ਦਿੱਲੀ ''ਚ ਅਕਾਲੀਆਂ ਦੇ ਹਸ਼ਰ ਮਗਰੋਂ ਬਾਦਲਾਂ ਦਾ ਸਿਆਸੀ ਪਤਨ ਸ਼ੁਰੂ : ਬੈਂਸ
Tuesday, Jan 21, 2020 - 06:53 PM (IST)
ਸਮਰਾਲਾ (ਗਰਗ, ਬੰਗੜ) : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਵੱਲੋਂ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਨ ਤੋਂ ਇਨਕਾਰ ਕਰਨ ਮਗਰੋਂ ਅਕਾਲੀ ਦਲ ਦੀ ਮਾੜੀ ਹਾਲਤ 'ਤੇ ਸਿਆਸੀ ਹਮਲਾ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਬਾਦਲਾਂ ਦੀ ਸਿਆਸਤ ਦਾ ਪਤਨ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹੁਣ ਇਹ ਸਮਝ ਆ ਚੁੱਕੀ ਹੈ ਕਿ ਅਕਾਲੀ ਦਲ ਦੀ ਹਾਲਤ ਚੌਟਾਲਿਆਂ ਦੀ ਪਾਰਟੀ ਨਾਲੋਂ ਵੀ ਮਾੜੀ ਹੋ ਚੁੱਕੀ ਹੈ ਅਤੇ ਭਾਜਪਾ ਬਾਦਲਾਂ ਨਾਲੋਂ ਮੂੰਹ ਫ਼ੇਰ ਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੀ ਇਕੱਲੇ ਲੜਨ ਲਈ ਆਪਣੇ ਪਰ ਤੋਲ ਰਹੀ ਹੈ।
ਇਥੇ ਇਕ ਸਮਾਗਮ 'ਚ ਪੁੱਜੇ ਬੈਂਸ ਨੇ ਕਿਹਾ ਕਿ ਪੰਜਾਬ ਦੀ ਭਲਾਈ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਰਾਜਨੀਤਕ ਆਗੂ ਇਕ ਨਵੇਂ ਪਲੇਟਫ਼ਾਰਮ 'ਤੇ ਇਕੱਠੇ ਹੋਣਗੇ ਅਤੇ ਇਹ ਦਲ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਕੰਮ ਕਰੇਗਾ। ਉਨ੍ਹਾਂ ਅਕਾਲੀ ਦਲ ਤੋਂ ਵੱਖ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਬਾਰੇ ਗੱਲ ਕਰਦਿਆਂ ਕਿਹਾ ਕਿ ਭਵਿੱਖ ਵਿਚ ਚੰਗੇ ਅਤੇ ਸਾਫ਼-ਸੁਥਰੇ ਅਕਸ ਵਾਲੇ ਆਗੂ ਉਨ੍ਹਾਂ ਦੇ ਕਾਫ਼ਲੇ ਵਿਚ ਸ਼ਾਮਲ ਹੋਣਗੇ ਅਤੇ ਇਹ ਕਾਫ਼ਲਾ ਨਵੇਂ ਅਕਾਲੀ ਦਲ ਦਾ ਰੂਪ ਲਵੇਗਾ। ਬੈਂਸ ਨੇ ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਚੋਣਾਂ ਮੌਕੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਅੱਜ ਉਨ੍ਹਾਂ ਦੇ ਆਪਣੇ ਹੀ ਵਿਧਾਇਕ ਦੁਖੀ ਹਨ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਹਾਰਨ ਕਰਕੇ ਕਾਂਗਰਸ ਹਾਈ ਕਮਾਂਡ ਕਮਜ਼ੋਰ ਪੈ ਗਈ ਹੈ, ਨਹੀਂ ਤਾਂ ਕਦੋਂ ਦਾ ਕੈਪਟਨ ਨੂੰ ਬਦਲ ਕੇ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ। ਇਸ ਤੋਂ ਪਹਿਲਾਂ ਉਨ੍ਹਾਂ ਸਮਾਗਮ 'ਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੱਦਾ ਦਿੱਤਾ ਕਿ ਹੁਣ ਮੌਜੂਦਾ ਸਿਸਟਮ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਇਕ ਇਮਾਨਦਾਰ ਰਾਜਨੀਤਕ ਬਦਲ ਦੀ ਲੋੜ ਹੈ। ਉਨ੍ਹਾਂ ਸੂਬੇ 'ਚ ਬਿਜਲੀ ਦੇ ਵਧਾਏ ਗਏ ਰੇਟਾਂ ਲਈ ਕੈਪਟਨ ਅਤੇ ਬਾਦਲ, ਦੋਵਾਂ ਨੂੰ ਬਰਾਬਰ ਦਾ ਕਸੂਰਵਾਰ ਦੱਸਿਆ।