ਬਿੱਲ ਦੀ ਅਦਾਇਗੀ ਨਾ ਹੋਣ ਦੇ ਬਾਵਜੂਦ 15 ਜੂਨ ਤਕ ਬਿਜਲੀ ਕੁਨੈਕਸ਼ਨ ਕੱਟਣ ''ਤੇ ਰੋਕ
Monday, Jun 01, 2020 - 12:05 PM (IST)
ਜਲੰਧਰ (ਪੁਨੀਤ)— ਬਿਜਲੀ ਖਪਤਕਾਰਾਂ ਵੱਲੋਂ ਜੇਕਰ ਬਿੱਲਾਂ ਦੀ ਅਦਾਇਗੀ ਨਹੀਂ ਵੀ ਕੀਤੀ ਗਈ ਹੈ, ਫਿਰ ਵੀ ਉਨ੍ਹਾਂ ਦਾ ਕੁਨੈਕਸ਼ਨ ਕੱਟਣ 'ਤੇ 15 ਜੂਨ ਤਕ ਰੋਕ ਲਗਾ ਦਿੱਤੀ ਗਈ ਹੈ। ਤਾਲਾਬੰਦੀ ਕਾਰਨ ਲੋਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਹ ਆਪਣਾ ਬਿੱਲ ਜਮ੍ਹਾ ਕਰਵਾ ਸਕਣ। ਇਸ ਨਿਰਧਾਰਤ ਸਮੇਂ ਤਕ ਖਪਤਕਾਰਾਂ ਵੱਲੋਂ ਬਿਲ ਜਮ੍ਹਾ ਨਾ ਕਰਵਾਇਆ ਗਿਆ ਤਾਂ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਹੋਵੇਗੀ। ਪਾਵਰ ਨਿਗਮ ਦੇ ਹੈੱਡ ਆਫਿਸ ਪਟਿਆਲਾ ਸਥਿਤ ਸੀ. ਏ. ਐੱਮ. ਡੀ. ਦਫਤਰ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਪਾਵਰ ਨਿਗਮ ਦੇ ਸਰਕਲ ਅਤੇ ਜ਼ੋਨ ਪੱਧਰ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਨਿਰਦੇਸ਼ ਪ੍ਰਾਪਤ ਹੋ ਚੁੱਕੇ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਐਵਰੇਜ ਦੇ ਹਿਸਾਬ ਨਾਲ ਜਿਨ੍ਹਾਂ ਲੋਕਾਂ ਦੇ ਗਲਤ ਬਿਜਲੀ ਬਿੱਲ ਪ੍ਰਾਪਤ ਹੋਏ ਹਨ, ਉਨ੍ਹਾਂ ਦੇ ਬਿੱਲ ਤੁਰੰਤ ਪ੍ਰਭਾਵ ਨਾਲ ਠੀਕ ਕੀਤੇ ਜਾਣ ਤਾਂ ਕਿ ਖਪਤਕਾਰ ਸਹੀ ਬਿੱਲਾਂ ਦਾ ਭੁਗਤਾਨ ਅਸਾਨੀ ਨਾਲ ਕਰ ਸਕਣ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕਰਫਿਊ ਦੌਰਾਨ ਮੀਟਰ ਰੀਡਿੰਗ 'ਤੇ ਰੋਕ ਲਾਈ ਗਈ ਅਤੇ ਵਿਭਾਗ ਵੱਲੋਂ ਐਵਰੇਜ ਦੇ ਹਿਸਾਬ ਨਾਲ ਬਿੱਲ ਬਣਾਏ ਗਏ। ਇਨ੍ਹਾਂ ਬਿੱਲਾਂ ਨੂੰ ਲੈ ਕੇ ਜ਼ਿਆਦਾਤਰ ਖਪਤਕਾਰਾਂ ਨੂੰ ਇਹੀ ਸ਼ਿਕਾਇਤ ਰਹੀ ਕਿ ਉਨ੍ਹਾਂ ਨੂੰ ਜ਼ਰੂਰਤ ਤੋਂ ਵੱਧ ਬਿੱਲ ਪ੍ਰਾਪਤ ਹੋਏ ਹਨ, ਇਸ ਲਈ ਲੋਕਾਂ ਨੇ ਬਿੱਲ ਜਮ੍ਹਾ ਨਹੀਂ ਕਰਵਾਏ। ਹੁਣ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਕੈਸ਼ ਕਾਊਂਟਰ ਖੋਲ੍ਹੇ ਜਾ ਚੁੱਕੇ ਹਨ, ਜਿਸ ਕਾਰਨ ਖਪਤਕਾਰਾਂ ਨੂੰ ਬਿੱਲ ਜਮ੍ਹਾ ਕਰਵਾਉਣ 'ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਵੇਗੀ। ਦੂਜੇ ਪਾਸੇ ਵੱਡੀ ਗਿਣਤੀ 'ਚ ਅਜਿਹੇ ਖਪਤਕਾਰਾਂ ਹਨ ਜੋ ਆਨਲਾਈਨ ਆਪਣੀ ਅਦਾਇਗੀ ਨਹੀਂ ਕਰ ਸਕੇ। ਕੈਸ਼ ਕਾਊਂਟਰ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਕੰਮ ਕਰ ਰਹੇ ਹਨ।
ਮੀਟਰ ਦੀ ਫੋਟੋ ਖਿੱਚ ਕੇ ਬਿੱਲ ਠੀਕ ਕਰਵਾਉਣ ਦਾ ਪ੍ਰਬੰਧ
ਜੋ ਖਪਤਕਾਰ ਆਪਣਾ ਬਿੱਲ ਤੁਰੰਤ ਪ੍ਰਭਾਵ ਨਾਲ ਠੀਕ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਮੀਟਰ ਦੀ ਫੋਟੋ (ਮੀਟਰ ਰੀਡਿੰਗ ਨਜ਼ਰ ਆਉਂਦੀ ਹੋਵੇ) ਖਿੱਚ ਕੇ ਸਬੰਧਤ ਸਬ-ਡਿਵੀਜ਼ਨ 'ਚ ਲੈ ਕੇ ਆਵੇ ਤਾਂ ਉਹ ਮੌਕੇ 'ਤੇ ਠੀਕ ਹੋ ਜਾਵੇਗਾ। ਇਸ ਦੇ ਲਈ ਸਬੰਧਤ ਆਰ. ਏ. (ਰੈਵੇਨਿਊ ਅਕਾਊਂਟੈਂਟ) ਨੂੰ ਜਾ ਕੇ ਮਿਲਣਾ ਹੋਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਖਪਤਕਾਰ ਦਾ ਬਿੱਲ ਗਲਤ ਬਣਿਆ ਹੈ ਅਤੇ ਉਹ ਉਸ ਦਾ ਭੁਗਤਾਨ ਕਰ ਦਿੰਦਾ ਹੈ ਤਾਂ ਅਗਲੀ ਵਾਰ ਜਦ ਰੀਡਿੰਗ ਲੈ ਕੇ ਬਿੱਲ ਬਣੇਗਾ, ਉਸ ਵਿਚ ਰਾਸ਼ੀ ਨੂੰ ਐਡਜਸਟ ਕਰ ਦਿੱਤਾ ਜਾਵੇਗਾ।
ਨਵੇਂ ਕੁਨੈਕਸ਼ਨ ਅਪਲਾਈ ਕਰਨ 'ਤੇ ਲੱਗੀ ਰੋਕ ਹਟੀ
ਕਰਫਿਊ ਕਾਰਨ ਨਵੇਂ ਕੁਨੈਕਸ਼ਨ ਅਪਲਾਈ ਕਰਨ 'ਤੇ ਵਿਭਾਗ ਵੱਲੋਂ ਰੋਕ ਲਾਈ ਗਈ ਸੀ ਤਾਂ ਕਿ ਖਪਤਕਾਰਾਂ ਨੂੰ ਬਿਜਲੀ ਦਫਤਰ ਨਾ ਆਉਣਾ ਪਵੇ। ਹੁਣ ਇਸ ਰੋਕ ਨੂੰ ਵੀ ਹਟਾ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਖਪਤਕਾਰ ਨਵਾਂ ਕੁਨੈਕਸ਼ਨ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਬਿਜਲੀ ਦਾ ਲੋਡ ਵੀ ਹੁਣ ਵਧਾਇਆ ਜਾ ਸਕਦਾ ਹੈ। ਇਸ ਲਈ ਖਪਤਕਾਰਾਂ ਨੂੰ ਸਬੰਧਤ ਡਿਵੀਜ਼ਨ ਦੇ ਸੁਵਿਧਾ ਸੈਂਟਰਾਂ 'ਚ ਜਾਣਾ ਪਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਕਾਫੀ ਕੰਮ ਪੈਂਡਿੰਗ ਚੱਲ ਰਹੇ ਹਨ, ਜਿਸ ਕਾਰਨ ਖਪਤਕਾਰਾਂ ਵੱਲੋਂ ਮੀਟਰ ਅਪਲਾਈ ਕਰਨ ਅਤੇ ਲੋਡ ਵਧਾਉਣ ਦੀ ਅਰਜ਼ੀ ਦੇਣ ਦੇ ਬਾਅਦ ਤੁਰੰਤ ਪ੍ਰਭਾਵ ਨਾਲ ਉਸ 'ਤੇ ਕੰਮ ਸ਼ੁਰੂ ਹੋਵੇਗਾ ਅਤੇ ਜਲਦ ਤੋਂ ਜਲਦ ਕਾਰਵਾਈ ਪੂਰੀ ਕਰ ਲਈ ਜਾਵੇਗੀ।