ਬੂਤ ਦੇਸ਼ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਖਾਸ ਅਤੇ ਅਨੋਖੇ ਸਨ। ਆਪਣੇ ਨੇਤਾਵਾਂ ਦੇ ਬਲਿਦਾਨ ਅਤੇ ਰਾਸ਼ਟਰ ਨਿਰਮਾਣ ’ਚ ਆਪਣੇ ਯੋਗਦਾਨ ਦਾ ਮਾਣ ਇਸ ਤਰ੍ਹਾਂ ਹੋਇਆ ਕਿ ਹਰ ਤਰ੍ਹਾਂ ਦੇ ਅਧਿਕਾਰ ਹਾਸਲ ਕਰ ਲਏ। ਮਤਲਬ ਇਹ ਕਿ ਕੁਝ ਲੋਕਾਂ ਨੂੰ ਆਪਣੇ ਪੂਰਵਜਾਂ ਵਲੋਂ ਕੀਤੇ ਕੰਮਾਂ ਅਤੇ ਅੰਗ੍ਰੇਜ਼ਾਂ ਨੂੰ ਭਜਾਉਣ ’ਚ ਉਨ੍ਹਾਂ ਦੀ ਭੂਮਿਕਾ ਦੇ ਗਿਆਨ ਨੇ ਕੁਝ ਹੀ ਸਮੇਂ ’ਚ ਉਨ੍ਹਾਂ ’ਚ ਇੰਨਾ ਹੰਕਾਰ ਭਰ ਦਿੱਤਾ ਕਿ ਉਹ ਖੁਦ ਨੂੰ ਸਰਵਸ਼ਕਤੀਮਾਨ ਸਮਝਣ ਲੱਗ ਪਏ ਕਿ ਉਨ੍ਹਾਂ ਨੂੰ ਕੋਈ ਹਰਾ ਹੀ ਨਹੀਂ ਸਕਦਾ। ਆਮ ਨਾਗਰਿਕ ਦੇ ਦੁੱਖ, ਉਸ ਦੀਆਂ ਚੀਕਾਂ ਅਤੇ ਬੇਬਸੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਾ ਰਿਹਾ।

ਹੁਣ ਇੱਥੇ ਰਾਵਣ ਦੀ ਗੱਲ ਕਰੀਏ, ਜਿਸ ਦਾ ਸਰਵਨਾਸ਼ ਉਸ ਦੇ ਗਿਆਨ ਦੇ ਹੰਕਾਰ ਦੇ ਕਾਰਨ ਹੋਇਆ ਸੀ। ਮੌਜੂਦਾ ਸਮੇਂ ’ਚ ਜਿਸ ਨੂੰ ਹੰਕਾਰ ਦਾ ਗਿਆਨ ਸੀ, ਉਸ ਨੂੰ ਰਾਮ ਦੇ ਵਾਂਗ ਜਿੱਤ ਮਿਲੀ, ਇਸ ਦਾ ਮਤਲਬ ਇਹੀ ਹੈ ਕਿ ਰਾਮਰਾਜ ਦੀ ਨੀਂਹ ਗਿਆਨ ਦੇ ਹੰਕਾਰ ਬਨਾਮ ਹੰਕਾਰ ਦੇ ਗਿਆਨ ’ਤੇ ਹੀ ਟਿਕੀ ਹੈ।

ਨਾਰੀ ਦਾ ਅਪਮਾਨ, ਵਿਨਾਸ਼ ਦਾ ਕਾਰਨ

‘ਹਮਾਰੇ ਰਾਮ’ ਦਾ ਕਿੱਸਾ ਹੈ। ਇਸ ’ਚ ਰਾਵਣ ਵਲੋਂ ਰੰਬਾ ਨਾਲ ਕੀਤੇ ਜਬਰ-ਜ਼ਨਾਹ ਕਾਰਨ ਉਸ ਨੂੰ ਸਰਾਪ ਮਿਲਿਆ ਸੀ। ਸਰਾਪ ਇਹ ਸੀ ਕਿ ਜਿਵੇਂ ਹੀ ਉਹ ਕਿਸੇ ਅੌਰਤ ਨੂੰ ਉਸ ਦੀ ਇੱਛਾ ਦੇ ਵਿਰੁੱਧ ਛੂਹ ਵੀ ਲਵੇਗਾ ਤਾਂ ਉਸ ਦਾ ਸਿਰ ਟੁਕੜੇ-ਟੁਕੜੇ ਹੋ ਜਾਵੇਗਾ। ਰਾਵਣ ਨੇ ਧੋਖੇ ਨਾਲ ਸੀਤਾ ਨੂੰ ਅਗਵਾ ਤਾਂ ਕਰ ਲਿਆ ਪਰ ਉਹ ਸੀਤਾ ਨੂੰ ਆਪਣੀ ਪਤਨੀ ਬਣਾਉਣ ਲਈ ਤਰਲੇ-ਮਿੰਨਤਾਂ ਹੀ ਕਰਦਾ ਰਿਹਾ, ਛੂਹ ਨਹੀਂ ਸਕਿਆ ਕਿਉਂਕਿ ਉਸ ਨੂੰ ਮੌਤ ਦਾ ਡਰ ਸੀ।

ਇਕ ਦੂਜਾ ਕਿੱਸਾ ਹੈ। ਰਾਵਣ ਨੇ ਆਪਣੀ ਭੈਣ ਸਰੂਪਨਖਾ ਦੇ ਪਤੀ ਦੀ ਹੱਤਿਆ ਕਰ ਦਿੱਤੀ ਅਤੇ ਉਸ ਨੂੰ ਕਹਿ ਦਿੱਤਾ ਿਕ ਉਹ ਉਸ ਦੀ ਭੈਣ ਦੇ ਰੂਪ ’ਚ ਕਿਤੇ ਆ ਜਾ ਸਕਦੀ ਹੈ। ਹੁਣ ਜਿਸ ਦੇ ਪਤੀ ਦੀ ਹੱਤਿਆ ਹੋਈ ਹੋਵੇ ਤਾਂ ਉਹ ਕਿਵੇਂ ਚੁੱਪ ਬੈਠਦੀ। ਉਹ ਆਪਣੇ ਭਰਾ ਰਾਵਣ ਦੀ ਮੌਤ ਦੇ ਉਪਾਅ ਸੋਚਣ ਲੱਗੀ ਜਦ ਉਸ ਨੂੰ ਰਾਮ, ਲਛਮਣ ਅਤੇ ਸੀਤਾ ਦੇ ਵਣਵਾਸੀਆਂ ਵਾਂਗ ਰਹਿਣ ਬਾਰੇ ਪਤਾ ਲੱਗਾ ਤਾਂ ਉਸ ਨੂੰ ਇਸ ’ਚ ਆਪਣੀ ਇੱਛਾ ਪੂਰੀ ਹੋਣ ਦੇ ਆਸਾਰ ਦਿਸੇ। ਉਸ ਨੇ ਸੋਚਿਆ ਕਿ ਜੇ ਰਾਵਣ ਦੇ ਮਨ ’ਚ ਇਹ ਗੱਲ ਬਿਠਾ ਦਿੱਤੀ ਜਾਵੇ ਕਿ ਸੀਤਾ ਵਰਗੀ ਸੋਹਣੀ ਅੌਰਤ ਤਾਂ ਸਿਰਫ ਉਸ ਦੇ ਕੋਲ ਹੋਣ ਦੇ ਯੋਗ ਹੈ ਤਾਂ ਉਹ ਜ਼ਰੂਰ ਹੀ ਸੀਤਾ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।

ਇਹੀ ਹੋਇਆ ਅਤੇ ਉਹ ਸੀਤਾ ਨੂੰ ਅਗਵਾ ਕਰ ਕੇ ਲੈ ਗਿਆ। ਆਪਣੀ ਮੌਤ ਦਾ ਖੁਦ ਕਾਰਨ ਬਣਿਆ। ਮਹਾਗਿਆਨੀ ਹੋਣ ਦੇ ਨਾਤੇ ਉਸ ਨੂੰ ਆਪਣੇ ਅਤੇ ਪਰਿਵਾਰ ਦੇ ਸਾਰੇ ਬੁਰੇ ਕਰਮਾਂ ਦਾ ਗਿਆਨ ਸੀ। ਉਹ ਜਾਣਦਾ ਸੀ ਕਿ ਉਸ ਦੀ ਮੌਤ ਪ੍ਰਭੂ ਸ਼੍ਰੀ ਰਾਮ ਦੇ ਹੱਥੋਂ ਹੋਣੀ ਹੈ ਅਤੇ ਉਸ ਦੇ ਪਾਪ ਕਟ ਜਾਣਗੇ ਅਤੇ ਮੋਕਸ਼ ਪ੍ਰਾਪਤ ਹੋ ਜਾਵੇਗਾ। ਰਾਵਣ ਨੇ ਰਾਮ ਨਾਲ ਦੁਸ਼ਮਣੀ ਕੀਤੀ ਅਤੇ ਆਪਣੀ ਮੁਕਤੀ ਦੀ ਯੋਜਨਾ ਬਣਾ ਕੇ ਉਸ ’ਚ ਸਫਲਤਾ ਹਾਸਲ ਕੀਤੀ।

ਗਿਆਨ ਦਾ ਸਨਮਾਨ

ਮੌਤ ਦਾ ਇੰਤਜ਼ਾਰ ਕਰਦੇ ਰਾਵਣ ਤੋਂ ਨੀਤੀ , ਰਾਜਨੀਤੀ ਦਾ ਪਾਠ ਪੜ੍ਹਨ ਅਤੇ ਉਸ ਦੇ ਗਿਆਨ ਤੋਂ ਲਾਭ ਲੈਣ ਲਈ ਰਾਮ ਨੇ ਲਛਮਣ ਨੂੰ ਭੇਜਿਆ। ਲਛਮਣ ਆਪਣੇ ਮਾਣ ’ਚ ਭਰਿਆ ਪਿਆ ਸੀ, ਉਸ ਨੇ ਸਿਰਹਾਨੇ ਖੜ੍ਹੇ ਹੋ ਕੇ ਸਖਤ ਸ਼ਬਦਾਂ ਨਾਲ ਗਿਆਨ ਦੇਣ ਦਾ ਹੁਕਮ ਦਿੱਤਾ।

ਰਾਵਣ ਨੇ ਦੇਖਿਆ ਵੀ ਨਹੀਂ, ਗੁੱਸੇ ਹੋ ਕੇ ਲਛਮਣ ਰਾਮ ਕੋਲ ਗਏ ਤਾਂ ਰਾਮ ਨੇ ਕਿਹਾ ਕਿ ਗਿਆਨ ਪ੍ਰਾਪਤ ਕਰਨਾ ਹੈ ਤਾਂ ਗੁਰੂ ਦੇ ਸਾਹਮਣੇ ਵਿਦਿਆਰਥੀ ਬਣ ਕੇ ਅਤੇ ਹੱਥ ਜੋੜ ਕੇ ਨਿਮਰ ਰੂਪ ’ਚ ਜਾਣਾ ਹੁੰਦਾ ਹੈ। ਅਜਿਹਾ ਕਰਨ ’ਤੇ ਹੀ ਰਾਵਣ ਨੇ ਗਿਆਨ ਦਿੱਤਾ। ਇਹ ਕਿੱਸਾ ਵੀ ਹੈ। ਸਮੁੰਦਰ ਦੇ ਕੰਢੇ ’ਤੇ ਸ਼ਿਵਲਿੰਗ ਦੀ ਸਥਾਪਨਾ ਲਈ ਰਾਮ ਨੇ ਪੰਡਿਤ ਅਤੇ ਸਰਵਸ੍ਰੇਸ਼ਠ ਪੁਰੋਹਿਤ ਰਾਵਣ ਨੂੰ ਸੱਦਾ ਦਿੱਤਾ। ਇਹ ਸਥਾਨ ਰਾਮੇਸ਼ਵਰਮ ਕਹਿਲਾਇਆ। ਇਸ ਦਾ ਮਤਲਬ ਇਹੀ ਹੈ ਕਿ ਗਿਆਨ ਹੀ ਸਭ ਤੋਂ ਉੱਤਮ ਹੈ, ਇਸ ਦੀ ਸਹੀ ਵਰਤੋਂ ਅਤੇ ਗਲਤ ਵਰਤੋਂ ਦੋਵੇਂ ਹੀ ਹੋ ਸਕਦੀਆਂ ਹਨ। ਜ਼ਰਾ ਸੋਚੋ ਕਿ ਆਪਣੇ ਗਿਆਨ ਦੇ ਹੰਕਾਰ ’ਚ ਅਮਰੀਕਾ ਹਿਰੋਸ਼ੀਮਾ ਅਤੇ ਨਾਗਾਸਾਕੀ ’ਤੇ ਬੰਬ ਡਿਗਾ ਸਕਦਾ ਹੈ ਅਤੇ ਇਹੀ ਅਣੂ ਸ਼ਕਤੀ ਸੰਸਾਰ ਲਈ ਵਰਦਾਨ ਹੈ।

ਦੇਸ਼ ਦੀ ਨੀਤੀ , ਰਾਜਨੀਤੀ, ਸੰਵਿਧਾਨ, ਕਾਨੂੰਨ ਅਤੇ ਪ੍ਰਸ਼ਾਸਨਿਕ ਵਿਵਸਥਾ, ਭਾਵੇਂ ਰਾਜਾ ਰਾਮਚੰਦਰ ਹੋਣ, ਰਾਕਸ਼ਸ ਰਾਜ ਰਾਵਣ ਹੋਵੇ ਜਾਂ ਫਿਰ ਮੌਜੂਦਾ ਭਾਰਤੀ ਸਿਆਸੀ ਵਿਵਸਥਾ ਹੋਵੇ, ਕੇਂਦਰ ਹੋਵੇ ਜਾਂ ਸੂਬਾ, ਰਾਸ਼ਟਰੀ ਦਲ ਹੋਣ ਜਾਂ ਸੂਬਾਈ, ਸਵਦੇਸ਼ੀ ਵਿਚਾਰਧਾਰਾ ’ਤੇ ਆਧਾਰਿਤ ਹੋਣ ਜਾਂ ਵਿਦੇਸ਼ੀ ਜਿਵੇਂ ਕਮਿਊਨਿਸਟ ਅਤੇ ਕੈਪੀਟਲਿਸਟ ਜਾਂ ਮੋਨਾਰਕ, ਉਨ੍ਹਾਂ ਨੂੰ ਨਿਆਂ, ਨੈਤਿਕਤਾ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਦੀ ਨੀਤੀ ’ਤੇ ਹੀ ਚੱਲਣਾ ਪਵੇਗਾ ਨਹੀਂ ਤਾਂ ਨਿਘਾਰ ਯਕੀਨੀ ਹੈ।


author

Tanu

Content Editor

Related News