ਕੈਪਟਨ ਦੇ ਸਮਾਰਟ ਫੋਨਾਂ ''ਤੇ ਮਜੀਠੀਆ ਦੀ ਨੌਜਵਾਨਾਂ ਨੂੰ ਸਲਾਹ

01/04/2019 6:19:54 PM

ਗੁਰਦਾਸਪੁਰ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਫੋਨ ਨਾ ਲੈ ਕੇ ਸਗੋਂ ਪੰਜਾਬ ਦੇ ਵਜ਼ੀਰਾਂ ਦੇ ਫੋਨ ਲੈਣ ਦੀ ਸਲਾਹ ਦਿੱਤੀ ਹੈ। ਕੈਪਟਨ ਸਰਕਾਰ ਦੇ ਸਮਾਰਟ ਫੋਨਾਂ ਨੂੰ ਸਿਰਫ ਚੋਣਾਵੀ ਸਟੰਟ ਦੱਸਦੇ ਹੋਏ ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਆਪਣੇ ਵਜ਼ੀਰ ਤਾਂ ਆਈ ਫੋਨ ਇਸਤੇਮਾਲ ਕਰਦੇ ਹਨ ਜਦਕਿ ਪੰਜਾਬ ਦੇ ਨੌਜਵਨਾਂ ਨੂੰ ਘਟੀਆ ਫੋਨ ਦੇ ਕੇ ਬੁੱਤਾ ਸਾਰਨ ਜਾ ਰਹੀ ਹੈ। ਮਸ਼ਵਰਾ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਇਸ ਲਈ ਨੌਜਵਾਨਾਂ ਨੂੰ ਪੰਜਾਬ ਦੇ ਮੰਤਰੀਆਂ ਦੇ ਫੋਨ ਲੈਣੇ ਚਾਹੀਦੇ ਹਨ। 
ਇਸ ਦੇ ਨਾਲ ਹੀ ਮਜੀਠੀਆ ਨੇ ਕਰਤਾਰਪੁਰ ਲਾਂਘੇ ਲਈ ਚੁੱਕੇ ਗਏ ਕਦਮਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਮੋਦੀ ਦੇ ਇਸ ਕਦਮ ਨਾਲ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਅਰਦਾਸ ਕਰ ਰਹੀ ਸੰਗਤ ਦੀ ਅਰਦਾਸ ਪੂਰੀ ਹੋਣ ਜਾ ਰਹੀ ਹੈ। ਇਸ ਦੌਰਾਨ ਮਜੀਠੀਆ ਨੇ ਕਾਂਗਰਸ 'ਤੇ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਜਵਾਹਰ ਲਾਲ ਨਹਿਰੂ ਦੇ ਫੈਸਲੇ ਕਾਰਨ ਹੀ ਕਰਤਾਰਪੁਰ ਪਾਕਿਸਤਾਨ ਵਿਚ ਗਿਆ ਸੀ। ਬਾਵਜੂਦ ਇਸ ਦੇ ਕਾਂਗਰਸ ਨੇ ਇਹ ਲਾਂਘਾ ਖੁੱਲ੍ਹਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।


Gurminder Singh

Content Editor

Related News