ਸਾਰਾਗੜ੍ਹੀ ਸਰਾਂ ਲਈ ਫਰਨੀਚਰ ਦੀ ਖਰੀਦ ’ਚ ਹੋਇਆ ਵੱਡਾ ਘਪਲਾ : ਪਰਮਿੰਦਰ ਢੀਂਡਸਾ
Friday, Feb 12, 2021 - 12:13 AM (IST)
![ਸਾਰਾਗੜ੍ਹੀ ਸਰਾਂ ਲਈ ਫਰਨੀਚਰ ਦੀ ਖਰੀਦ ’ਚ ਹੋਇਆ ਵੱਡਾ ਘਪਲਾ : ਪਰਮਿੰਦਰ ਢੀਂਡਸਾ](https://static.jagbani.com/multimedia/2021_2image_00_12_599419528grtt.jpg)
ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਸਰ ਵਿਖੇ ਨਵੀਂ ਬਣੀ ਸਾਰਾਗੜ੍ਹੀ ਸਰਾਂ ਲਈ ਫਰਨੀਚਰ ਦੀ ਖਰੀਦ ’ਚ ਵੱਡੇ ਘਪਲੇ ਦਾ ਦੋਸ਼ ਲਾਇਆ ਹੈ।
ਚੰਡੀਗੜ੍ਹ ਵਿਖੇ ਇਕ ਪ੍ਰੈੱਸ ਮਿਲਣੀ ਦੌਰਾਨ ਢੀਂਡਸਾ ਤੋਂ ਇਲਾਵਾ ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ, ਐੱਸ. ਜੀ. ਪੀ. ਸੀ. ਦੇ ਕਾਰਜ਼ਕਾਰੀ ਮੈਂਬਰਾਂ ਮਿੱਠੂ ਸਿੰਘ ਕਾਹਨੇਕੇ, ਅਮਰੀਕ ਸਿੰਘ ਸ਼ਾਹਪੁਰ, ਸਾਬਕਾ ਐੱਸ. ਜੀ. ਪੀ. ਸੀ. ਮੈਂਬਰ ਹਰਬੰਸ ਸਿੰਘ ਮੰਝਪੁਰ ਨੇ ਖੁਲਾਸਾ ਕੀਤਾ ਕਿ ਸਾਰਾਗੜ੍ਹੀ ਸਰਾਂ ਦੇ 239 ਕਮਰਿਆਂ ਵਿਚ ਫਰਨੀਚਰ ਦੀ ਖਰੀਦ ਵਿਚ ਵੱਡਾ ਘਪਲਾ ਹੋਇਆ ਹੈ। ਜਿਥੇ ਮਾਰਕੀਟ ਰੇਟ ਵਿਚ ਇਹ ਫਰਨੀਚਰ ਸਿਰਫ਼ ਪੌਣੇ ਦੌ ਕਰੋੜ ਰੁਪਏ ਵਿਚ ਖਰੀਦਿਆ ਜਾ ਸਕਦਾ ਸੀ, ਉਹੀ ਫਰਨੀਚਰ ਚੀਨ ਦੀ ਵਰਨੀਕਾ ਓਵਰਸੀਜ਼ ਨਾਂ ਦੀ ਕੰਪਨੀ ਤੋਂ 5 ਕਰੋੜ 17 ਲੱਖ ਰੁਪਏ ਵਿਚ ਖਰੀਦਿਆ ਗਿਆ ਅਤੇ ਬੰਦਰਗਾਹ ਤੋਂ ਅੰਮ੍ਰਿਤਸਰ ਤਕ ਦੀ ਢੁਆਈ ਸਾਢੇ 19 ਲੱਖ ਰੁਪਏ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਖਰੀਦ ਲਈ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ, ਰਜਿੰਦਰ ਸਿੰਘ ਮਹਿਤਾ ਅਤੇ ਰਘੁਜੀਤ ਸਿੰਘ ਵਿਰਕ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਕਮੇਟੀ ਦੀ ਮਨਜ਼ੂਰੀ ਤੋਂ ਬਗੈਰ ਹੀ ਫਰਨੀਚਰ ਖ਼ਰੀਦ ਲਿਆ ਗਿਆ ਅਤੇ ਚਾਰ ਸਾਲ ਪਹਿਲਾਂ ਕੀਤੀ ਖਰੀਦ ਵਿਚ ਘਪਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਕੰਪਨੀ ਨੂੰ ਅਦਾਇਗੀ ਲਈ ਦਿੱਤੇ ਚੈੱਕ ’ਤੇ ਕਮੇਟੀ ਦੇ ਇੱਕ ਮੈਂਬਰ ਰਘੁਜੀਤ ਸਿੰਘ ਵਿਰਕ ਦੇ ਹਸਤਾਖ਼ਰ ਨਾ ਹੋਣ ਕਰ ਕੇ ਸੀ. ਏ. ਵਲੋਂ ਇਤਰਾਜ਼ ਲਗਾਉਣ ਕਾਰਨ ਅਦਾਇਗੀ ਨੂੰ ਮਨਜ਼ੂਰੀ ਦੇਣ ਲਈ ਇਹ ਮਸਲਾ ਕਾਰਜਕਾਰੀ ਕਮੇਟੀ ਵਿਚ ਲਿਆਂਦਾ ਗਿਆ। ਇਥੇ ਮਿੱਠੂ ਸਿੰਘ ਕਾਹਨੇਕੇ ਅਤੇ ਹੋਰ ਮੈਂਬਰਾਂ ਨੇ ਵਿਰੋਧ ਜਤਾਉਂਦੇ ਹੋਏ ਮਨਜ਼ੂਰੀ ਨਹੀਂ ਹੋਣ ਦਿੱਤੀ।
ਢੀਂਡਸਾ ਨੇ ਇਹ ਵੀ ਦੋਸ਼ ਲਾਇਆ ਕਿ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਮੈਨੇਜਰ ਵਲੋਂ ਵੱਡੇ ਪੱਧਰ ’ਤੇ ਜਾਅਲੀ ਬਿੱਲ ਪਾਸ ਕੀਤੇ ਗਏ ਅਤੇ ਇੱਥੇ ਸਥਿਤ ਸ਼੍ਰੋਮਣੀ ਕਮੇਟੀ ਦੀਆਂ ਦੁਕਾਨਾਂ ਦੇ ਕਿਰਾਏ ਵਿਚ ਵੀ ਵੱਡਾ ਘਪਲਾ ਚੱਲ ਰਿਹਾ ਹੈ। ਮੈਨੇਜ਼ਰ ਵਲੋਂ ਕੀਤਾ ਘਪਲਾ ਸਾਹਮਣੇ ਆਉਣ ’ਤੇ ਹਾਲਾਂਕਿ ਉਸ ਨੂੰ ਬਦਲ ਦਿੱਤਾ ਗਿਆ ਪਰ ਇਸ ਉਪਰੰਤ ਨਾ ਸਿਰਫ਼ ਉਸ ਨੂੰ ਤਰੱਕੀ ਦੇ ਕੇ ਖਰੀਦ ਇੰਸਪੈਕਟਰ ਬਣਾ ਦਿੱਤਾ ਗਿਆ, ਸਗੋਂ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ’ਤੇ ਇਸ ਘਪਲੇ ਦੀ ਜਾਂਚ ਠੱਪ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਵਿਚ ਅਜਿਹੇ ਅਨੇਕ ਘਪਲੇ ਚੱਲ ਰਹੇ ਹਨ ਅਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਰਚੀ ਉਨ੍ਹਾਂ ਦੀ ਜੇਬ ਵਿਚੋਂ ਹੀ ਨਿਕਲਦੀ ਹੈ।