ਖਹਿਰਾ ਦੇ ਕੈਨੇਡਾ ਕੁਨੈਕਸ਼ਨ ਦੀ ਹੋਵੇ ਉੱਚ ਪੱਧਰੀ ਜਾਂਚ : ਬੀਬੀ ਜਗੀਰ ਕੌਰ

11/18/2017 6:12:48 AM

ਜਲੰਧਰ(ਬੁਲੰਦ)- ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ 'ਤੇ ਹੱਲਾ ਬੋਲਦੇ ਹੋਏ ਕਿਹਾ ਕਿ ਫਾਜ਼ਿਲਕਾ ਕੋਰਟ ਦੇ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਰੱਦ ਕਰ ਦਿੱਤਾ ਗਿਆ। ਇਸ ਲਈ ਖਹਿਰਾ ਮਾਮਲੇ ਦੀ ਪੰਜਾਬ ਸਰਕਾਰ ਉੱਚ ਪੱਧਰੀ ਜਾਂਚ ਕਰਵਾਏ। ਉਨ੍ਹਾਂ ਕਿਹਾ ਕਿ ਖਹਿਰਾ ਦੇ ਦੇਬੀ ਤੋਂ ਇਲਾਵਾ ਕੈਨੇਡਾ ਵਿਚ ਬੈਠੇ ਪੀ. ਓ. ਦਾਰਾ ਮੁਠੱਡਾ ਨਾਲ ਨਜ਼ਦੀਕੀ ਸਬੰਧ ਹਨ। ਜੇਕਰ ਖਹਿਰਾ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਪੁਛੱਗਿੱਛ ਕੀਤੀ ਜਾਵੇ ਤਾਂ ਉਸ ਦੇ ਨਸ਼ਾ ਸਮੱਗਲਰਾਂ ਨਾਲ ਸਬੰਧ ਖੁਲ੍ਹ ਕੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਤੁਰੰਤ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਸੀ ਕਿ ਖਹਿਰਾ ਨੂੰ ਪਾਰਟੀ 'ਚੋਂ ਬਾਹਰ ਕੱਢਦੇ ਪਰ ਕੇਜਰੀਵਾਲ ਨੇ ਅਜਿਹਾ ਨਹੀਂ ਕੀਤਾ, ਜਿਸ ਤੋਂ ਸਾਫ ਹੈ ਕਿ ਨਸ਼ਾ ਸਮੱਗਲਿੰਗ ਦਾ ਪੈਸਾ ਕੇਜਰੀਵਾਲ ਦੀ ਜੇਬ ਵਿਚ ਵੀ ਪਹੁੰਚਦਾ ਰਿਹਾ ਹੈ, ਜਿਸ ਕਾਰਨ ਉਹ ਖਹਿਰਾ  ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਦੇ ਵਿਦੇਸ਼ ਵਿਚ ਬੈਠੇ ਖਾਲਿਸਤਾਨੀਆਂ ਨਾਲ ਸਬੰਧ ਹਨ। 
ਉਨ੍ਹਾਂ  ਦੇ ਪਿਤਾ ਵੀ ਖਾਲਿਸਤਾਨ ਦੇ ਨਾਂ 'ਤੇ ਵਿਦੇਸ਼ਾਂ ਤੋਂ ਪੈਸੇ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ, ਦੇਬੀ ਅਤੇ ਦਾਰਾ ਨੇ ਮਿਲ ਕੇ ਭੁਲੱਥ ਹਲਕੇ ਵਿਚ ਨਸ਼ੇ ਦਾ ਪਸਾਰ ਕੀਤਾ , ਜਿਸ ਕਾਰਨ ਇਲਾਕੇ ਵਿਚ ਕਈ ਖਿਡਾਰੀ ਨਸ਼ੇ ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਾਰਾ ਮੁਠੱਡਾ ਨੂੰ ਕੈਨੇਡਾ ਤੋਂ ਬੁਲਾ ਕੇ ਦੇਬੀ ਅਤੇ ਖਹਿਰਾ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ ਤਾਂ ਕਈ ਕੜੀਆਂ ਸਾਹਮਣੇ ਆਉਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਰਾਏਪੁਰ, ਕੁਲਵੰਤ ਮੰਨਣ, ਡਾ. ਭੱਟੀ ਆਦਿ ਵੀ  ਮੌਜੂਦ ਸਨ। ਇਸ ਮਾਮਲੇ 'ਚ ਸੁਖਪਾਲ ਖਹਿਰਾ ਨੇ ਬੀਬੀ ਜਗੀਰ ਕੌਰ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਇਸ ਮਾਮਲੇ 'ਚ ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ।


Related News