ਬਾਈਕ ਮਕੈਨਿਕ ਦੀ ਦੁਕਾਨ ''ਚ ਲੱਗੀ ਅੱਗ

Monday, Jan 15, 2018 - 07:28 AM (IST)

ਜਲੰਧਰ, (ਸੁਧੀਰ)¸ ਸਥਾਨਕ ਵੱਡਾ ਸਈਪੁਰ ਵਿਖੇ ਸਥਿਤ ਇਕ ਬਾਈਕ ਮਕੈਨਿਕ ਦੀ ਦੁਕਾਨ ਵਿਚ ਅੱਗ ਲੱਗਣ ਨਾਲ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸਈਪੁਰ ਰੋਡ 'ਤੇ ਸਥਿਤ ਸਰਦਾਰੀ ਆਟੋ ਵਰਕਸ ਦੇ ਮਾਲਕ ਸਰਦਾਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਕੁੱਝ ਦੂਰੀ 'ਤੇ ਹੀ ਉਨ੍ਹਾਂ ਦੀ ਦੁਕਾਨ ਹੈ। ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ। ਦੇਰ ਰਾਤ ਉਨ੍ਹਾਂ ਨੂੰ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਤਦ ਤਕ ਦੁਕਾਨ ਦੇ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਗਾਹਕਾਂ ਦੀਆਂ ਦੋ ਐਕਟਿਵਾ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸੇ ਤਰ੍ਹਾਂ ਨਕੋਦਰ ਰੋਡ ਸਥਿਤ ਊਧਮ ਸਿੰਘ ਨਗਰ ਦੇ ਨੇੜੇ ਪੈਂਦੇ ਅਜੀਤ ਨਗਰ ਵਿਖੇ ਵੀ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਰਾਜਾ ਨਾਂ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਇਕ ਦੋਸਤ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਅੱਜ ਉਹ ਕੰਮ 'ਤੇ ਗਏ ਹੋਏ ਸਨ। ਜਦੋਂ ਵਾਪਸ ਪਰਤੇ ਤਾਂ ਦੇਖਿਆ ਕਿ ਉਨ੍ਹਾਂ ਦੇ ਕਮਰਿਆਂ ਵਿਚ ਅੱਗ ਲੱਗੀ ਹੋਈ ਸੀ। ਜਿਸ ਕਾਰਨ ਉਨ੍ਹਾਂ ਨੇ ਘਟਨਾ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਉਨ੍ਹਾਂ ਦਸਿਆ ਕਿ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।


Related News