ਪੁਲਸ ਮੁਲਾਜ਼ਮਾਂ ਲਈ ਵੱਡੀ ਚਿੰਤਾ ਭਰੀ ਖ਼ਬਰ, ਡਿਊਟੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਹੋਇਆ ਖ਼ੁਲਾਸਾ

Monday, Oct 06, 2025 - 12:32 PM (IST)

ਪੁਲਸ ਮੁਲਾਜ਼ਮਾਂ ਲਈ ਵੱਡੀ ਚਿੰਤਾ ਭਰੀ ਖ਼ਬਰ, ਡਿਊਟੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਹੋਇਆ ਖ਼ੁਲਾਸਾ

ਚੰਡੀਗੜ੍ਹ (ਪਾਲ) : ਜਾਮ, ਹਾਰਨਾਂ ਦਾ ਸ਼ੋਰ ਅਤੇ ਲਗਾਤਾਰ ਵੱਧ ਰਹੀ ਵਾਹਨਾਂ ਦੀ ਗਿਣਤੀ ਨਾ ਸਿਰਫ਼ ਆਮ ਨਾਗਰਿਕਾਂ ਲਈ ਪਰੇਸ਼ਾਨੀ ਦਾ ਕਾਰਨ ਹੈ, ਸਗੋਂ ਸ਼ਹਿਰ ਦੀ ਟ੍ਰੈਫਿਕ ਪੁਲਸ ਦੀ ਸਿਹਤ ’ਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਪੀ. ਜੀ. ਆਈ. ਦੇ ਸਕੂਲ ਆਫ਼ ਪਬਲਿਕ ਹੈਲਥ ਵੱਲੋਂ ਹਾਲ ਹੀ ’ਚ ਕੀਤੀ ਖੋਜ ’ਚ ਖ਼ੁਲਾਸਾ ਹੋਇਆ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਸ ਮੁਲਾਜ਼ਮ ਲਗਾਤਾਰ ਸ਼ੋਰ ਪ੍ਰਦੂਸ਼ਣ ਦੇ ਸ਼ਿਕਾਰ ਹੋ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਮਾਨਸਿਕ ਤਣਾਅ, ਚਿੜਚਿੜਾਪਨ, ਸਿਰ ਦਰਦ, ਨੀਂਦ ਦੀ ਘਾਟ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਰਿਹਾ ਹੈ। ਅਧਿਐਨ ਦੀ ਅਗਵਾਈ ਪ੍ਰੋ. ਰਵਿੰਦਰ ਖੈਵਾਲ ਨੇ ਕੀਤੀ, ਉਨ੍ਹਾਂ ਨਾਲ ਡਾ. ਅਵਿਨਾਸ਼ ਸ਼ਰੋਫ ਤੇ ਡਾ. ਸੁਮਨ ਮੋਰ ਵੀ ਸ਼ਾਮਲ ਸਨ। ਇਹ ਅਧਿਐਨ ਇੰਡੀਅਨ ਜਰਨਲ ਆਫ਼ ਪਬਲਿਕ ਹੈਲਥ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ’ਚ 422 ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ’ਚੋਂ 100 ਨੂੰ ਟ੍ਰੈਫਿਕ ਡਿਊਟੀ ਤੇ 100 ਨੂੰ ਦਫ਼ਤਰੀ ਡਿਊਟੀ ਤੋਂ ਚੁਣਿਆ ਗਿਆ। ਤੁਲਨਾ ਕਰਨ ’ਤੇ ਸਾਹਮਣੇ ਆਇਆ ਕਿ 96 ਫ਼ੀਸਦੀ ਮੁਲਾਜ਼ਮ ਰੋਜ਼ਾਨਾ 10 ਘੰਟੇ ਤੋਂ ਵੱਧ ਸਮਾਂ ਸ਼ੋਰ ਵਾਲੇ ਮਾਹੌਲ ’ਚ ਬਿਤਾਉਂਦੇ ਹਨ, ਜਦੋਂ ਕਿ ਦਫ਼ਤਰ ਡਿਊਟੀ ਵਾਲੇ ਪੁਲਸ ਮੁਲਾਜ਼ਮ ’ਚ ਇਹ ਅੰਕੜਾ 69 ਫ਼ੀਸਦੀ ਸੀ।
ਦਫ਼ਤਰ ਡਿਊਟੀ ਵਾਲੇ ਸਿਰਫ਼ 29 ਫ਼ੀਸਦੀ ਮੁਲਾਜ਼ਮਾਂ ਨੂੰ ਸਮੱਸਿਆ
ਅਧਿਐਨ ’ਚ ਪਾਇਆ ਗਿਆ ਕਿ 56 ਫ਼ੀਸਦੀ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਕੰਨਾਂ ’ਚ ਲਗਾਤਾਰ ਆਵਾਜ਼ (ਟਿਨਿਟਸ) ਦੀ ਸਮੱਸਿਆ ਹੈ, ਜਦੋਂ ਕਿ ਦਫ਼ਤਰ ਡਿਊਟੀ ਵਾਲੇ ਪੁਲਸ ਮੁਲਾਜ਼ਮਾਂ ’ਚ ਸਮੱਸਿਆ ਸਿਰਫ਼ 29 ਫ਼ੀਸਦੀ ਨੂੰ ਹੀ ਸੀ। ਇਸ ਤੋਂ ਇਲਾਵਾ ਤਣਾਅ ਤੇ ਚਿੜਚਿੜੇਪਨ ਵਰਗੀ ਮਾਨਸਿਕ ਸਮੱਸਿਆਵਾਂ ਟ੍ਰੈਫਿਕ ਡਿਊਟੀ ਵਾਲੇ ਮੁਲਾਜ਼ਮਾਂ ’ਚ ਕਾਫ਼ੀ ਜ਼ਿਆਦਾ ਦੇਖੀ ਗਈ। ਡਾ. ਖੈਵਾਲ ਦੱਸਦੇ ਹਨ ਕਿ ਅਧਿਐਨ ’ਚ ਇਹ ਸਪੱਸ਼ਟ ਹੋਇਆ ਕਿ ਸ਼ੋਰ ਪ੍ਰਦੂਸ਼ਣ ਸਿਰਫ਼ ਸੁਣਨ ਦੀ ਸਮਰੱਥਾ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਸਗੋਂ ਨੀਂਦ ਦੀ ਸਮੱਸਿਆ, ਤਣਾਅ, ਹਾਈਪਰਟੈਨਸ਼ਨ ਤੇ ਦਿਲ ਦੀ ਬਿਮਾਰੀ ਵਰਗੀਆਂ ਗੰਭੀਰ ਪ੍ਰੇਸ਼ਾਨੀਆਂ ਦਾ ਕਾਰਨ ਵੀ ਬਣ ਰਿਹਾ ਹੈ। 80 ਫ਼ੀਸਦੀ ਤੋਂ ਵੱਧ ਮੁਲਾਜ਼ਮ ਤਣਾਅ ਤੋਂ ਪੀੜਤ ਹਨ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ ਭਾਰੀ ਮੀਂਹ ਦਾ ਅਲਰਟ, ਇਨ੍ਹਾਂ 13 ਜ਼ਿਲ੍ਹਿਆਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਸਭ ਤੋਂ ਵੱਧ ਸ਼ੋਰ ਏਅਰਪੋਰਟ ਲਾਈਟ ਪੁਆਇੰਟ ਜੰਕਸ਼ਨ ’ਤੇ
ਚੰਡੀਗੜ੍ਹ ਦੇ 11 ਪ੍ਰਮੁੱਖ ਟ੍ਰੈਫਿਕ ਪੁਆਇੰਟਾਂ ’ਤੇ ਸ਼ੋਰ ਪੱਧਰ ਮਾਪਿਆ ਗਿਆ। ਨਤੀਜਿਆਂ ’ਚ ਸਾਹਮਣੇ ਆਇਆ ਕਿ ਸਭ ਤੋਂ ਵੱਧ ਸ਼ੋਰ ਏਅਰਪੋਰਟ ਲਾਈਟ ਪੁਆਇੰਟ ਜੰਕਸ਼ਨ ’ਤੇ ਪਾਇਆ ਗਿਆ, ਜਿੱਥੇ ਸ਼ੋਰ ਦਾ ਪੱਧਰ 79.9-78.8 ਡੈਸੀਬਲ ਤੱਕ ਪਹੁੰਚ ਗਿਆ ਜਦਕਿ ਸਭ ਤੋਂ ਘੱਟ ਸ਼ੋਰ ਸੁਖਨਾ ਝੀਲ ਦੇ ਐਂਟਰੀ ਪੁਆਇੰਟ ’ਤੇ ਦਰਜ ਹੋਇਆ, ਜੋ 72.0-69.89 ਡੈਸੀਬਲ ਸੀ। ਔਸਤਨ ਸ਼ਹਿਰ ਦੇ ਸਾਰੇ ਪੁਆਇੰਟਾਂ ’ਤੇ ਸ਼ੋਰ ਦਾ ਪੱਧਰ 76 ਡੈਸੀਬਲ ਤੋਂ ਵੱਧ ਰਿਹਾ, ਜੋ ਵਿਸ਼ਵ ਸਿਹਤ ਸੰਗਠਨ ਵੱਲੋਂ ਤੈਅ ਕੀਤੀ 65 ਡੈਸੀਬਲ ਦੀ ਸੁਰੱਖਿਅਤ ਸੀਮਾ ਤੋਂ ਕਾਫ਼ੀ ਜ਼ਿਆਦਾ ਹੈ।
ਵਾਹਨਾਂ ਦੀ ਭੀੜ ਕਾਰਨ ਵੱਧ ਰਿਹਾ ਸ਼ੋਰ ਪ੍ਰਦੂਸ਼ਣ
ਅਧਿਐਨ ’ਚ ਦੱਸਿਆ ਗਿਆ ਕਿ ਸ਼ਹਿਰ ’ਚ ਵਾਹਨ ਘਣਤਾ 4400 ਵਾਹਨ ਪ੍ਰਤੀ ਕਿਲੋਮੀਟਰ ਹੈ, ਜੋ ਦਿੱਲੀ ਨਾਲੋਂ ਲਗਭਗ ਦੁੱਗਣਾ ਹੈ। ਵਾਹਨਾਂ ਦਾ ਬਹੁਤ ਜ਼ਿਆਦਾ ਹੋਣ ਕਾਰਨ ਜਾਮ ਤੇ ਸ਼ੋਰ ਦੋਵੇਂ ਵੱਧ ਰਹੇ ਹਨ। ਡਾ. ਖੈਵਾਲ ਕਹਿੰਦੇ ਹਨ ਕਿ ਮੁਲਾਜ਼ਮ ਲਗਾਤਾਰ ਸ਼ੋਰ ਦੇ ਵਿਚਕਾਰ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਇਹ ਗੰਭੀਰ ਕਿੱਤਾਮੁਖੀ ਖ਼ਤਰਾ ਮੰਨਣਾ ਚਾਹੀਦਾ। ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਮੁਲਾਜ਼ਮ ਇਸ ਨੂੰ ਖ਼ਤਰਾ ਨਹੀਂ ਮੰਨਦੇ ਤੇ ਕੰਨ ਢਕਣ ਵਾਲੇ ਈਅਰਪਲੱਗ ਜਾਂ ਈਅਰਮਫਸ ਵਰਗੇ ਸੁਰੱਖਿਆ ਉਪਕਰਣਾਂ ਦੀ ਵਰਤੋਂ ਨਹੀਂ ਕਰਦੇ।

ਇਹ ਵੀ ਪੜ੍ਹੋ : ਪੰਜਾਬ 'ਚ ਜ਼ਿਮਨੀ ਚੋਣ ਦਾ ਐਲਾਨ, ਜਾਰੀ ਹੋਈ NOTIFICATION, ਪੜ੍ਹੋ ਪੂਰਾ ਸ਼ਡਿਊਲ
ਨਿਯਮਿਤ ਸਿਹਤ ਜਾਂਚ ਤੇ ਡਿਊਟੀ ਰੋਟੇਸ਼ਨ ਸਿਸਟਮ ਹੋਵੇ ਲਾਗੂ
ਮੁਲਾਜ਼ਮਾਂ ’ਚ ਤਣਾਅ ਸਭ ਤੋਂ ਵੱਧ ਪਾਇਆ ਗਿਆ, ਜੋ 80 ਫ਼ੀਸਦੀ ਮੁਲਾਜ਼ਮਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਲੰਬੇ ਸਮੇਂ ਤੱਕ ਸ਼ੋਰ ਵਿਚਕਾਰ ਰਹਿਣ ਨਾਲ ਨਾ ਸਿਰਫ਼ ਮਾਨਸਿਕ ਤਣਾਅ ਸਗੋਂ ਦਿਲ ਦਾ ਦੌਰਾ, ਸ਼ੂਗਰ ਤੇ ਇਮਿਊਨ ਸਿਸਟਮ ਕਮਜ਼ੋਰ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਖੋਜ ਮੁਤਾਬਕ ਜ਼ਰੂਰੀ ਹੈ ਕਿ ਮੁਲਾਜ਼ਮਾਂ ਦੀ ਨਿਯਮਤ ਸਿਹਤ ਜਾਂਚ ਹੋਵੇ, ਡਿਊਟੀ ਰੋਟੇਸ਼ਨ ਸਿਸਟਮ ਲਾਗੂ ਕੀਤਾ ਜਾਏ, ਸ਼ੋਰ ਸਰੋਤਾਂ ਨੂੰ ਕੰਟਰੋਲ ਕੀਤਾ ਜਾਏ ਤੇ ਉੱਚ-ਦਬਾਅ ਵਾਲੇ ਹਾਰਨ ਜਾਂ ਮੋਡੀਫਾਇਡ ਸਾਈਲੈਂਸਰਾਂ ਦੀ ਵਰਤੋਂ ਕਰਨ ਵਾਲਿਆਂ ’ਤੇ ਸਖ਼ਤ ਜੁਰਮਾਨੇ ਲਾਏ ਜਾਣ। ਨਾਲ ਹੀ ਮੁਲਾਜ਼ਮਾਂ ਨੂੰ ਸ਼ੋਰ ਪ੍ਰਦੂਸ਼ਣ ਦੇ ਖ਼ਤਰਿਆਂ ਬਾਰੇ ਵੀ ਜਾਗਰੂਕ ਕੀਤਾ ਜਾਏ। ਖੋਜ ਨੇ ਸਪੱਸ਼ਟ ਕੀਤਾ ਕਿ ਸ਼ੋਰ ਪ੍ਰਦੂਸ਼ਣ ਸਿਰਫ਼ ਇਕ ਵਾਤਾਵਰਣ ਸਮੱਸਿਆ ਨਹੀਂ ਹੈ, ਸਗੋਂ ਇਹ ਮੁਲਾਜ਼ਮਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਲਈ ਗੰਭੀਰ ਖ਼ਤਰਾ ਹੈ। ਜੇਕਰ ਸਮਾਂ ਰਹਿੰਦੇ ਉਪਾਅ ਨਾ ਕੀਤੇ ਤਾਂ ਇਸਦਾ ਅਸਰ ਉਨ੍ਹਾਂ ਦੀ ਸਿਹਤ ਤੇ ਜੀਵਨ ਦੀ ਗੁਣਵੱਤਾ ਦੋਵਾਂ ’ਤੇ ਲੰਬੇ ਸਮੇਂ ਤੱਕ ਰਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Babita

Content Editor

Related News