ਪੰਜਾਬ ਵਿਚ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ, ਦੋ ਦੀ ਮੌਤ

Friday, Oct 04, 2024 - 06:34 PM (IST)

ਪੰਜਾਬ ਵਿਚ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ, ਦੋ ਦੀ ਮੌਤ

ਮੋਗਾ (ਆਜ਼ਾਦ, ਗੋਪੀ ਰਾਊਕੇ)- ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਕੋਟ ਸਦਰ ਖਾਂ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਧਾਰਮਿਕ ਸੰਸਥਾ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਕਰੰਟ ਦੀ ਲਪੇਟ ਵਿਚ ਆਉਣ ਕਰ ਕੇ ਇਕ ਔਰਤ ਜੋਗਿੰਦਰ ਕੌਰ ਨਿਵਾਸੀ ਪਿੰਡ ਪਾਦਰੀ ਫਿਰੋਜ਼ਪੁਰ ਅਤੇ ਰਣਜੀਤ ਸਿੰਘ ਨਿਵਾਸੀ ਪਿੰਡ ਰੋਡੇਵਾਲ ਸਭਰਾਵਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਲਾਵਾ 6 ਤੋਂ 7 ਸ਼ਰਧਾਲੂਆਂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਕੋਟ ਈਸੇ ਖਾਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਜਾਣਕਾਰੀ ਅਨੁਸਾਰ ਪਿੰਡ ਕੋਟ ਸਦਰ ਖਾਂ ਵਿਖੇ ਸਭਰਾਵਾਂ ਵਾਲੇ ਬਾਬਾ ਜੀ ਵੱਲੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਇਸ ਦੌਰਾਨ ਪਾਲਕੀ ਸਾਹਿਬ ਉਪਰ ਲੱਗੇ ਨਿਸ਼ਾਨ ਸਾਹਿਬ ਦੇ ਬਿਜਲੀ ਕਰੰਟ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਉਕਤ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : ਸਰਪੰਚੀ ਦੇ ਕਾਗਜ਼ ਭਰਨ ਮੌਕੇ ਜ਼ਬਰਦਸਤ ਝੜਪ, ਚੱਲੀਆਂ ਗੋਲੀਆਂ

ਜਦੋਂ ਇਸ ਸਬੰਧ ਵਿਚ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਬਾਅਦ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਇਸ ਘਟਨਾ ਨੂੰ ਲੈ ਕੇ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸੋਗ ਪਾਇਆ ਜਾ ਰਿਹਾ ਹੈ।

 

 


author

Gurminder Singh

Content Editor

Related News