ਸੈਕਟਰ-32 ਟ੍ਰੈਕ ਇੰਚਾਰਜ ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ, ਰੱਦੀ ਦੇ ਢੇਰ ’ਚ ਸੁੱਟੇ ਵੈਲਿਡ ਲਾਇਸੈਂਸ

Wednesday, Aug 28, 2024 - 05:13 AM (IST)

ਸੈਕਟਰ-32 ਟ੍ਰੈਕ ਇੰਚਾਰਜ ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ, ਰੱਦੀ ਦੇ ਢੇਰ ’ਚ ਸੁੱਟੇ ਵੈਲਿਡ ਲਾਇਸੈਂਸ

ਲੁਧਿਆਣਾ (ਰਾਮ) : ਸੈਕਟਰ-32 ਟ੍ਰੈਕ ਦੇ ਇੰਚਾਰਜ ਦੀ ਕੋਈ ਨਾ ਕੋਈ ਵੱਡੀ ਲਾਪ੍ਰਵਾਹੀ ਰੋਜ਼ਾਨਾ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲੇ ’ਚ ਸੈਕਟਰ-32 ਟ੍ਰੈਕ ’ਤੇ ਲੋਕਾਂ ਦੇ ਵੈਲਿਡ ਲਾਇਸੈਂਸ ਰੱਦੀ ਦੇ ਢੇਰ ’ਚ ਸੁੱਟ ਰੱਖੇ ਹਨ। ਇਨ੍ਹਾਂ ’ਚੋਂ ਕਈ ਲਾਇਸੈਂਸ ਤਾਂ 2034 ਅਤੇ ਕੁਝ 2044 ਤੱਕ ਵੀ ਵੈਲਿਡ ਹਨ।

ਇਨ੍ਹਾਂ ਲਾਇਸੈਂਸਾਂ ਦੀ ਵਰਤੋਂ ਕੋਈ ਵੀ ਸ਼ਰਾਰਤੀ ਤੱਤ ਗਲਤ ਇਰਾਦੇ ਨਾਲ ਕਰ ਸਕਦਾ ਹੈ। ਅਪਰਾਧਕ ਅਕਸ ਵਾਲੇ ਲੋਕ ਵੀ ਇਨ੍ਹਾਂ ਲਾਇਸੈਂਸਾਂ ਦੀ ਗਲਤ ਜਾਂ ਵਾਰਦਾਤ ’ਚ ਵਰਤੋਂ ਕਰ ਸਕਦੇ ਹਨ, ਜਿਸ ਦਾ ਖਮਿਆਜ਼ਾ ਲਾਇਸੈਂਸ ਧਾਰਕ ਨੂੰ ਭੁਗਤਣਾ ਪੈ ਸਕਦਾ ਹੈ।

PunjabKesari

ਟ੍ਰੈਕ ਇੰਚਾਰਜ ਮਿਸਟਰ ਇੰਡੀਆ, ਰਹਿੰਦੇ ਹਨ ਸੀਟ ਤੋਂ ਗ਼ਾਇਬ
ਸੈਕਟਰ-32 ਦੇ ਟ੍ਰੈਕ ਇੰਚਾਰਜ ਮਿਸਟਰ ਇੰਡੀਆ ਵਾਂਗ ਗਾਇਬ ਰਹਿੰਦੇ ਹਨ। ਉਹ ਆਪਣੀ ਸੀਟ ’ਤੇ ਘੱਟ ਹੀ ਮਿਲਦੇ ਹਨ। ਜ਼ਿਆਦਾਤਰ ਸਮਾਂ ਕਿਥੇ ਰਹਿੰਦੇ ਹਨ, ਇਸ ਦਾ ਪਤਾ ਕਰਨਾ ਮੁਸ਼ਕਿਲ ਹੈ ਪਰ ਬਿਨੈਕਾਰਾਂ ਨੂੰ ਜ਼ਰੂਰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ, ਕਿਉਂਕਿ ਉਹ ਆਪਣੀਆਂ ਫਾਈਲਾਂ ਲੈ ਕੇ ਇਧਰ-ਓਧਰ ਘੁੰਮਦੇ ਰਹਿੰਦੇ ਹਨ।

ਅਜਿਹੀ ਹੀ ਹਾਲਤ ਪਿਛਲੇ 2-3 ਮਹੀਨਿਆਂ ਤੋਂ ਟ੍ਰੈਕ ’ਤੇ ਬਣੀ ਹੋਈ ਹੈ, ਜਿਸ ਕਾਰਨ ਬਿਨੈਕਾਰ ਪ੍ਰੇਸ਼ਾਨ ਹਨ। ਇਸ ਤੋਂ ਪਹਿਲਾਂ ਉਹ ਸਰਕਾਰੀ ਕਾਲਜ ਵਾਲੇ ਟ੍ਰੈਕ ’ਤੇ ਵੀ ਤਾਇਨਾਤ ਰਹਿ ਚੁੱਕੇ ਹਨ। ਉਥੇ ਵੀ ਇਸੇ ਤਰ੍ਹਾਂ ਦੇ ਹਾਲਾਤ ਸਨ।

ਟ੍ਰੈਕ ਇੰਚਾਰਜ ਦਾ ਦਾਅਵਾ, ਚੋਰਾਂ ਨੇ ਖਿਲਾਰੇ ਲਾਇਸੈਂਸ
ਓਧਰ, ਇਸ ਸਬੰਧੀ ਜਦੋਂ ਟ੍ਰੈਕ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਲਾਇਸੈਂਸ ਕੁਝ ਦਿਨ ਪਹਿਲਾਂ ਟ੍ਰੈਕ ’ਤੇ ਦਾਖਲ ਹੋਏ ਚੋਰਾਂ ਨੇ ਖਿਲਾਰੇ ਹਨ। ਪਹਿਲਾਂ ਇਨ੍ਹਾਂ ਨੂੰ ਇਕ ਬੋਰੇ ’ਚ ਬੰਦ ਕਰ ਕੇ ਰੱਖਿਆ ਗਿਆ ਸੀ। ਇਹ ਲਾਇਸੈਂਸ ਡਿਸਪੋਜ਼ ਕੀਤੇ ਜਾਣੇ ਹਨ। ਉਨ੍ਹਾਂ ਨੇ ਇਸ ਸਬੰਧੀ ਆਰ. ਟੀ. ਏ. ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ।

ਲਾਇਸੈਂਸਾਂ ਦੀ ਸੰਭਾਲ ਦਾ ਕੰਮ ਇੰਚਾਰਜ ਦਾ, ਕੱਲ੍ਹ ਹੀ ਕਰਾਂਗਾ ਚੈਕਿੰਗ : ਏ. ਟੀ. ਓ.
ਇਸ ਸਬੰਧੀ ਜਦੋਂ ਏ. ਟੀ. ਓ. ਅਭਿਸ਼ੇਕ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਇਸੈਂਸਾਂ ਦੀ ਸੰਭਾਲ ਦਾ ਕੰਮ ਟ੍ਰੈਕ ਇੰਚਾਰਜ ਦਾ ਹੀ ਹੈ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਹੀ ਟ੍ਰੈਕ ’ਤੇ ਖੁਦ ਜਾ ਕੇ ਮਾਮਲੇ ਦੀ ਜਾਂਚ ਕਰਨਗੇ, ਜੋ ਵੀ ਦੋਸ਼ੀ ਪਾਇਆ ਗਿਆ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

 


author

Sandeep Kumar

Content Editor

Related News