ਭਾਜਪਾ ਦੀ ਬਰਾਤ ''ਚ ਨੱਚਣਾ ਚਾਹੁੰਦੇ ਤਾਂ ਸੰਸਦ ਮੈਂਬਰ ਦਾ ਸਵਾਗਤ : ਮਲਿਕ
Sunday, Dec 24, 2017 - 01:18 PM (IST)
ਅੰਮ੍ਰਿਤਸਰ (ਕੁਮਾਰ) - ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਅੰਮ੍ਰਿਤਸਰ-ਨਾਂਦੇੜ ਸਾਹਿਬ ਫਲਾਈਟ ਨੂੰ ਸ਼ੁਰੂ ਕਰਵਾਉਣ ਲਈ ਰਾਜਨੀਤਕ ਸਿਹਰਾ ਲੈਣ ਲਈ ਚੱਲ ਰਹੀ ਰੱਸਾਕਸ਼ੀ 'ਚ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਇੰਜ. ਸ਼ਵੇਤ ਮਲਿਕ ਨੇ ਭਾਵੇਂ ਲੋਕ ਸਭਾ ਐੱਮ. ਪੀ. ਗੁਰਜੀਤ ਸਿੰਘ ਔਜਲਾ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ 'ਤੇ ਰਾਜਨੀਤਕ ਚੋਟ ਕਰਦਿਆਂ ਕਿਹਾ ਕਿ ਜੇਕਰ ਉਹ ਭਾਜਪਾ ਵੱਲੋਂ ਸਜਾਈ ਬਰਾਤ ਵਿਚ ਨੱਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਉਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣਗੇ ਤਾਂ ਉਹ ਉਨ੍ਹਾਂ ਦਾ ਸਵਾਗਤ ਕਰਨਗੇ ਕਿਉਂਕਿ ਉਨ੍ਹਾਂ ਨੂੰ ਕਾਂਗਰਸ ਤੋਂ ਕੋਈ ਉਮੀਦ ਨਹੀਂ ਅਤੇ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਮਨ ਬਦਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਦੇ ਸਮੇਂ ਏਅਰਪੋਰਟ ਦਾ ਪੱਧਰ ਹੇਠਾਂ ਡੇਗਿਆ ਸੀ ਅਤੇ ਕਾਂਗਰਸ ਦਾ ਐੱਮ. ਪੀ. 2010 ਵਿਚ ਫਲਾਈਟ ਬੰਦ ਹੋਣ ਦੀ ਨਿੰਦਾ ਕਰ ਰਿਹਾ ਸੀ, ਜਦੋਂ ਕਿ ਕੇਂਦਰ ਵਿਚ ਕਾਂਗਰਸ ਦੀ ਹੀ ਸਰਕਾਰ ਸੀ। ਉਨ੍ਹਾਂ ਨੂੰ ਤਾਂ ਫਲਾਈਟਸ ਬੰਦ ਹੋਣ 'ਤੇ ਪਛਤਾਵਾ ਕਰਨਾ ਚਾਹੀਦਾ ਹੈ ਅਤੇ ਅੰਮ੍ਰਿਤਸਰ ਨਿਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਐੱਮ. ਪੀ. ਕ੍ਰੈਡਿਟ-ਸ਼ੇਅਰਿੰਗ ਦੀ ਜੰਗ ਵਿਚ ਹਨ ਅਤੇ ਉਨ੍ਹਾਂ ਨੂੰ ਫਾਲੋ ਕਰ ਰਹੇ ਹਨ। ਕਦੇ ਉਨ੍ਹਾਂ ਦੇ ਪਿੱਛੇ ਰੇਲਵੇ ਸਟੇਸ਼ਨ, ਕਦੇ ਏਅਰਪੋਰਟ ਤੇ ਕਦੇ ਹੋਰ ਥਾਵਾਂ 'ਤੇ ਪਹੁੰਚ ਜਾਂਦੇ ਹਨ। ਜੇਕਰ ਉਨ੍ਹਾਂ ਨੇ ਅੰਮ੍ਰਿਤਸਰ-ਬਰਮਿੰਘਮ ਫਲਾਈਟ ਲਈ ਬੋਰਡ ਲਾਏ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਛੋਟਾ ਭਰਾ ਉਨ੍ਹਾਂ ਨੂੰ ਫਾਲੋ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਐੱਮ. ਪੀ. ਨੂੰ ਫਾਲੋ ਕਰੋ ਕਿਉਂਕਿ ਕਾਂਗਰਸ ਤੋਂ ਉਨ੍ਹਾਂ ਨੂੰ ਵੀ ਕੋਈ ਉਮੀਦ ਨਹੀਂ।
ਉਨ੍ਹਾਂ ਕਿਹਾ ਕਿ ਯੂ. ਪੀ. ਏ. ਸਰਕਾਰ ਨੇ 2010 ਵਿਚ ਇਸ ਏਅਰਪੋਰਟ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਏਅਰਪੋਰਟ 'ਤੇ ਇਕ ਪ੍ਰਾਈਵੇਟ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਅੰਮ੍ਰਿਤਸਰ-ਲੰਡਨ, ਅੰਮ੍ਰਿਤਸਰ-ਸਿੰਗਾਪੁਰ ਫਲਾਈਟਸ ਨੂੰ ਖਤਮ ਕਰ ਦਿੱਤਾ ਤਾਂ ਕਿ ਕਾਰਗੋ ਦੀ ਇਨਕਮ ਦਿੱਲੀ ਏਅਰਪੋਰਟ ਰਾਹੀਂ ਉਸ ਪ੍ਰਾਈਵੇਟ ਕੰਪਨੀ ਨੂੰ ਮਿਲੇ। ਇਹ ਗੁਰੂ ਨਗਰੀ ਦੇ ਨਿਵਾਸੀਆਂ ਨਾਲ ਬਹੁਤ ਵੱਡਾ ਧੋਖਾ ਸੀ। ਜਦੋਂ ਉਹ ਰਾਜ ਸਭਾ ਮੈਂਬਰ ਬਣੇ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਅੰਮ੍ਰਿਤਸਰ ਦੇ ਏਅਰਪੋਰਟ ਨੂੰ ਪ੍ਰਫੁੱਲਿਤ ਕਰਨਗੇ ਅਤੇ ਉਹ ਇਸ 'ਤੇ ਕੰਮ ਕਰ ਰਹੇ ਹਨ।
ਉਥੇ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ, ਅਸ਼ੋਕ ਗਜਾਪਤੀ ਰਾਜੂ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਦਾ ਏਅਰਪੋਰਟ 55 ਕਰੋੜ ਦੇ ਘਾਟੇ ਤੋਂ ਉਭਰ ਕੇ 30 ਕਰੋੜ ਦੇ ਘਾਟੇ 'ਤੇ ਆ ਗਿਆ ਹੈ, ਜਿਸ ਵਿਚ ਪਹਿਲਾ ਸਿਸਟਮ ਕੈਟ-3 ਬੀ ਲਾਈਟਿੰਗ ਲੱਗਾ ਤੇ ਦੂਜਾ ਨਵੀਂ ਏਅਰ ਸਟ੍ਰਿਪ ਬਣੀ ਹੈ, ਜਿਸ 'ਤੇ ਕਿਸੇ ਵੀ ਕਪੈਸਟੀ ਦਾ ਜਹਾਜ਼ ਉਤਰ ਸਕਦਾ ਹੈ ਅਤੇ ਇਸ ਕੰਮ 'ਤੇ 150 ਕਰੋੜ ਰੁਪਏ ਖਰਚ ਹੋਏ ਹਨ। ਤੀਜਾ ਪ੍ਰਾਜੈਕਟ ਪਹਿਲੀ ਮੰਜ਼ਿਲ 'ਤੇ ਡਿਊਟੀ ਫ੍ਰੀ ਸ਼ਾਪਸ ਬਣਨਗੀਆਂ, ਵੱਖ-ਵੱਖ ਏਅਰਲਾਈਨਸ ਦੀ ਵੇਟਿੰਗ ਲਾਂਜਿਸ ਬਣਨਗੀਆਂ, ਕਮਰਸੀਅਲ ਸ਼ਾਪਸ ਹੋਣਗੀਆਂ ਅਤੇ ਫੂਡ ਕੋਰਟ ਹੋਣਗੇ। ਟੂਰਿਸਟਾਂ ਲਈ ਰੇਨ ਸ਼ੈਲਟਰ ਬਣੇਗਾ। ਪਾਰਕਿੰਗ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮਲਟੀ ਸਟੋਰੀ ਪਾਰਕਿੰਗ ਬਣੇਗੀ। ਏਅਰਪੋਰਟ ਦੇ ਨਾਲ ਖਾਲੀ ਥਾਂ 'ਤੇ 5 ਅਤੇ 3 ਸਟਾਰ ਹੋਟਲ ਨਾਲ ਸ਼ਾਪਿੰਗ ਮਾਲ ਬਣਾਉਣ ਦੀ ਤਜਵੀਜ਼ ਹੈ।
