ਸਿਆਸੀ ਸ਼ਹਿ ''ਤੇ ਅਨੰਦਪੁਰ ਸਾਹਿਬ ਨੂੰ ਜੋੜਨ ਵਾਲਾ ਇਕਲੌਤਾ ਪੁਲ ਮਾਇਨਿੰਗ ਨਾਲ ਕੀਤਾ ਜਾ ਰਿਹਾ ਕਮਜ਼ੋਰ

Thursday, May 21, 2026 - 06:13 PM (IST)

ਸਿਆਸੀ ਸ਼ਹਿ ''ਤੇ ਅਨੰਦਪੁਰ ਸਾਹਿਬ ਨੂੰ ਜੋੜਨ ਵਾਲਾ ਇਕਲੌਤਾ ਪੁਲ ਮਾਇਨਿੰਗ ਨਾਲ ਕੀਤਾ ਜਾ ਰਿਹਾ ਕਮਜ਼ੋਰ

ਚੰਡੀਗੜ੍ਹ : ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਅਗਮਪੁਰ ਪੁਲ ਹੇਠ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਏ ਹਨ। ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਆਗਮਪੁਰ ਪੁਲ ਦੀ ਖ਼ਸਤਾ ਹਾਲਤ ਅਤੇ ਉੱਥੇ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਮੁਤਾਬਕ ਇਹ ਪੁਲ ਪੰਜਾਬ ਨੂੰ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲਾ ਇਕਲੌਤਾ ਰਸਤਾ ਹੈ ਪਰ ਇਸ ਦੇ ਹੇਠਾਂ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਇਸ ਦੀ ਨੀਂਹ ਦਿਨੋ-ਦਿਨ ਕਮਜ਼ੋਰ ਹੋ ਰਹੀ ਹੈ। ਮਜੀਠੀਆ ਨੇ ਇਸ ਨਾਜਾਇਜ਼ ਮਾਈਨਿੰਗ ਵਿਚ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਕਰੀਬੀ ਰਿਸ਼ਤੇਦਾਰਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਮਜੀਠਈਆ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਚਾਚਾ ਬਚਿੱਤਰ ਸਿੰਘ, ਨਜ਼ਦੀਕੀ ਰਿਸ਼ਤੇਦਾਰ ਟਿੱਕਾ ਸਿੰਘ ਢਾਹਾਂ, ਇਕਬਾਲ ਸਿੰਘ ਆਗਮਪੁਰ, ਮਾਈਨਿੰਗ ਵਿਭਾਗ ਦੇ Xen ਭਾਵੁਕ ਸ਼ਰਮਾ ਅਤੇ ਐੱਸ. ਡੀ. ਓ. ਗਨੇਸ਼ ਗੁਪਤਾ ਦੇ ਨਾਮ ਕਥਿਤ ਰੂਪ ਵਿਚ ਇਸ ਨਾਜਾਇਜ਼ ਮਾਈਨਿੰਗ ਨਾਲ ਜੁੜੇ ਹਨ।

ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਸਾਰਾ ਖੇਡ ਡੀ. ਐੱਸ. ਪੀ. ਨਵੀਨਪਾਲ ਲਹਿਲ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ। ਬਿਕਰਮ ਮਜੀਠੀਆ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿੱਥੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਨਾਲ ਜੁੜਿਆ ਇਹ ਪੁਲ ਖ਼ਤਰੇ ਵਿਚ ਹੈ, ਉੱਥੇ ਹੀ ਮਾਨ ਸਰਕਾਰ ਸਿਰਫ਼ ਪੀ. ਆਰ., ਇਸ਼ਤਿਹਾਰਾਂ ਅਤੇ ਸਿਆਸੀ ਡਰਾਮਿਆਂ ਵਿਚ ਮਸਤ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਇਸ ਪੁਲ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਜਾਂ ਕੋਈ ਤ੍ਰਾਸਦੀ ਵਾਪਰਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਜੋਤ ਬੈਂਸ ਦੀ ਹੋਵੇਗੀ।


author

Gurminder Singh

Content Editor

Related News