ਬਾਈਕ ਟੈਕਸੀ ਸਰਵਿਸ : ਸਟੇਟ ਟ੍ਰਾਂਸਪੋਰਟ ਅਥਾਰਟੀ ਨੇ ਪ੍ਰਸ਼ਾਸਨ ਨੂੰ ਭੇਜਿਆ ਨਵਾਂ ਮਤਾ

Saturday, Jun 16, 2018 - 07:19 AM (IST)

ਬਾਈਕ ਟੈਕਸੀ ਸਰਵਿਸ : ਸਟੇਟ ਟ੍ਰਾਂਸਪੋਰਟ ਅਥਾਰਟੀ ਨੇ ਪ੍ਰਸ਼ਾਸਨ ਨੂੰ ਭੇਜਿਆ ਨਵਾਂ ਮਤਾ

ਚੰਡੀਗੜ੍ਹ (ਰਾਜਿੰਦਰ)  - ਸਿਟੀ ਬਿਊਟੀਫੁੱਲ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ 2 ਮਹੀਨੇ ਪਹਿਲਾਂ ਬਾਈਕ ਟੈਕਸੀ ਸਰਵਿਸ ਯੋਜਨਾ ਨੂੰ ਬ੍ਰੇਕ ਲਾ ਦਿੱਤੀ ਸੀ ਪਰ ਹੁਣ ਸਟੇਟ ਟ੍ਰਾਂਸਪੋਰਟ ਅਥਾਰਟੀ ਨੇ ਮੁੜ ਯੂ. ਟੀ. ਪ੍ਰਸ਼ਾਸਨ ਨੂੰ ਇਸ 'ਤੇ ਵਿਚਾਰ ਕਰਨ ਲਈ ਨਵਾਂ ਮਤਾ ਭੇਜਿਆ ਹੈ। ਹੁਣ ਕੰਪੀਟੈਂਟ ਅਥਾਰਟੀ ਦੇ ਨਾਲ ਹੀ ਵਿਚਾਰ ਕਰਨ ਤੋਂ ਬਾਅਦ ਪ੍ਰਸ਼ਾਸਨ ਕੋਈ ਆਖਰੀ ਫੈਸਲਾ ਲਵੇਗਾ। ਵਿਭਾਗ ਨੇ ਨਵਾਂ ਮਤਾ ਇਸ ਲਈ ਵੀ ਭੇਜਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਵੀ ਇਸ ਸਰਵਿਸ 'ਤੇ ਵਿਚਾਰ ਕਰਨ ਲਈ ਪ੍ਰਸ਼ਾਸਨ ਕੋਲ ਅਪਲਾਈ ਕੀਤਾ ਸੀ। ਬੀਤੇ ਸਾਲ ਜੁਲਾਈ ਮਹੀਨੇ ਵਿਚ ਪੰਜਾਬ ਪਹਿਲਾਂ ਹੀ ਮੋਹਾਲੀ ਵਿਚ ਇਹ ਸਰਵਿਸ 'ਆਪਣੀ ਗੱਡੀ ਆਪਣਾ ਰੋਜ਼ਗਾਰ' ਸਕੀਮ ਤਹਿਤ ਸ਼ੁਰੂ ਕਰ ਚੁੱਕਾ ਹੈ। ਹੁਣ ਚੰਡੀਗੜ੍ਹ ਵਿਚ ਵੀ ਇਨ੍ਹਾਂ ਨੂੰ ਪਰਮਿਟ ਮਿਲ ਸਕੇ, ਇਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਇਸ ਨੂੰ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
ਬਾਰਡਰ ਏਰੀਆ 'ਚ ਚੱਲ ਰਹੀਆਂ ਹਨ ਬਾਈਕ ਟੈਕਸੀਆਂ
ਮੋਹਾਲੀ ਵਿਚ ਇਹ ਸਰਵਿਸ ਸ਼ੁਰੂ ਹੋਣ ਕਾਰਨ ਚੰਡੀਗੜ੍ਹ ਦੇ ਬਾਰਡਰ ਏਰੀਆ ਵਿਚ ਬਾਈਕ ਟੈਕਸੀਆਂ ਚੱਲ ਰਹੀਆਂ ਹਨ ਪਰ ਇਹ ਟੈਕਸੀਆਂ ਪਰਮਿਟ ਨਾ ਹੋਣ ਕਾਰਨ ਚੰਡੀਗੜ੍ਹ ਦੇ ਅੰਦਰੂਨੀ ਸੈਕਟਰਾਂ ਵਿਚ ਦਾਖਲ ਨਹੀਂ ਹੁੰਦੀਆਂ ਕਿਉਂਕਿ ਉਥੇ ਉਨ੍ਹਾਂ ਨੂੰ ਐੱਸ. ਟੀ. ਏ. ਤੇ ਟ੍ਰੈਫਿਕ ਪੁਲਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਮੀਆਂ ਤੇ ਸੁਰੱਖਿਆ ਦੇ ਮੱਦੇਨਜ਼ਰ ਲਾਈ ਸੀ ਰੋਕ
ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਟ੍ਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸ. ਟੀ. ਏ. ਤੋਂ ਨਵਾਂ ਮਤਾ ਮਿਲ ਗਿਆ ਹੈ। ਉਹ ਹੁਣ ਕੰਪੀਟੈਂਟ ਅਥਾਰਟੀ ਨਾਲ ਇਸ 'ਤੇ ਵਿਚਾਰ ਕਰਨਗੇ ਤੇ ਉਸ ਤੋਂ ਬਾਅਦ ਹੀ ਉਸ 'ਤੇ ਆਖਰੀ ਫੈਸਲਾ ਲੈਣਗੇ। ਇਸ ਸਾਲ ਮਈ ਮਹੀਨੇ ਵਿਚ ਪ੍ਰਸ਼ਾਸਨ ਨੇ ਰੋਡ ਸੇਫਟੀ ਦੇ ਮੁੱਦੇ ਸਬੰਧੀ ਇਸ ਤੋਂ ਪਹਿਲੇ ਮਤੇ 'ਤੇ ਬਰੇਕ ਲਾ ਦਿੱਤੀ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੋਟਰਸਾਈਕਲ ਨੂੰ ਪਬਲਿਕ ਟ੍ਰਾਂਸਪੋਰਟ ਵਜੋਂ ਵਰਤਿਆ ਨਹੀਂ ਜਾ ਸਕਦਾ। ਦੂਜਾ ਪਬਲਿਕ ਟ੍ਰਾਂਸਪੋਰਟ ਵਿਚ ਪੈਸੰਜਰਜ਼ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਪਰ ਬਾਈਕ ਟੈਕਸੀ 'ਤੇ ਯਾਤਰੀਆਂ ਨੂੰ ਸੁਰੱਖਿਆ ਦੇਣਾ ਅਸੰਭਵ ਹੈ। ਸਭ ਤੋਂ ਵੱਡੀ ਰੁਕਾਵਟ ਬਾਈਕ ਟੈਕਸੀਆਂ ਦਾ ਕਮਰਸ਼ੀਅਲ ਵਾਹਨ ਦੀ ਜਮਾਤ ਵਿਚ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਸੀ। ਗੁਰੂਗ੍ਰਾਮ ਤੇ ਗੋਆ ਦੀ ਤਰਜ਼ 'ਤੇ ਚੰਡੀਗੜ੍ਹ ਵਿਚ ਇਹ ਸਹੂਲਤ ਸ਼ੁਰੂ ਕੀਤੀ ਜਾਣੀ ਸੀ। ਸਟੇਟ ਟ੍ਰਾਂਸਪੋਰਟ ਅਥਾਰਟੀ ਨੇ ਸ਼ਹਿਰ ਵਿਚ ਟੂ ਵ੍ਹੀਲਰ ਟੈਕਸੀ ਸਰਵਿਸ ਦੀ ਪਾਲਿਸੀ ਬਣਾਈ ਸੀ। ਕੰਪਨੀਆਂ ਵਿਚ ਅਰਜ਼ੀਆਂ ਮੰਗੀਆਂ ਗਈਆਂ ਸਨ। ਸ਼ਹਿਰ ਵਿਚ ਸਿਰਫ ਓਬੇਰ ਤੇ ਓਲਾ ਨੇ ਹੀ ਮੋਟੋ ਬਾਈਕ ਟੈਕਸੀ ਸ਼ੁਰੂ ਕਰਨ ਲਈ ਮਤਾ ਭੇਜਿਆ ਸੀ। ਕੰਪਨੀਆਂ ਦੇ ਮਤੇ 'ਤੇ ਪਾਲਿਸੀ ਵੀ ਤਿਆਰ ਕੀਤੀ ਗਈ ਪਰ ਕਮੀਆਂ ਤੇ ਸੁਰੱਖਿਆ ਦੇ ਮੱਦੇਨਜ਼ਰ ਇਸ 'ਤੇ ਰੋਕ ਲਾ ਦਿੱਤੀ ਗਈ ਸੀ।
ਐਪ ਰਾਹੀਂ ਬੁਕਿੰਗ ਕਰਨ ਦੀ ਪਲਾਨਿੰਗ
ਟ੍ਰਾਈਸਿਟੀ ਵਿਚ ਓਲਾ ਤੇ ਓਬੇਰ ਦੀਆਂ 3 ਹਜ਼ਾਰ ਤੋਂ ਵੱਧ ਟੈਕਸੀਆਂ ਚੱਲ ਰਹੀਆਂ ਹਨ। ਬਾਈਕ ਟੈਕਸੀ ਸਰਵਿਸ ਵਿਚ ਵੀ ਬੁਕਿੰਗ ਐਪ ਰਾਹੀਂ ਕਰਨ ਦੀ ਪਲਾਨਿੰਗ ਹੈ। ਇਸ ਦਾ ਕਿਰਾਇਆ ਕਾਰ ਟੈਕਸੀ ਦੇ ਮੁਕਾਬਲੇ ਵੱਧ ਹੋਵੇਗਾ। ਗੋਆ ਵਿਚ ਇਸ ਨੂੰ ਪਾਇਲਟ ਕਿਹਾ ਜਾਂਦਾ ਹੈ। ਗੁਰੂਗ੍ਰਾਮ ਵਿਚ ਬਾਈਕ ਟੈਕਸੀ ਸਰਵਿਸ ਦੀ ਸ਼ੁਰੂਆਤ ਦਸੰਬਰ, 2015 ਵਿਚ ਹੋਈ ਸੀ। ਬੈਂਕਾਕ ਤੇ ਲੰਡਨ ਵਿਚ ਟੂ ਵ੍ਹੀਲਰ ਟੈਕਸੀ ਦੀ ਵਰਤੋਂ ਹੋ ਰਹੀ ਹੈ। ਗੁਰੂਗ੍ਰਾਮ ਵਿਚ ਟੂ ਵ੍ਹੀਲਰ ਟੈਕਸੀ ਦੇ ਮਿਨੀਮਮ ਚਾਰਜਿਸ 10 ਰੁਪਏ ਹਨ। ਇਸ ਤੋਂ ਬਾਅਦ ਪ੍ਰਤੀ ਕਿ. ਮੀ. 4 ਰੁਪਏ ਲਏ ਜਾਂਦੇ ਹਨ।
ਚਾਲਕਾਂ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰੀ
ਐੱਸ. ਟੀ. ਏ. ਤੇ ਟ੍ਰਾਂਸਪੋਰਟ ਡਿਪਾਰਟਮੈਂਟ ਦੀ ਪਾਲਿਸੀ ਮੁਤਾਬਿਕ ਕੈਬ ਚਾਲਕਾਂ ਵਾਂਗ ਟੂ ਵ੍ਹੀਲਰ ਟੈਕਸੀ ਚਾਲਕਾਂ ਦਾ ਰਿਕਾਰਡ ਰੱਖਣ ਦੇ ਨਾਲ-ਨਾਲ ਚਾਲਕਾਂ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰੀ ਹੈ। ਐੱਸ. ਟੀ. ਏ. ਹੀ ਇਨ੍ਹਾਂ ਦਾ ਰੰਗ ਤੈਅ ਕਰੇਗਾ। ਰੋਡ ਸੇਫਟੀ ਕਾਊਂਸਿਲ ਦੀ ਮੀਟਿੰਗ ਵਿਚ ਵੀ ਬਾਈਕ ਟੈਕਸੀ ਸਰਵਿਸ ਸ਼ੁਰੂ ਕੀਤੇ ਜਾਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਉਸ ਸਮੇਂ ਮੀਟਿੰਗ ਵਿਚ ਬਾਈਕ ਟੈਕਸੀ ਸਰਵਿਸ ਵਿਚ ਮਹਿਲਾ ਪੈਸੰਜਰਜ਼ ਦੀ ਸੇਫਟੀ ਨੂੰ ਧਿਆਨ ਵਿਚ ਰੱਖਦਿਆਂ ਹੈਲਮੇਟ, ਇਕ ਹੀ ਹੈਲਮੇਟ ਦੀ ਵੱਖ-ਵੱਖ ਪੈਸੰਜਰਜ਼ ਵਲੋਂ ਵਰਤੋਂ ਤੇ ਬਾਈਕ 'ਤੇ ਸਪੀਡੋ ਮੀਟਰ ਲਾਉਣ ਵਰਗੇ ਮੁੱਦੇ ਚੁੱਕੇ ਗਏ ਸਨ। ਇਨ੍ਹਾਂ ਮੁੱਦਿਆਂ ਦਾ ਪ੍ਰਸ਼ਾਸਨ ਕੋਈ ਹੱਲ ਨਹੀਂ ਕੱਢ ਸਕਿਆ ਸੀ, ਇਸ ਕਾਰਨ ਉਸ ਮਤੇ ਨੂੰ ਰੋਕ ਦਿੱਤਾ ਗਿਆ ਸੀ।


Related News