ਅਕਾਲੀ ਦਲ ਦਾ ਜ਼ਿਲਾ ਪ੍ਰੀਸ਼ਦ ਮੈਂਬਰ ਬਿਕਰਮਜੀਤ , ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਹਵਾਲੇ

06/21/2017 6:59:07 AM

ਭੁਲੱਥ/ਕਪੂਰਥਲਾ  (ਰਜਿੰਦਰ,ਭੂਸ਼ਣ,ਭੂਪੇਸ਼) - ਜ਼ਿਲਾ ਕਪੂਰਥਲਾ ਦੇ ਥਾਣਾ ਭੁਲੱਥ ਦੀ ਪੁਲਸ ਵਲੋਂ ਬੀਤੀ ਸ਼ਾਮ ਗ੍ਰਿਫਤਾਰ ਕੀਤੇ ਗਏ ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਕਪੂਰਥਲਾ ਦੇ ਮੈਂਬਰ ਬਿਕਰਮਜੀਤ ਸਿੰਘ ਵਾਸੀ ਪੰਡੋਰੀ ਰਾਜਪੂਤਾਂ ਨੂੰ ਅੱਜ ਭੁਲੱਥ ਪੁਲਸ ਵਲੋਂ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਬਿਕਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਗ੍ਰਿਫਤਾਰੀ ਪਾ ਕੇ ਉਸ ਨੂੰ ਜ਼ਿਲਾ ਕਪੂਰਥਲਾ ਦੀ ਅਦਾਲਤ 'ਚ ਪੇਸ਼ ਕਰਕੇ 24 ਜੂਨ ਤੱਕ ਦਾ ਰਾਹਦਾਰੀ ਰਿਮਾਂਡ ਹਾਸਲ ਕੀਤਾ।
ਮੁੰਬਈ ਪੁਲਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਟ੍ਰੇਸ ਕਰਨ ਤੋਂ ਪਹਿਲਾਂ ਮੁੰਬਈ ਪੁਲਸ ਨੂੰ ਸੂਚਨਾ ਮਿਲੀ ਸੀ ਕਿ 2, 3 ਏਜੰਟ ਹਨ, ਜਿਹੜੇ ਜਾਅਲੀ ਤਰੀਕੇ ਨਾਲ ਪਾਸਪੋਰਟ ਬਣਾ ਕੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ, ਜਿਸ ਤੋਂ ਬਾਅਦ ਮੁੰਬਈ ਪੁਲਸ ਵਲੋਂ ਏਅਰਪੋਰਟ 'ਤੇ ਟ੍ਰੈਪ ਲਾਇਆ ਗਿਆ ਸੀ। ਜਿਸ ਦੌਰਾਨ ਵਿਦੇਸ਼ ਜਾਣ ਦੀ ਤਿਆਰੀ 'ਚ 4 ਬੱਚਿਆਂ , 2 ਵਿਅਕਤੀਆਂ ਜਿਹੜੇ ਬੱਚਿਆਂ ਨੂੰ ਛੱਡਣ ਜਾ ਰਹੇ ਸਨ ਤੇ ਇਕ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫੜੇ ਗਏ ਬੱਚਿਆਂ, ਵਿਅਕਤੀਆਂ ਤੇ ਏਜੰਟ ਦੀ ਪੁਛਗਿੱਛ ਤੋਂ ਬਾਅਦ ਸਾਰਾ ਮਾਮਲਾ ਖੁਲ੍ਹ ਕੇ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਮੁੰਬਈ ਪੁਲਸ ਵਲੋਂ ਸਹਾਰ ਦੇ ਪੁਲਸ ਸਟੇਸ਼ਨ 'ਚ 20 ਅਪ੍ਰੈਲ 2017 ਨੂੰ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ 30 ਲੋਕਾਂ ਦੀ ਸ਼ਮੂਲੀਅਤ ਹੈ, ਜਿਨ੍ਹਾਂ 'ਚੋਂ ਮੁੰਬਈ ਦੇ ਵਸਨੀਕ 12 ਵਿਅਕਤੀਆਂ ਆਰਿਫ ਸ਼ਫੀ ਫਾਰੂਖੀ, ਰਾਜੇਸ਼ ਪਵਾਰ, ਫਾਤਿਮਾ ਅਹਿਮਦ, ਸੁਨੀਲ ਨੰਦਵਾਨੀ, ਨਰਸਈਆ ਮੁੰਜਾਲੀ, ਅਸਲਮ ਪੰਚਾਲ, ਜੋਗਿੰਦਰ ਸਿੰਘ, ਸਲੀਮ ਡੇਅਰੀਆ, ਸੁਹੇਲ ਸ਼ੇਖ, ਸੰਜੇ ਪਰਦੇਸੀ, ਮੁਹੰਮਦ ਮਹਿਮੂਦ ਅਲੀ ਤੇ ਵਾਜਿਦ ਅਲੀ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜੋ ਹਾਲੇ ਤਕ ਜੇਲ 'ਚ ਹਨ, ਜਦਕਿ ਇਸ ਮਾਮਲੇ 'ਚ ਬਿਕਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੰਡੋਰੀ ਰਾਜਪੂਤਾਂ ਥਾਣਾ ਭੁਲੱਥ, ਜ਼ਿਲਾ ਕਪੂਰਥਲਾ (ਪੰਜਾਬ) ਮੁੱਖ ਮੁਲਜ਼ਮ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਵੀ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਵਲੋਂ ਇਥੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਪਰ ਉਸ ਵੇਲੇ ਬਿਕਰਮਜੀਤ ਸਿੰਘ ਫਰਾਰ ਹੋ ਗਿਆ ਸੀ, ਜਿਸ ਨੂੰ ਬੀਤੀ ਸ਼ਾਮ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਦੀ ਅਗਵਾਈ ਹੇਠ ਭੁਲੱਥ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਇਥੇ ਲੋਕਾਂ ਕੋਲੋਂ ਪ੍ਰਤੀ ਬੱਚਾ 8 ਤੋਂ 10 ਲੱਖ ਰੁਪਏ ਲੈ ਕੇ ਬੱਚਿਆਂ ਨੂੰ ਸ਼ੈਨਗਨ ਵੀਜੇ ਨਾਲ ਯੂਰਪ ਵਿਚ ਭੇਜਣ ਬਾਰੇ ਝਾਂਸਾ ਦਿੰਦਾ ਸੀ, ਜਿਸ ਤੋਂ ਬਾਅਦ ਵਿਦੇਸ਼ ਭੇਜੇ ਜਾਣ ਵਾਲੇ ਬੱਚਿਆਂ ਨੂੰ ਬਿਕਰਮਜੀਤ ਸਿੰਘ ਵਲੋਂ ਮੁੰਬਈ ਵਿਖੇ ਇਸ ਕੇਸ ਦੇ ਪ੍ਰਮੁੱਖ ਵਿਅਕਤੀਆਂ ਅਸਲਮ ਪੰਚਾਲ ਤੇ ਆਰਿਫ ਸ਼ਫੀ ਫਾਰੂਖੀ ਕੋਲ ਭੇਜ ਦਿੱਤਾ ਜਾਂਦਾ ਸੀ, ਜਿਨ੍ਹਾਂ ਨੇ ਪਹਿਲਾਂ ਹੀ ਯੂਰਪ ਦੇ ਵੀਜ਼ੇ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ ਹੁੰਦਾ ਸੀ ਤੇ ਪੰਜਾਬ ਤੋਂ ਭੇਜੇ ਗਏ ਬੱਚੇ ਦੇ ਮੁੰਬਈ ਵਿਖੇ ਸਕੂਲ ਸਮੇਤ ਅਨੇਕਾਂ ਜਾਅਲੀ ਕਾਗਜ਼ਾਤ ਤਿਆਰ ਕਰਕੇ ਯੂਰਪ ਦੇ ਵੀਜ਼ੇ ਵਾਲੇ ਵਿਅਕਤੀ ਦਾ ਬੱਚਾ ਬਣਾ ਕੇ ਪਾਸਪੋਰਟ ਤਿਆਰ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਪਿਤਾ ਦੇ ਵੀਜ਼ੇ ਦੇ ਆਧਾਰ 'ਤੇ ਅੰਬੈਸੀ ਕੋਲੋਂ ਬੱਚੇ ਦਾ ਵੀਜ਼ਾ ਲਿਆ ਜਾਂਦਾ ਸੀ। ਇਸ ਉਪਰੰਤ ਬੱਚੇ ਦਾ ਜਾਅਲੀ ਬਣਿਆ ਪਿਤਾ, ਜਿਸ ਕੋਲ ਪਹਿਲਾਂ ਹੀ ਯੂਰਪ ਦਾ ਵੀਜ਼ਾ ਹੁੰਦਾ ਸੀ, ਇਸ ਬੱਚੇ ਨੂੰ ਯੂਰਪ ਦੇ ਫਰਾਂਸ ਵਿਖੇ ਛੱਡ ਕੇ ਵਾਪਸ ਭਾਰਤ ਆ ਜਾਂਦਾ ਸੀ।
ਕ੍ਰਾਈਮ ਬ੍ਰਾਂਚ ਮੁੰਬਈ ਨੇ ਦੱਸਿਆ ਕਿ ਹੁਣ ਤਕ ਅਸੀਂ 59 ਬੱਚਿਆਂ ਬਾਰੇ ਪਤਾ ਲਗਾ ਚੁੱਕੇ ਹਾਂ, ਜਿਹੜੇ ਪੰਜਾਬ 'ਚੋਂ ਬਿਕਰਮਜੀਤ ਸਿੰਘ ਰਾਹੀਂ ਹੀ ਮੁੰਬਈ ਤੇ ਫਿਰ ਵਿਦੇਸ਼ ਗਏ। ਉਨ੍ਹਾਂ ਦੱਸਿਆ ਕਿ ਬਿਕਰਮਜੀਤ ਸਿੰਘ ਨੂੰ ਮੁੰਬਈ ਵਿਖੇ ਲਿਜਾ ਕੇ ਕ੍ਰਾਈਮ ਬ੍ਰਾਂਚ ਵਿਖੇ ਪੁਛਗਿੱਛ ਕੀਤੀ ਜਾਵੇਗੀ।
ਅਨੇਕਾਂ ਪੰਜਾਬੀਆਂ 'ਤੇ ਡਿੱਗ ਸਕਦੀ ਹੈ ਗਾਜ
ਮੁੰਬਈ ਪੁਲਸ ਵਲੋਂ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਪਾ ਲਏ ਜਾਣ ਤੋਂ ਬਾਅਦ ਅਨੇਕਾਂ ਪੰਜਾਬੀਆਂ 'ਤੇ ਇਸ ਦੀ ਗਾਜ ਡਿੱਗ ਸਕਦੀ ਹੈ, ਕਿਉਂਕਿ ਹਾਲੇ ਤਕ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਵਲੋਂ 13 ਵਿਅਕਤੀਆਂ ਦੇ ਨਾਮ ਹੀ ਜਨਤਕ ਕੀਤੇ ਗਏ ਹਨ, ਜੋ ਕਿ ਹਾਲੇ ਤਕ ਗ੍ਰਿਫਤਾਰ ਹੋ ਚੁੱਕੇ ਹਨ, ਜਦਕਿ 17 ਵਿਅਕਤੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।


Related News