ਕੀ ‘ਇੰਡੀਆ’ ਮਤਭੇਦ ਭੁਲਾ ਦੇ ਏਕਤਾ ਬਣਾਈ ਰੱਖ ਸਕੇਗਾ

Wednesday, Apr 03, 2024 - 04:55 PM (IST)

ਕੀ ‘ਇੰਡੀਆ’ ਮਤਭੇਦ ਭੁਲਾ ਦੇ ਏਕਤਾ ਬਣਾਈ ਰੱਖ ਸਕੇਗਾ

ਏਕਤਾ ’ਚ ਫੁੱਟ ਜਾਂ ਫੁੱਟ ’ਚ ਏਕਤਾ? ਹੈਰਾਨ ਹੋ? ਬਿਲਕੁਲ। ਕਿਉਂਕਿ ‘ਇੰਡੀਆ’ ਗੱਠਜੋੜ ਲੋਕਤੰਤਰ ਬਚਾਓ ’ਤੇ ਨਾਂ ’ਤੇ ਐਤਵਾਰ ਨੂੰ ਦਿੱਲੀ ’ਚ ਇਕਜੁੱਟ ਹੋਇਆ ਹੈ, ਜਿੱਥੇ ਉਸ ਨੇ ਭਾਜਪਾ ਵਿਰੁੱਧ ਵਿਚਾਰਧਾਰਕ ਆਧਾਰ ਤਿਆਰ ਕੀਤਾ ਅਤੇ ਮੁਕਾਬਲੇ ਦੀਆਂ ਖਾਹਿਸ਼ਾਂ ਨਾਲ ਸਮਝੌਤਾ ਕੀਤਾ ਅਤੇ ਉਸ ਦਾ ਇਕੋ-ਇਕ ਮੰਤਵ 2024 ’ਚ ਭਾਜਪਾ ਨੂੰ ਸੱਤਾ ’ਚੋਂ ਬਾਹਰ ਕਰਨਾ ਹੈ। ਇਸ ਰੈਲੀ ’ਚ ਕਾਂਗਰਸ ਦੇ ਮਾਤਾ-ਪੁੱਤਰ ਸੋਨੀਆ-ਰਾਹੁਲ, ਕਾਂਗਰਸ ਪ੍ਰਧਾਨ ਖੜਗੇ, ਰਾਕਾਂਪਾ ਦੇ ਪਵਾਰ, ਸਪਾ ਦੇ ਅਖਿਲੇਸ਼, ਰਾਜਦ ਦੇ ਤੇਜਸਵੀ, ਪੀ. ਡੀ. ਪੀ. ਦੀ ਮੁਫਤੀ ਤੇ ਨੈਸ਼ਨਲ ਕਾਨਫਰੰਸ ਦੇ ਅਬਦੁੱਲਾ ਆਦਿ ਨੇ ਜ਼ੋਰ-ਸ਼ੋਰ ਨਾਲ ਭਾਜਪਾ ’ਤੇ ਸੰਵਿਧਾਨਕ ਲੋਕਤੰਤਰ ਦੀ ਹੱਤਿਆ ਕਰਨ ਅਤੇ ਮੋਦੀ ’ਤੇ ਤਾਨਾਸ਼ਾਹੀ ਸ਼ਾਸਨ ਕਰਨ ਦਾ ਦੋਸ਼ ਲਾਇਆ ਪਰ ਇਹ ਉਨ੍ਹਾਂ ਲਈ ਪ੍ਰੀਖਿਆ ਦੀ ਘੜੀ ਹੈ। ਹਾਲਾਂਕਿ ਇਸ ਰੈਲੀ ’ਚ ਉਨ੍ਹਾਂ ਨੇ ਭਾਈਚਾਰਾ ਦਿਖਾਇਆ ਅਤੇ ਲੱਗਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਲਈ ਇਕ ਸਾਂਝਾ ਮੰਤਵ ਮਿਲ ਗਿਆ ਹੈ।

ਬਿਨਾਂ ਸ਼ੱਕ ‘ਇੰਡੀਆ’ ਗੱਠਜੋੜ ਨੂੰ ‘ਆਪ’ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਅਤੇ ਝਾਰਖੰਡ ਦੇ ਮੁੱਖ ਮੰਤਰੀ ਸੋਰੇਨ ਦੀ ਗ੍ਰਿਫਤਾਰੀ ਨਾਲ ਇਕ ਝਟਕਾ ਲੱਗਾ ਪਰ ਇਸ ਨਾਲ ਉਨ੍ਹਾਂ ਨੂੰ ‘ਇੰਡੀਆ’ ਗੱਠਜੋੜ ਨੂੰ ਮਜ਼ਬੂਤ ਕਰਨ ਦਾ ਮੌਕਾ ਵੀ ਮਿਲਿਆ ਅਤੇ ਇਸ ਮੁੱਦੇ ਨੂੰ ਜਨਤਾ ਤੱਕ ਲੈ ਜਾਣ ਦਾ ਮੌਕਾ ਵੀ ਮਿਲਿਆ। ਪਰ ਵੱਡਾ ਸਵਾਲ ਹੈ ਕਿ ਕੀ ਉਹ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਨੂੰ ਪ੍ਰਭਾਵਿਤ ਕਰ ਸਕਣਗੇ ਕਿਉਂਕਿ ਅਦਾਲਤ ਦੋਵਾਂ ਗ੍ਰਿਫਤਾਰੀਆਂ ਸਬੰਧੀ ਗੁਣ-ਔਗੁਣ ਦੇ ਆਧਾਰ ’ਤੇ ਫੈਸਲਾ ਕਰੇਗੀ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ. ਬੀ. ਆਈ. ਨੇ ਵਿਰੋਧੀ ਧਿਰ ਦੇ ਆਗੂਆਂ ਵਿਰੁੱਧ ਕਈ ਮਾਮਲੇ ਦਰਜ ਕੀਤੇ ਹਨ।

ਦੂਜਾ, ਕੀ ‘ਇੰਡੀਆ’ ਗੱਠਜੋੜ ਵੋਟਰਾਂ ਨੂੰ ਇਹ ਭਰੋਸਾ ਦਿਵਾ ਸਕੇਗਾ ਕਿ ਭਾਜਪਾ ਜਾਂਚ ਏਜੰਸੀਆਂ ਨੂੰ ਔਜ਼ਾਰ ਬਣਾ ਰਹੀ ਹੈ ਅਤੇ ਇਨਕਮ ਟੈਕਸ ਵਿਭਾਗ ਕਾਂਗਰਸ ਦੇ ਖਾਤਿਆਂ ਨੂੰ ਸੀਲ ਕਰ ਰਿਹਾ ਹੈ। ਕੀ ਉਹ ਚੋਣ ਬਾਂਡ ਨੂੰ ਚੋਣ ਮੁੱਦਾ ਬਣਾ ਸਕੇਗਾ? ਕੀ ਉਨ੍ਹਾਂ ਕੋਲ ਕੋਈ ਸਾਂਝਾ ਮੁੱਦਾ ਜੋ ਉਨ੍ਹਾਂ ਨੂੰ ਇਕਜੁੱਟ ਰੱਖ ਸਕਦਾ ਹੈ? ਕੀ ਉਹ ਸਿਰਫ ਭਾਜਪਾ ਪ੍ਰਤੀ ਨਫਰਤ ਕਾਰਨ ਇਕਜੁੱਟ ਹੋਏ ਹਨ ਜਦ ਕਿ ਉਹ ਆਪਣੇ-ਆਪਣੇ ਖੇਤਰ ਦੀ ਰੱਖਿਆ ਲਈ ਇਕ-ਦੂਜੇ ਵਿਰੁੱਧ ਕੰਮ ਕਰ ਰਹੇ ਹਨ? ਪਹਿਲਾਂ ਹੀ ਤ੍ਰਿਣਮੂਲ ਕਾਂਗਰਸ ਦੀ ਮਮਤਾ ਨੇ ਕਾਂਗਰਸ-ਮਾਕਪਾ ’ਤੇ ਦੋਸ਼ ਲਾਇਆ ਹੈ ਕਿ ਉਹ ਭਾਜਪਾ ਦੇ ਹਿੱਤ ਲਈ ਕੰਮ ਕਰ ਰਹੇ ਹਨ ਅਤੇ ਸਪੱਸ਼ਟ ਕਰ ਦਿੱਤਾ ਕਿ ਪੱਛਮੀ ਬੰਗਾਲ ’ਚ ਗੱਠਜੋੜ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਗੱਠਜੋੜ ’ਚ ਸੀਟਾਂ ਦੀ ਵੰਡ ਦੇ ਮੁੱਦੇ ’ਤੇ ਸਹਿਮਤੀ ਨਹੀਂ ਹੈ ਅਤੇ ਜ਼ਮੀਨੀ ਪੱਧਰ ’ਤੇ ਚੋਣ ਪ੍ਰਚਾਰ ’ਚ ਵੀ ਕੋਈ ਤਾਲਮੇਲ ਨਹੀਂ ਹੈ, ਖਾਸ ਕਰ ਕੇ ਉਨ੍ਹਾਂ ਸੂਬਿਆਂ ’ਚ ਜਿੱਥੇ ਉਹ ਗੱਠਜੋੜ ’ਚ ਹਨ। ਉਨ੍ਹਾਂ ਨੇ ਅਜੇ ਬਦਲਵੇਂ ਸ਼ਾਸਨ ਅਤੇ ਸਿਆਸਤ ਲਈ ਏਜੰਡਾ ਮਿੱਥਣਾ ਹੈ। ਦੂਸਰਾ, ਜਦੋਂ ਇਕ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਵਿਰੋਧੀ ਧਿਰ ਦੇ ਆਗੂਆਂ ਦੇ ਦਰਵਾਜ਼ੇ ਖੜਕਾਉਂਦੇ ਹੋਏ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਦੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਆਗੂਆਂ ਨੂੰ ਸੀ. ਬੀ. ਆਈ. ਅਤੇ ਇਨਫੋਰਸਮੈਂਟ ਵੱਲੋਂ ਬਰੀ ਕਰਾਰ ਦਿੱਤਾ ਜਾ ਰਿਹਾ ਹੈ ਜੋ ਭਾਜਪਾ ਦੇ ਸਹਿਯੋਗੀ ਬਣ ਗਏ ਤਾਂ ਮਿੱਥੀ ਪ੍ਰਕਿਰਿਆ ਦਾ ਪਾਲਣ ਕਿਵੇਂ ਹੋਵੇਗਾ। ਰਾਕਾਂਪਾ ਦੇ ਪ੍ਰਫੁੱਲ ਪਟੇਲ ਦਾ ਏਅਰ ਇੰਡੀਆ ਘਪਲਾ ਇਸ ਦੀ ਉਦਾਹਰਣ ਹੈ।

ਕੀ ਭਾਜਪਾ ਵੋਟਰਾਂ ਨੂੰ ਇਹ ਭਰੋਸਾ ਦਿਵਾ ਸਕੇਗੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਸਿਆਸੀ ਬਦਲਾਖੋਰੀ ਨਹੀਂ ਹੈ ਜਿਵੇਂ ਕਿ ਵਿਰੋਧੀ ਧਿਰ ਪ੍ਰਚਾਰ ਕਰ ਰਹੀ ਹੈ। ਦੂਜਾ, ‘ਇੰਡੀਆ’ ਗੱਠਜੋੜ ’ਚ ਅੰਦਰੂਨੀ ਤਣਾਅ ਹੈ ਕਿਉਂਕਿ ਖੇਤਰੀ ਪਾਰਟੀਆਂ ਇਤਿਹਾਸਕ ਤੌਰ ’ਤੇ ਕਾਂਗਰਸ ਵਿਰੋਧੀ ਰਹੀਆਂ ਹਨ। ਤੇਲੰਗਾਨਾ ਅਤੇ ਕਰਨਾਟਕ ’ਚ ਕਾਂਗਰਸ ਖੇਤਰੀ ਪਾਰਟੀਆਂ ਵਿਰੁੱਧ ਸਫਲ ਰਹੀ ਹੈ। ਇਸ ਦੀ ਤੁਲਨਾ ’ਚ ਤਮਿਲਨਾਡੂ ਅਤੇ ਬਿਹਾਰ ’ਚ ਉਹ ਖੇਤਰੀ ਪਾਰਟੀਆਂ ਦੀ ਪਿਛਲੱਗੂ ਬਣੀ ਹੈ ਹਾਲਾਂਕਿ ਇਨ੍ਹਾਂ ਸੂਬਿਆਂ ਦੇ ਕਾਂਗਰਸ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਹੈ।

ਇਹੀ ਸਥਿਤੀ ਮਹਾਰਾਸ਼ਟਰ ’ਚ ਹੈ ਜਿੱਥੇ ਰਾਕਾਂਪਾ ਅਤੇ ਸ਼ਿਵਸੈਨਾ-ਊਧਵ ਧੜਾ ਕਾਂਗਰਸ ਨੂੰ ਸੀਟਾਂ ਦੀ ਵੰਡ ’ਚ ਆਪਣੀ ਮਨਮਰਜ਼ੀ ਨਹੀਂ ਕਰਨ ਦੇਣਗੇ। ਬਿਹਾਰ ’ਚ ਸਥਾਨਕ ਕਾਂਗਰਸੀ ਆਗੂਆਂ ’ਚ ਗੁੱਸਾ, ਨਿਰਾਸ਼ਾ ਅਤੇ ਸ਼ੱਕ ਪੈਦਾ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨਾਲ ਵਿਸਾਹਘਾਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ’ਚ ਸਪਾ ਨੇ ਸੌਦੇਬਾਜ਼ੀ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਸੀਟਾਂ ਦੀ ਵੰਡ ’ਚ ਉਸ ਦੇ ਹਿੱਤਾਂ ਦੀ ਰੱਖਿਆ ਹੋਵੇ। ਕਾਂਗਰਸ ਜਾਣਦੀ ਹੈ ਕਿ ਸੰਸਦ ’ਚ ਠੀਕ-ਠਾਕ ਗਿਣਤੀ ਲਈ ਉਸ ਨੂੰ ਆਪਣੀਆਂ ਸਹਿਯੋਗੀ ਪਾਰਟੀਆਂ ਅਤੇ ‘ਇੰਡੀਆ’ ਗੱਠਜੋੜ ਦੇ ਨਾਲ ਰਹਿਣਾ ਹੋਵੇਗਾ।

‘ਇੰਡੀਆ’ ਗੱਠਜੋੜ ਨੇ ਅਜੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਜਾਂ ਸਾਂਝੇ ਪ੍ਰਚਾਰ ਬਾਰੇ ਕੋਈ ਚਰਚਾ ਨਹੀਂ ਕੀਤੀ ਹੈ। ਇਸ ਗੱਠਜੋੜ ’ਚ ਕਈ ਵਿਰੋਧਾਭਾਸ ਹਨ ਅਤੇ ਇਸ ਪੱਧਰ ’ਤੇ ਕਈ ਮਤਭੇਦ ਦੇਖਣ ਨੂੰ ਮਿਲ ਰਹੇ ਹਨ। ਖੇਤਰੀ ਪਾਰਟੀਆਂ ਲਈ ਚੋਣਾਂ ’ਚ ਕਾਂਗਰਸ ਇਕ ਉਪਯੋਗੀ ਸਹਿਯੋਗੀ ਹੈ ਪਰ ਉਹ ਇਸ ਗੱਲ ਦਾ ਧਿਆਨ ਰੱਖਦੀਆਂ ਹਨ ਕਿ ਕਿਤੇ ਕਾਂਗਰਸ ਮਜ਼ਬੂਤ ਨਾ ਹੋ ਜਾਵੇ। ਮੋਦੀ ਦੀ ਭਾਜਪਾ ਬਹੁਤ ਸੰਗਠਿਤ ਹੈ। ਚੋਣ ਗੱਠਜੋੜ ’ਚ ‘ਇੰਡੀਆ’ ਗੱਠਜੋੜ ਤੋਂ ਬਹੁਤ ਅੱਗੇ ਹੈ ਅਤੇ ਇਸ ਦੀ ਅਗਵਾਈ ਇਕ ਮਜ਼ਬੂਤ ਸਿਆਸਤਦਾਨ ਕਰ ਰਿਹਾ ਹੈ। ਭਾਵੇਂ ਇਨਫੋਰਸਮੈਂਟ ਡਾਇਰੈਕਟੋਰੇਟ, ਸੀ. ਬੀ. ਆਈ. ਅਤੇ ਇਨਕਮ ਟੈਕਸ ਵਿਭਾਗ ਪਾਰਟੀ ਦੇ ਹੱਕ ’ਚ ਕੰਮ ਕਰ ਰਹੇ ਹਨ, ਇਹ ਇਕ ਬਹਿਸ ਦਾ ਮੁੱਦਾ ਹੈ ਪਰ ਕੀ ਇਹ ਮੁੱਦੇ ਵੋਟਰਾਂ ਦਾ ਧਿਆਨ ਖਿੱਚਦੇ ਹਨ ਅਤੇ ਵੋਟ ਦੇ ਰੂਪ ’ਚ ਬਦਲਦੇ ਹਨ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ‘ਇੰਡੀਆ’ ਗੱਠਜੋੜ ਨੂੰ ਦੇਣਾ ਪਵੇਗਾ।

ਸੰਵਿਧਾਨ ’ਚ ਪਾਰਟੀਆਂ ਅਤੇ ਲੋਕ ਪ੍ਰਤੀਨਿਧਤਾ ਐਕਟ ’ਚ ਵੀ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਗੱਠਜੋੜ ਦਾ ਕੋਈ ਜ਼ਿਕਰ ਨਹੀਂ ਹੈ। ਇਸ ਤੋਂ ਇਲਾਵਾ ਗੱਠਜੋੜ ਸਿਰਫ ਮੋਦੀ ਵਿਰੋਧ ਦੇ ਨਾਂ ’ਤੇ ਨਹੀਂ ਬਣਾਇਆ ਜਾ ਸਕਦਾ। ਇਸ ਲਈ ਇਕ ਰੂਪ-ਰੇਖਾ ਤਿਆਰ ਕਰਨੀ ਪੈਂਦੀ ਹੈ। ਹਾਲਾਂਕਿ ‘ਇੰਡੀਆ’ ਗੱਠਜੋੜ ’ਚ ਇਨਕਲੂਸਿਵ ਭਾਵ ਸਮਾਉਣਾ ਸ਼ਬਦ ਸ਼ਾਮਿਲ ਹੈ ਪਰ ਭਾਜਪਾ ਨੇ ਇਸ ਨੂੰ ਹੜੱਪ ਲਿਆ ਹੈ ਅਤੇ ਉਹ ਇਸ ਦੀ ਤੁਲਨਾ ਛੁਟਿਆਉਣ ਦੀ ਸਿਆਸਤ ਨਾਲ ਕਰਨ ਲੱਗੀ ਹੈ। ਉਸ ਨੂੰ ਅਜਿਹੀ ਭਾਸ਼ਾ ਅਤੇ ਰੂਪ-ਰੇਖਾ ਬਣਾਉਣੀ ਹੋਵੇਗੀ ਜੋ ਭਾਜਪਾ ਦੀ ਚੋਣ ਮਸ਼ੀਨ ਅਤੇ ਸਰੋਤਾਂ ਦਾ ਮੁਕਾਬਲਾ ਕਰ ਸਕੇ। ਮੋਦੀ ਪਹਿਲਾਂ ਹੀ ਹਿੰਦੂਤਵ ਦਾ ਮੁੱਦਾ ਉਠਾ ਕੇ ਚੋਣ ਮੈਦਾਨ ’ਚ ਉਤਰ ਆਏ ਹਨ ਅਤੇ ਉਹ ਰਾਸ਼ਟਰਵਾਦ ਅਤੇ ਦੇਸ਼ ਦੇ ਆਤਮ-ਸਨਮਾਨ ਨੂੰ ਮੁੱਦਾ ਬਣਾ ਰਹੇ ਹਨ।

ਵਿਰੋਧਾਭਾਸ ਦੇ ਇਸ ਗੱਠਜੋੜ ’ਚ, ਜਿੱਥੇ ਰਣਨੀਤੀਆਂ ਚੋਣ ਲਾਭ ਲਈ ਬਣਾਈਆਂ ਜਾ ਰਹੀਆਂ ਹਨ ਉੱਥੇ ਵਿਰੋਧੀ ਧਿਰ ਨੂੰ ਦੂਰਦਰਸ਼ਿਤਾ ਅਤੇ ਲਚਕੀਲਾਪਨ ਅਪਣਾਉਣਾ ਪਵੇਗਾ ਅਤੇ ਇਸ ਦਿਸ਼ਾ ’ਚ ਉਸ ਨੇ ਇਕ ਛੋਟਾ ਜਿਹਾ ਕਦਮ ਉਠਾਇਆ ਹੈ ਅਤੇ ਜੇ ਉਹ ਸਹੀ ਦਿਸ਼ਾ ’ਚ ਵਧਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅੱਗੇ ਵਧਣਾ ਪਵੇਗਾ ਕਿਉਂਕਿ ਇਕ ਕਮਜ਼ੋਰ ਵਿਰੋਧੀ ਧਿਰ ਭਾਵੇਂ ਉਸ ਦਾ ਕੋਈ ਵੀ ਨਾਂ ਲਓ, ਕਮਜ਼ੋਰ ਹੀ ਰਹੇਗੀ।

ਭਾਜਪਾ ਦਾ ਆਤਮਵਿਸ਼ਵਾਸ ਇਸ ਗੱਲ ਨਾਲ ਵੀ ਵਧ ਜਾਂਦਾ ਹੈ ਕਿ ਜ਼ਿਆਦਾਤਰ ਸੂਬਿਆਂ ’ਚ ਉਨ੍ਹਾਂ ਦੀ ਜਾਂ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਹੈ। ਨਾਲ ਹੀ ਉਨ੍ਹਾਂ ਨੂੰ ਇਸ ਗੱਲ ਨੂੰ ਵੀ ਧਿਆਨ ’ਚ ਰੱਖਣਾ ਪਵੇਗਾ ਕਿ ਅਕਸਰ ਵੋਟਾਂ ਪੂਰੀ ਤਰ੍ਹਾਂ ਟਰਾਂਸਫਰ ਨਹੀਂ ਹੁੰਦੀਆਂ। ਇਸ ਲਈ ਸੀਟਾਂ ਦੀ ਵੰਡ ਅਹਿਮ ਹੋਵੇਗੀ। ਇਸ ਤੋਂ ਇਲਾਵਾ ਰਾਜਗ ਦੀਆਂ 39 ਪਾਰਟੀਆਂ ’ਚੋਂ 22 ਪਾਰਟੀਆਂ ਦੀ ਸੰਸਦ ’ਚ ਕੋਈ ਵੀ ਸੀਟ ਨਹੀਂ ਹੈ ਪਰ ਇਹ ਉਨ੍ਹਾਂ ਦੇ ਸਮਾਜਿਕ ਸਮੂਹਾਂ ਨੂੰ ਇਕ ਅਹਿਮ ਸੁਨੇਹਾ ਦਿੰਦਾ ਹੈ। ਉੱਤਰ ਪ੍ਰਦੇਸ਼ ’ਚ ਭਾਜਪਾ ਗੱਠਜੋੜ ਵੱਡੀ ਪਾਰਟੀ ਹੈ ਪਰ ਉਸ ’ਚ ‘ਅਪਨਾ ਦਲ’ ਅਤੇ ‘ਨਿਸ਼ਾਦ ਦਲ’ ਵੀ ਸ਼ਾਮਲ ਹਨ ਅਤੇ ਇਨ੍ਹਾਂ ਪਾਰਟੀਆਂ ਨੂੰ ਇਨ੍ਹਾਂ ਦੀ ਸ਼ਕਤੀ ਕਾਰਨ ਨਹੀਂ ਸਗੋਂ ਗੈਰ-ਗਲਬੇ ਵਾਲੇ ਪਿਛੜੇ ਭਾਈਚਾਰਿਆਂ ਨੂੰ ਇਕ ਸੁਨੇਹਾ ਦੇਣ ਲਈ ਰਾਜਗ ’ਚ ਸ਼ਾਮਲ ਕੀਤਾ ਗਿਆ ਹੈ।

ਪਾਰਟੀ ’ਚ ਕੇਂਦਰੀਕਰਨ ਕਾਰਨ ਭਾਜਪਾ ’ਚ ਸੂਬਾ ਪੱਧਰੀ ਆਗੂਆਂ ਦਾ ਗਲਬਾ ਘੱਟ ਹੋਇਆ ਹੈ ਅਤੇ ਇਹ ਪਾਰਟੀ ਲਈ ਪ੍ਰੇਸ਼ਾਨੀ ਪੈਦਾ ਕਰ ਸਕਦਾ ਹੈ। ਦੋ ਕਾਰਜਕਾਲ ’ਚ ਸਰਕਾਰ ’ਚ ਰਹਿਣ ਪਿੱਛੋਂ ਭਾਜਪਾ ਅਸਹਿਜ ਹੈ, ਇਸ ਲਈ ਉਸ ਨੂੰ ਨਵੀਂ ਸੋਚ ਅਤੇ ਵਿਚਾਰਾਂ ਦੀ ਲੋੜ ਹੈ। ਕਰਨਾਟਕ ’ਚ ਭਾਜਪਾ ਦੀ ਹਾਰ ਹੋਈ ਅਤੇ ਪੰਜ ਦੱਖਣੀ ਸੂਬਿਆਂ ’ਚ ਆਪਣੀ ਜਗ੍ਹਾ ਨਹੀਂ ਬਣਾ ਸਕੀ ਹੈ, ਜਿੱਥੋਂ 130 ਸੰਸਦ ਮੈਂਬਰ ਚੁਣੇ ਜਾਂਦੇ ਹਨ।

ਵੋਟਰਾਂ ਲਈ 27 ਪਾਰਟੀਆਂ ਜਾਂ 39 ਪਾਰਟੀਆਂ ਦਾ ਗੱਠਜੋੜ ਅਹਿਮ ਨਹੀਂ ਹੈ। ਉਹ ਜਾਣਦੇ ਹਨ ਕਿ ਭਾਜਪਾ ਨੰਬਰ ਇਕ ਹੈ ਅਤੇ ਕਾਂਗਰਸ ਇਸ ਮਾਮਲੇ ’ਚ ਉਸ ਤੋਂ ਬਹੁਤ ਦੂਰ ਹੈ। ਇਹ ਦੇਖਣਾ ਹੈ ਕਿ ਕੀ ‘ਇੰਡੀਆ’ ਗੱਠਜੋੜ ਅੰਦਰੂਨੀ ਮਤਭੇਦਾਂ ਨੂੰ ਦੂਰ ਕਰ ਕੇ ਏਕਤਾ ਬਣਾਈ ਰੱਖ ਸਕਦਾ ਹੈ ਅਤੇ ਰਾਹੁਲ ਦੇ ਮੈਚ ਫਿਕਸਿੰਗ ਵਰਗੇ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ? ਮੈਚ ਫਿਕਸਿੰਗ ਅਤੇ ਜੇ ਉਹ ਜਿੱਤਦੀ ਹੈ ਤਾਂ ਉਹ ਸੰਵਿਧਾਨ ਬਦਲ ਦੇਵੇਗੀ, ਪੂਰੇ ਦੇਸ਼ ’ਚ ਅੱਗ ਲਾਉਣ ਜਾ ਰਹੀ ਹੈ, ਵਰਗੇ ਸ਼ਬਦ ਜਾਲ ਤੋਂ ਵੱਖ ਹੋ ਸਕਦਾ ਹੈ।

ਲੋਕਤੰਤਰੀ ਸ਼ਾਸਨ ਵੱਧ ਗੁੰਝਲਦਾਰ ਬਣਦਾ ਜਾ ਰਿਹਾ ਹੈ, ਇਸ ਲਈ ਰਾਜਗ ਅਤੇ ‘ਇੰਡੀਆ’ ਗੱਠਜੋੜ ਨੂੰ ਸੀਟਾਂ ਦੀ ਵੰਡ ਅਤੇ ਆਪਣੇ ਹੰਕਾਰ ਨੂੰ ਦੂਰ ਕਰ ਕੇ ਦੂਰਅੰਦੇਸ਼ੀ ਨਾਲ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਦਰਮਿਆਨ ਸੰਤੁਲਨ ਬਣਾਉਣਾ ਹੋਵੇਗਾ। ਸਾਨੂੰ ਇਸ ਗੱਲ ਨੂੰ ਧਿਆਨ ’ਚ ਰੱਖਣਾ ਹੋਵੇਗਾ ਕਿ ਭਾਰਤ ਦੀ ਉਸਾਰੀ ਦਾ ਕਾਰੋਬਾਰ ਗਣਿਤ ਦਾ ਵਿਸ਼ਾ ਨਹੀਂ ਹੈ, ਸਗੋਂ ਸਿਆਸਤ ਦਾ ਵਿਸ਼ਾ ਹੈ। ਦੇਖਣਾ ਇਹ ਹੈ ਕਿ ਇਸ ਖੇਡ ’ਚ ਕੌਣ ਜੇਤੂ ਹੁੰਦਾ ਹੈ।

ਪੂਨਮ ਆਈ. ਕੋਸ਼ਿਸ਼


author

Tanu

Content Editor

Related News