ਪੰਜਾਬ 'ਚ ਨਗਰ ਨਿਗਮ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾਂ ਤੇਜ਼
Friday, May 29, 2026 - 08:31 AM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਚੋਣ ਪ੍ਰੋਗਰਾਮ ਅਨੁਸਾਰ ਬੀਤੀ 26 ਮਈ ਨੂੰ ਨਗਰ ਨਿਗਮਾਂ ਅਤੇ ਨਗਰ ਕੌਂਸਲ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਵੱਖ-ਵੱਖ ਇਲ਼ਾਕਿਆਂ ਤੋਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਅਪਡੇਟ ਆਉਣੀ ਸ਼ੁਰੂ ਹੋ ਚੁੱਕੀ ਹੈ। ਜਿਵੇਂ-ਜਿਵੇਂ ਵੋਟਾਂ ਦੀ ਗਿਣਤੀ ਹੋ ਰਹੀ ਹੈ, ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ। ਇਸ ਦੇ ਤਹਿਤ ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਲਈ ਵੀ ਪਈਆਂ ਵੋਟਾਂ ਦੀ ਗਿਣਤੀ ਸਕੂਲ ਆਫ ਐਮੀਨੈਂਸ ਟਾਂਡਾ 'ਚ ਬਣਾਏ ਗਏ ਕਾਊਂਟਿੰਗ ਸੈਂਟਰ (ਗਿਣਤੀ ਕੇਂਦਰ) 'ਚ ਸ਼ੁਰੂ ਹੋ ਗਈ ਹੈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕਮ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਐੱਸ. ਡੀ. ਐੱਮ ਕਮ ਚੋਣ ਅਫ਼ਸਰ ਟਾਂਡਾ ਲਵਪ੍ਰੀਤ ਸਿੰਘ ਔਲਖ ਦੀ ਸਮੁੱਚੀ ਦੇਖ-ਰੇਖ 'ਚ ਸ਼ੁਰੂ ਹੋਈ ਇਸ ਗਿਣਤੀ ਦੌਰਾਨ ਕਰੀਬ 10 ਵਜੇ ਸ਼ੁਰੂਆਤ ਦੇ ਰੁਝਾਨ ਮਿਲਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਨੂੰ ਲੈ ਕੇ ਜ਼ਿਲ੍ਹਾ ਪੁਲਸ ਮੁਖੀ ਸੰਜੀਵ ਕੁਮਾਰ ਮਲਿਕ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਟਾਂਡਾ ਗੁਰਜਿੰਦਰਜੀਤ ਸਿੰਘ ਨਾਗਰਾ ਦੀ ਨਿਗਰਾਨੀ ਹਿੱਤ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਗਿਣਤੀ ਸਮੇਂ ਕਿਸੇ ਵੀ ਸਮੇਂ ਕਿਸੇ ਦੀ ਕੋਈ ਗੜਬੜੀ ਨਾ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ 28, 29, 30 ਮਈ ਨੂੰ ਭਾਰੀ ਮੀਂਹ ਤੇ ਤੂਫ਼ਾਨ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਘਰੋਂ ਨਿਕਲਣ ਤੋਂ...
ਉਧਰ ਦੂਸਰੇ ਪਾਸੇ ਕੀਤੀ ਜਾ ਰਹੀ ਗਿਣਤੀ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਚੌਂਕ ਤੋਂ ਲੈ ਕੇ ਐੱਫ. ਸੀ. ਆਈ. ਗੋਦਾਮ ਤੱਕ ਤਹਸੀਲ ਰੋਡ ਟਾਂਡਾ ਨੂੰ ਆਮ ਆਵਾਜਾਈ ਲਈ ਬੰਦ ਕੀਤਾ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ. ਟਾਂਡਾ ਲਵਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਗਿਣਤੀ ਕੇਂਦਰ 'ਚ ਸਿਰਫ ਕਾਊਂਟਿੰਗ ਪਾਰਟੀਆਂ ਵੱਲੋਂ ਨਿਰਧਾਰਿਤ ਕੀਤੇ ਗਏ ਕਾਊਂਟਿੰਗ ਏਜੰਟ ਅਤੇ ਪੋਲਿੰਗ ਸਟਾਫ਼ ਦੇ ਮੈਂਬਰ ਹੀ ਰਹਿਣਗੇ, ਜਦੋਂ ਕਿ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਗਿਣਤੀ ਕੇਂਦਰ ਤੋਂ ਦੂਰ ਰੱਖਿਆ ਜਾਵੇਗਾ। ਬੈਲਟ ਬਾਕਸ ਖੋਲ੍ਹਣ ਉਪਰੰਤ ਬੈਲਟ ਪੇਪਰਾਂ ਨੂੰ ਸਿੱਧਾ ਕਰਨ ਦਾ ਕੰਮ ਸ਼ੁਰੂ ਹੋ ਗਇਆ ਹੈ। ਸਭ ਤੋਂ ਘੱਟ ਪੋਲਿੰਗ ਵਾਲੇ ਵਾਰਡਾਂ ਦਾ ਨਤੀਜਾ ਸਭ ਤੋਂ ਪਹਿਲਾਂ ਐਲਾਨਿਆ ਜਾਵੇਗਾ।
ਇਹ ਵੀ ਪੜ੍ਹੋ : GNDU ਦੇ VC ਤੇ ਰਜਿਸਟਰਾਰ ਨੂੰ ਕੈਦ ਦੀ ਸਜ਼ਾ, ਪੜ੍ਹੋ ਹਾਈਕੋਰਟ ਨੇ ਕਿਉਂ ਸੁਣਾਇਆ ਸਖ਼ਤ ਫ਼ੈਸਲਾ
ਜ਼ਿਕਰਯੋਗ ਹੈ ਕਿ ਬੀਤੀ 29 ਮਈ ਨੂੰ ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਦੀ ਹੋਈ ਵੋਟਿੰਗ 'ਚ 46 ਉਮੀਦਵਾਰਾਂ ਨੇ ਹਿੱਸਾ ਲਿਆ ਸੀ ਅਤੇ ਇਸ 'ਚ ਸੱਤਾਧਾਰੀ ਪਾਰਟੀ ਤੋਂ ਇਲਾਵਾ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਸ਼ਾਮਲ ਸਨ। ਹੁਣ ਉਮੀਦਵਾਰਾਂ ਤੋਂ ਇਲਾਵਾ ਸਿਆਸੀ ਆਗੂਆਂ, ਉਮੀਦਵਾਰਾਂ ਦੇ ਸਮਰਥਕਾਂ ਅਤੇ ਸਾਰਿਆਂ ਨੂੰ ਹੀ ਪ੍ਰਾਪਤ ਹੋਣ ਵਾਲੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
