ਪੰਜਾਬ 'ਚ ਸਰਦੀਆਂ ਦੀਆਂ ਛੁੱਟੀਆਂ ਵਿਚਾਲੇ ਆਈ ਵੱਡੀ ਖ਼ਬਰ, ਸਖ਼ਤ ਹੁਕਮ ਜਾਰੀ
Tuesday, Dec 24, 2024 - 12:36 PM (IST)

ਮੋਹਾਲੀ/ਲੁਧਿਆਣਾ (ਵਿੱਕੀ) : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਲਈ ਅਹਿਮ ਫ਼ੈਸਲਾ ਲਿਆ ਹੈ। ਦਰਅਸਲ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ 233 ਪੀ. ਐੱਮ ਸ਼੍ਰੀ ਸਕੂਲਾਂ 'ਚ ਵਿਦਿਆਰਥੀਆਂ ਲਈ ਸਰਦ ਰੁੱਤ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਵਿੰਟਰ ਕੈਂਪ ਦਾ ਮਕਸਦ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਰਾਹੀਂ ਸਰਗਰਮ ਰੱਖਣਾ ਹੈ। ਇਹ ਕੈਂਪ ਵਿਦਿਆਰਥੀਆਂ 'ਚ ਰਚਨਾਤਮਕਤਾ, ਵੱਖ-ਵੱਖ ਵਿਸ਼ਿਆਂ 'ਚ ਦਿਲਚਸਪੀ, ਸੰਪੂਰਨ ਵਿਕਾਸ ਅਤੇ ਅਨੁਭਵੀ ਸਿੱਖਣ ਨੂੰ ਉਤਸ਼ਾਹਿਤ ਕਰਨਗੇ।
ਇਹ ਵੀ ਪੜ੍ਹੋ : ਕਦੇ ਵੀ ਹੋ ਸਕਦੀ ਹੈ ਡੱਲੇਵਾਲ ਦੀ ਮੌਤ! ਡਾਕਟਰ ਨੇ ਕੀਤਾ ਵੱਡਾ ਖ਼ੁਲਾਸਾ (ਵੀਡੀਓ)
ਪ੍ਰਤੀ ਵਿਦਿਆਰਥੀ 100 ਰੁਪਏ ਦਾ ਬਜਟ ਰੱਖਿਆ
ਪੱਤਰ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰੇਕ ਵਿਦਿਆਰਥੀ ਲਈ 100 ਰੁਪਏ ਦਾ ਬਜਟ ਵੀ ਦਿੱਤਾ ਜਾ ਰਿਹਾ ਹੈ, ਜਿਸ ਦੀ ਵਰਤੋਂ ਉਨ੍ਹਾਂ ਦੀਆਂ ਸਿਹਤ ਲੋੜਾਂ ਅਤੇ ਠੰਡ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਗਤੀਵਿਧੀਆਂ ਕਰਵਾਉਣ 'ਚ ਕੀਤੀ ਜਾਵੇਗੀ। ਸਾਰੇ ਸਕੂਲਾਂ ਨੂੰ ਸਰਦ ਰੁੱਤ ਕੈਂਪ ਲਾਉਣ ਲਈ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਕਮੇਟੀ 'ਚ ਸਕੂਲ ਮੁਖੀ, 3 ਸੀਨੀਅਰ ਅਧਿਆਪਕ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਸ਼ਾਮਲ ਹੋਣਗੇ। ਸਕੂਲ ਮੁਖੀ ਇਸ ਕਮੇਟੀ ਦੇ ਸਹਿਯੋਗ ਨਾਲ ਕੈਂਪ ਦੀ ਵਿਉਂਤਬੰਦੀ ਕਰਨਗੇ ਅਤੇ ਸਾਰੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣਗੇ। ਵਿਦਿਆਰਥੀਆਂ ਦੀ ਸਿਹਤ ਅਤੇ ਠੰਡ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਉਕਤ ਕੈਂਪ ਸਕੂਲਾਂ 'ਚ ਨਾ ਲਾ ਕੇ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ (ਨਾਲ ਨੱਥੀ ਲਿਸਟ ਮੁਤਾਬਕ) ਘਰ ਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 27 ਦਸੰਬਰ ਨੂੰ ਛੁੱਟੀ ਦਾ ਐਲਾਨ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਸਕੂਲਾਂ ਲਈ ਸਖ਼ਤ ਹਦਾਇਤਾਂ ਜਾਰੀ
ਸਾਰੇ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ 31 ਮਾਰਚ ਤੱਕ ਸਰਦ ਰੁੱਤ ਕੈਂਪ ਦੀਆਂ ਗਤੀਵਿਧੀਆਂ ਦੀ ਰਿਪੋਰਟ ਫੋਟੋਆਂ ਸਮੇਤ ਮੁੱਖ ਦਫ਼ਤਰ ਨੂੰ ਭੇਜਣ। ਇਸ ਤੋਂ ਇਲਾਵਾ ਅਕਾਦਮਿਕ ਵਿਕਾਸ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੂੰ ਵਰਕਸ਼ੀਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪ੍ਰਾਜੈਕਟਾਂ ਦੀ ਇੱਕ ਰੋਜ਼ਾ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਪ੍ਰਦਰਸ਼ਨੀ 'ਚ ਹੈੱਡਕੁਆਰਟਰ ਦੀਆਂ ਟੀਮਾਂ, ਜ਼ਿਲ੍ਹਾ ਸਿੱਖਿਆ ਅਫ਼ਸਰ, ਬੀ. ਐੱਨ. ਓਜ਼, ਅਤੇ ਏ. ਐੱਸ. ਜੀ. ਗਰੁੱਪ ਮੈਂਬਰ ਹਿੱਸਾ ਲੈਣਗੇ। ਨਾਲ ਹੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਐੱਸ. ਐੱਮ. ਸੀ. ਦੇ ਮੈਂਬਰਾਂ ਨੂੰ ਵੀ ਬੁਲਾਇਆ ਜਾ ਸਕਦਾ ਹੈ। ਸਕੂਲਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਇਸ ਪ੍ਰਦਰਸ਼ਨੀ ਦੀਆਂ ਰਿਪੋਰਟਾਂ ਅਤੇ ਤਸਵੀਰਾਂ ਨੂੰ ਸੰਭਾਲ ਕੇ ਰੱਖਣ। ਇਨ੍ਹਾਂ ਸਾਰੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8