ਮੂਸੇਵਾਲਾ ਦਾ ਅਨੋਖਾ ਫੈਨ : ਨਿੱਕੇ ਸਿੱਧੂ ਦੇ ਆਉਣ ''ਤੇ ਚਿੰਤਪੁਰਨੀ ਤੋਂ ਮੋੜ ਲਿਆਇਆ ਗੱਡੀ, ਕੀਤੇ 51,000 ਰੁਪਏ ਦਾਨ

03/20/2024 3:28:56 AM

ਜਲੰਧਰ (ਵੈੱਬਡੈਸਕ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਪੰਜਾਬ ਹੀ ਨਹੀਂ, ਸਗੋਂ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਪ੍ਰਸ਼ੰਸਕ ਵੀ ਦਿਲੋਂ ਪਿਆਰ ਕਰਦੇ ਹਨ। ਆਪਣੇ ਗੀਤਾਂ ਤੇ ਜ਼ਮੀਨ ਨਾਲ ਜੁੜੀ ਸੋਚ ਕਾਰਨ ਸਿੱਧੂ ਮੂਸੇਵਾਲਾ ਨੇ ਹਰ ਚਾਹੁਣ ਵਾਲੇ ਦੇ ਦਿਲ 'ਚ ਵੱਖਰੀ ਥਾਂ ਬਣਾਈ ਹੋਈ ਹੈ। 

ਗੈਂਗਸਟਰਾਂ ਵੱਲੋਂ ਉਸ ਦਾ ਕਤਲ ਕੀਤੇ ਜਾਣ ਦੇ ਕਰੀਬ 2 ਸਾਲ ਬਾਅਦ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਬੀਤੇ ਦਿਨੀਂ 17 ਮਾਰਚ ਨੂੰ ਇਕ ਹੋਰ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਉਨ੍ਹਾਂ ਦਾ ਸਿੱਧੂ ਹੀ ਹੈ ਜੋ ਵਾਪਸ ਆ ਗਿਆ ਹੈ। ਉਨ੍ਹਾਂ ਇਸ ਨਵਜੰਮੇ ਬੱਚੇ ਦਾ ਨਾਂ ਵੀ ਸ਼ੁੱਭਦੀਪ ਸਿੰਘ ਸਿੱਧੂ ਹੀ ਰੱਖਿਆ ਹੈ। 

ਜਦੋਂ ਤੋਂ ਬਲਕੌਰ ਸਿੰਘ ਨੇ ਇਹ ਖ਼ਬਰ ਸਾਂਝੀ ਕੀਤੀ ਹੈ, ਸਿੱਧੂ ਦੇ ਪ੍ਰਸ਼ੰਸਕਾਂ ਕੋਲੋਂ ਖੁਸ਼ੀ ਵੀ ਸਾਂਭੀ ਨਹੀਂ ਜਾ ਰਹੀ। ਹਰ ਕਿਸੇ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਹਨ, ਕਈ ਖੁਸ਼ੀਆਂ 'ਚ ਸਿੱਧੂ ਦੇ ਗੀਤਾਂ 'ਤੇ ਭੰਗੜੇ ਪਾ ਰਹੇ ਹਨ ਤੇ ਕਈ ਮਠਿਆਈਆਂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। 

ਇਹ ਵੀ ਪੜ੍ਹੋ- ਸਿਆਸਤ 'ਚ ਆਉਣ ਬਾਰੇ ਦੇਖੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀ ਦਿੱਤਾ ਜਵਾਬ (ਵੀਡੀਓ)

ਇਸ ਦੌਰਾਨ ਸਿੱਧੂ ਦਾ ਇਕ ਅਜਿਹਾ ਫੈਨ ਵੀ ਹੈ, ਜਿਸ ਨੇ ਸਿੱਧੂ ਦੇ ਭਰਾ ਦੇ ਪੈਦਾ ਹੋਣ ਦੀ ਮੰਨਤ ਮੰਗੀ ਸੀ, ਤੇ ਜਦੋਂ ਉਸ ਦੀ ਇਹ ਮੰਨਤ ਪੂਰੀ ਹੋ ਗਈ ਤਾਂ ਉਸ ਨੇ ਮੰਦਰ ਨੂੰ 51 ਹਜ਼ਾਰ ਰੁਪਏ ਭੇਂਟ ਕੀਤੇ ਹਨ। ਇਸ ਫੈਨ ਦਾ ਨਾਂ ਹੈ ਮਨੀ ਨਾਗਪਾਲ, ਜੋ ਕਿ ਫਾਜ਼ਿਲਕਾ ਦਾ ਰਹਿਣ ਵਾਲਾ ਹੈ। 

ਉਸ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਤਾਂ ਉਹ ਬਹੁਤ ਜ਼ਿਆਦਾ ਦੁਖੀ ਹੋਇਆ ਸੀ। ਉਸ ਨੂੰ ਇਸ ਗੱਲ ਦੀ ਬਹੁਤ ਤਕਲੀਫ਼ ਹੋਈ ਸੀ ਕਿ ਬਦਮਾਸ਼ਾਂ ਨੇ ਸਿੱਧੂ ਦੇ ਮਾਂ-ਪਿਓ ਤੋਂ ਉਨ੍ਹਾਂ ਦੇ ਜਿਊਣ ਦਾ ਇਕਲੌਤਾ ਸਹਾਰਾ ਵੀ ਖੋਹ ਲਿਆ ਹੈ। ਉਸ ਨੇ ਸਿੱਧੂ ਦੀ ਮੌਤ ਤੋਂ ਬਾਅਦ ਕਈ ਦਿਨ ਤੱਕ ਰੋਟੀ ਵੀ ਨਹੀਂ ਖਾਧੀ ਸੀ। 

ਇਸ ਤੋਂ ਬਾਅਦ ਉਸ ਨੇ ਹਨੂੰਮਾਨ ਮੰਦਰ 'ਚ ਮੰਨਤ ਮੰਗੀ ਸੀ ਕਿ ਜੇਕਰ ਸਿੱਧੂ ਇਕ ਵਾਰ ਵਾਪਸ ਆ ਜਾਵੇ ਤਾਂ ਉਹ ਮੰਦਰ ਨੂੰ 51 ਹਜ਼ਾਰ ਰੁਪਏ ਦਾਨ ਕਰੇਗਾ। ਇਸ ਦੌਰਾਨ ਬੀਤੇ ਦਿਨੀਂ ਜਦੋਂ ਉਸ ਨੂੰ ਮਾਂ ਚਰਨ ਕੌਰ ਵੱਲੋਂ ਪੁੱਤਰ ਨੂੰ ਜਨਮ ਦੇਣ ਦੀ ਖ਼ਬਰ ਪਤਾ ਲੱਗੀ ਤਾਂ ਉਹ ਮਾਤਾ ਚਿੰਤਪੁਰਨੀ ਵੱਲ ਜਾ ਰਿਹਾ ਸੀ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 24 ਘੰਟਿਆਂ 'ਚ ਹੀ ਮਾਰ ਸੁੱਟਿਆ ਸ਼ਹੀਦ ਮੁਲਾਜ਼ਮ ਅੰਮ੍ਰਿਤਪਾਲ ਦਾ ਕਾਤਲ (ਵੀਡੀਓ)

ਜਦੋਂ ਉਸ ਨੂੰ ਨਿੱਕੇ ਸਿੱਧੂ ਦੇ ਆਉਣ ਦਾ ਪਤਾ ਲੱਗਿਆ ਤਾਂ ਉਸ ਨੇ ਰਸਤੇ 'ਚੋਂ ਹੀ ਗੱਡੀ ਮੋੜ ਲਈ ਅਤੇ ਸਭ ਤੋਂ ਪਹਿਲਾਂ ਮੰਦਰ 'ਚ ਪਰਮਾਤਮਾ ਦਾ ਸ਼ੁਕਰ ਕਰਨ ਪੁੱਜ ਗਿਆ। ਉਸ ਨੇ ਆਪਣੀ ਮੰਨਤ ਪੂਰੀ ਹੋਣ 'ਤੇ ਭਗਵਾਨ ਦਾ ਧੰਨਵਾਦ ਕੀਤਾ ਅਤੇ 51 ਹਜ਼ਾਰ ਰੁਪਏ ਦਾ ਦਾਨ ਮੰਦਰ ਦੇ ਪੁਜਾਰੀ ਨੂੰ ਭੇਟ ਕੀਤਾ। 

ਮਨੀ ਨੇ ਅੱਗੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਿੱਧੂ ਦੇ ਮਾਂ-ਪਿਓ ਨੂੰ ਜਿਊਣ ਦਾ ਸਹਾਰਾ ਮਿਲ ਗਿਆ ਹੈ। ਉਸ ਨੇ ਦੱਸਿਆ ਕਿ ਉਹ 'ਡਾਲਰ' ਗੀਤ ਤੋਂ ਸਿੱਧੂ ਦਾ ਫੈਨ ਬਣਿਆ ਸੀ ਤੇ ਉਨ੍ਹਾਂ ਦੇ ਘਰ ਦੀ ਹਰ ਗੱਡੀ ਪਿੱਛੇ ਸਿੱਧੂ ਮੂਸੇਵਾਲਾ ਦੀ ਫੋਟੋ ਬਣਵਾਈ ਹੋਈ ਹੈ। ਉਹ ਜਦੋਂ ਵੀ ਨਵੀਂ ਗੱਡੀ ਲੈਂਦੇ ਹਨ ਤਾਂ ਬਾਕੀ ਕੰਮ ਬਾਅਦ 'ਚ ਕਰਦੇ ਹਨ, ਪਰ ਸਿੱਧੂ ਦੀ ਤਸਵੀਰ ਪਹਿਲਾਂ ਬਣਵਾਉਂਦੇ ਹਨ। ਉਸ ਨੇ ਅੱਗੇ ਦੱਸਿਆ ਕਿ ਉਹ ਅਜਿਹਾ ਇਸ ਲਈ ਕਰਦੇ ਹਨ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੁਨੀਆ 'ਚ ਹਾਲੇ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਜਿਊਂਦੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News