ਜਨਮ ਦਿਨ ਦੀ ਪਾਰਟੀ ’ਚੋਂ ਪਰਤੇ ਹੌਂਡਾ ਕੰਪਨੀ ਦੇ ਮੈਨੇਜਰ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ’ਚ ਮਚਿਆ ਕੋਹਰਾਮ

Friday, Dec 03, 2021 - 06:24 PM (IST)

ਜਨਮ ਦਿਨ ਦੀ ਪਾਰਟੀ ’ਚੋਂ ਪਰਤੇ ਹੌਂਡਾ ਕੰਪਨੀ ਦੇ ਮੈਨੇਜਰ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ’ਚ ਮਚਿਆ ਕੋਹਰਾਮ

ਲੁਧਿਆਣਾ (ਰਾਮ) : ਥਾਣਾ ਜਮਾਲਪੁਰ ਅਧੀਨ ਆਉਂਦੀ ਬਾਬਾ ਸ਼੍ਰੀਚੰਦ ਕਾਲੋਨੀ ’ਚ ਇਕ ਨੌਜਵਾਨ ਵੱਲੋਂ ਸ਼ੱਕੀ ਹਾਲਾਤ ’ਚ ਆਪਣੀ ਲਾਇਸੈਂਸੀ ਪਿਸਟਲ 32-ਬੋਰ ਨਾਲ ਕਥਿਤ ਤੌਰ ’ਤੇ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੇ ਇੰਚਾਰਜ ਇੰਸ. ਕੁਲਵੰਤ ਸਿੰਘ ਮੱਲ੍ਹੀ ਆਪਣੀ ਪੁਲਸ ਟੀਮ ਏ. ਐੱਸ. ਆਈ. ਰੁਪਿੰਦਰ ਸਿੰਘ, ਏ. ਐੱਸ. ਆਈ. ਧਨਵੰਤ ਸਿੰਘ ਅਤੇ ਹੋਰ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮੌਕੇ ਤੋਂ ਪਿਸਟਲ ਦਾ ਖਾਲ੍ਹੀ ਖੋਲ੍ਹ ਵੀ ਬਰਾਮਦ ਕੀਤਾ ਹੈ, ਜਿਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਬੀਤੀ ਰਾਤ ਗੁਆਂਢ ’ਚੋਂ ਇਕ ਜਨਮ ਦਿਨ ਪਾਰਟੀ ’ਚ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਗਿਆ ਸੀ। ਜਿੱਥੋਂ ਉਹ ਕਰੀਬ 10 ਵਜੇ ਘਰ ਵਾਪਸ ਪਰਤ ਆਏ ਸਨ, ਜਿਸ ਤੋਂ ਕੁੱਝ ਦੇਰ ਬਾਅਦ ਹੀ ਇਹ ਘਟਨਾ ਵਾਪਰ ਗਈ।

ਇਹ ਵੀ ਪੜ੍ਹੋ : ਮੋਗਾ ’ਚ ਪੰਜਾਬ ਪੁਲਸ ਦਾ ਮੁਲਾਜ਼ਮ ਗ੍ਰਿਫ਼ਤਾਰ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰਦੀਪ ਸਿੰਘ ਬੋਨੀ ਪੁੱਤਰ ਇਕਬਾਲ ਸਿੰਘ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਕਮਰੇ ’ਚ ਸੁੱਤੇ ਹੋਏ ਸਨ, ਜਦਕਿ ਉਸ ਦੀ ਨੂੰਹ ਦੋਵੇਂ ਬੱਚਿਆਂ ਨਾਲ ਇਕ ਕਮਰੇ ’ਚ ਸੁੱਤੇ ਹੋਏ ਸਨ ਅਤੇ ਅਮਰਦੀਪ ਦੂਜੇ ਕਮਰੇ ’ਚ ਸੁੱਤਾ ਪਿਆ ਸੀ। ਦੇਰ ਰਾਤ ਕਰੀਬ ਸਾਢੇ 10-11 ਵਜੇ ਅਮਰਦੀਪ ਦੇ ਕਮਰੇ ’ਚੋਂ ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਅਮਰਦੀਪ ਨੇ ਆਪਣੀ 32-ਬੋਰ ਦੀ ਲਾਈਸੈਂਸੀ ਪਿਸਟਲ ਨਾਲ ਖੁਦ ਦੀ ਕੰਨਪਟੀ ’ਤੇ ਫਾਇਰ ਕੀਤਾ ਹੋਇਆ ਸੀ ਅਤੇ ਉਹ ਲਹੂ-ਲੁਹਾਨ ਸੀ, ਜਿਸ ’ਤੇ ਉਨ੍ਹਾਂ ਨੇ ਰੌਲਾ ਪਾ ਕੇ ਆਂਢ-ਗੁਆਂਢ ਦੇ ਲੋਕਾਂ ਨੂੰ ਬੁਲਾਇਆ ਪਰ ਉਦੋਂ ਤੱਕ ਅਮਰਦੀਪ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਧੀਆਂ ਵਰਗੀ ਨੂੰਹ ’ਤੇ ਬੇਈਮਾਨ ਹੋਇਆ ਸਹੁਰੇ ਦਾ ਦਿਲ, ਸ਼ਰਮਨਾਕ ਕਰਤੂਤਾਂ ਦੀ ਇੰਝ ਖੁੱਲ੍ਹੀ ਪੋਲ

ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਹੌਂਡਾ ਕੰਪਨੀ ’ਚ ਬਤੌਰ ਮੈਨੇਜਰ ਨੌਕਰੀ ਕਰਦਾ ਸੀ, ਬੀਤੀ ਰਾਤ ਉਹ ਗੁਆਂਢ ’ਚੋਂ ਇਕ ਜਨਮ ਦਿਨ ਪਾਰਟੀ ’ਚ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਗਿਆ ਸੀ। ਜਿੱਥੋਂ ਉਹ ਕਰੀਬ 10 ਵਜੇ ਘਰ ਵਾਪਸ ਪਰਤ ਆਏ ਸਨ। ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਇਕਬਾਲ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫਿਲੌਰ ਦੇ ਅਖੌਤੀ ਬਾਬੇ ਨੇ ਬੱਚੀ ਨਾਲ ਟੱਪੀਆਂ ਹੱਦਾਂ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਸ਼ਲੀਲ ਵੀਡੀਓ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News