ਪੰਜਾਬ ਭਾਜਪਾ ਪ੍ਰਧਾਨ ਬਣਨ ਮਗਰੋਂ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ

Thursday, May 28, 2026 - 01:10 PM (IST)

ਪੰਜਾਬ ਭਾਜਪਾ ਪ੍ਰਧਾਨ ਬਣਨ ਮਗਰੋਂ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ

ਚੰਡੀਗੜ੍ਹ/ਬਰਨਾਲਾ (ਵੈੱਬ ਡੈਸਕ): ਭਾਰਤੀ ਜਨਤਾ ਪਾਰਟੀ ਵੱਲੋਂ 2027 ਦੀਆਂ ਚੋਣਾਂ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਪ੍ਰਧਾਨ ਥਾਪਿਆ ਗਿਆ ਹੈ। ਪ੍ਰਧਾਨ ਬਣਦਿਆਂ ਸਾਰ ਕੇਵਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ 2027 ਵਿਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦਾ ਕਮਲ ਖਿੜੇਗਾ ਤੇ ਸੂਬੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਉਹ ਚਾਹੁੰਦੇ ਹਨ ਕਿ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵਾਪਸ ਆਵੇ। ਇਸ ਦੇ ਨਾਲ ਹੀ ਉਹ ਵਿਰੋਧੀਆਂ 'ਤੇ ਤੰਜ ਕੱਸਦੇ ਵੀ ਨਜ਼ਰ ਆਏ।

ਨਿਯੁਕਤੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਨੂੰ ਨਾ ਤਾਂ ਚੁਟਕਲੇ ਸੁਣਾਉਣੇ ਆਉਂਦੇ ਹਨ ਤੇ ਨਾ ਹੀ ਸ਼ੇਅਰੋ-ਸ਼ਾਇਰੀ ਆਉਂਦੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਡਰਾਮੇਬਾਜ਼ੀ ਕਰਨੀ ਨਹੀਂ ਆਉਂਦੀ, ਸਿਰਫ਼ ਮਿਹਨਤ ਕਰਨੀ ਆਉਂਦੀ ਹੈ। ਉਨ੍ਹਾਂ ਦਾ ਇੱਕੋ-ਇਕ ਮੁੱਦਾ ਪੰਜਾਬ ਦਾ ਵਿਕਾਸ ਰਿਹਾ ਹੈ ਤੇ ਉਹ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹਨ। 

ਢਿੱਲੋਂ ਨੇ ਕਿਹਾ ਕਿ ਅੱਜ ਵਿਚ ਪੰਜਾਬ ਵਿਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ। ਬੇਰੋਜ਼ਗਾਰੀ ਅਤੇ ਗੈਂਗਸਟਰਵਾਦ ਕਾਰਨ ਲੋਕ ਬਹੁਤ ਦੁਖੀ ਹਨ। ਸੂਬੇ ਦੀ ਮਾਲੀ ਹਾਲਤ ਬਹੁਤ ਮਾੜੀ ਹੈ ਤੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਉਹ ਪੰਜਾਬ ਨੂੰ ਮੁੜ ਤੋਂ ਵਿਕਾਸ ਦੇ ਰਾਹ 'ਤੇ ਤੋਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਗੱਡਿਆਂ 'ਤੇ ਚੜ੍ਹ ਕੇ, ਚੁਟਕਲੇ ਸੁਣਾ ਕੇ ਜਾਂ ਸ਼ੇਅਰੋ-ਸ਼ਾਇਰੀ ਨਾਲ ਨਹੀਂ ਹੋਣਾ, ਸਗੋਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ। ਢਿੱਲੋਂ ਨੇ ਆਖਿਆ ਕਿ ਪੰਜਾਬ ਥੱਕਿਆ ਜ਼ਰੂਰ ਹੈ, ਪਰ ਟੁੱਟਿਆ ਨਹੀਂ। ਪੰਜਾਬ ਵਾਪਸ ਵਿਕਾਸ ਦੀਆਂ ਲੀਹਾਂ 'ਤੇ ਆਵੇਗਾ ਤੇ ਅਸੀਂ ਪੰਜਾਬ ਨੂੰ ਨੰਬਰ-1 ਸੂਬਾ ਬਣਾਵਾਂਗੇ। 


author

Anmol Tagra

Content Editor

Related News