ਕੈਪਟਨ ਨੂੰ ਮਜਬੂਰ ਕਰ ਦੇਵਾਂਗੇ ਕਿ 'ਸਾਡਾ ਹੱਕ ਇੱਥੇ ਰੱਖ': ਮਜੀਠੀਆ

03/08/2018 3:11:58 PM

ਸਾਹਨੇਵਾਲ— ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਲੁਧਿਆਣਾ ਦੇ ਸਾਹਨੇਵਾਲ 'ਚ ਪੋਲ-ਖੋਲ੍ਹ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਬਿਕਰਮ ਸਿੰਘ ਮਜੀਠੀਆ ਅਤੇ ਕਈ ਸਿਆਸੀ ਆਗੂ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਪੋਲ-ਖੋਲ੍ਹ ਰੈਲੀ 'ਚ ਜੁੜਿਆ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਇਹ ਸਾਰੇ ਕੈਪਟਨ ਸਰਕਾਰ ਤੋਂ ਨਾਖੁਸ਼ ਹਨ। ਪੰਜਾਬ ਦੇ ਹਾਲਾਤ ਬੇਹੱਦ ਮਾੜੇ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਕਿ 'ਸਾਡਾ ਹੱਕ ਇੱਥੇ ਰੱਖ'। ਪੰਜਾਬ ਦੇ ਹਾਲਾਤ ਅਜਿਹੇ ਹੋ ਚੁੱਕੇ ਹਨ, ਜਿਵੇਂ 'ਟੁੱਟੇ ਬੂਟ 'ਚ ਪਾਟੀ ਜ਼ੁਰਾਬ ਹੋਵੇ।' ਇਜਲਾਸ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਿਰਫ 7 ਦਿਨ ਦਾ ਬਜਟ ਸੈਸ਼ਨ ਰੱਖਿਆ ਗਿਆ ਹੈ ਜੇਕਰ ਕੰਮ ਚੰਗੇ ਕੀਤੇ ਹੁੰਦੇ ਤਾਂ ਪੂਰੇ 20 ਦਿਨ ਦਾ ਬਜਟ ਬੁਲਾਉਂਦੇ। 
ਕੈਪਟਨ ਸਰਕਾਰ ਆਪਣਾ ਇਕ ਸਾਲ ਪੂਰਾ ਕਰਨ ਜਾ ਰਹੀ ਹੈ ਪਰ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਇਨ੍ਹਾਂ ਨੇ ਉਹ ਵੀ ਪੂਰਾ ਨਹੀਂ ਕੀਤਾ। ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ ਪਰ ਇਨ੍ਹਾਂ 365 ਦਿਨਾਂ 'ਚ  ਹੁਣ ਤੱੱਕ 365 ਤੋਂ ਵੀ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕਿਸਾਨਾਂ ਦੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦੇਣ ਲਈ ਕਿਹਾ ਗਿਆ ਸੀ ਪਰ ਕੈਪਟਨ ਨੇ ਉਹ ਵੀ ਵਾਅਦਾ ਪੂਰਾ ਨਹੀਂ ਕੀਤਾ, ਜਦੋਂ ਕਿਸੇ ਗਰੀਬ ਨੂੰ ਨੌਕਰੀ ਦੇਣੀ ਹੋਵੇ ਤਾਂ ਸਰਕਾਰ ਕਹਿ ਦਿੰਦੀ ਹੈ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ।


Related News