ਪਾਣੀ ਲਈ ਤਰਸੇ ਸ਼ਹਿਰ ਵਾਸੀ, ਗੁੱਸੇ ''ਚ ਉੱਤਰੇ ਸੜਕਾਂ ''ਤੇ, ਕਾਂਗਰਸ-ਭਾਜਪਾ ਇੱਕੋ ਮੰਚ ''ਤੇ
Sunday, Jun 28, 2026 - 11:23 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਗਰਮੀ ਦੀ ਤਪਸ਼ 'ਚ ਜਦੋਂ ਘਰਾਂ ਦੀਆਂ ਟੂਟੀਆਂ ਸੁੱਕ ਜਾਣ ਅਤੇ ਬੱਚੇ ਪਾਣੀ ਲਈ ਤਰਸਣ ਤਾਂ ਸਬਰ ਦਾ ਬੰਨ੍ਹ ਟੁੱਟਣਾ ਸੁਭਾਵਿਕ ਹੈ। ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਅਤੇ ਵਾਰਡ-29 ਦੇ ਵਾਸੀਆਂ ਨਾਲ ਇਹੀ ਹੋਇਆ। ਕਈ ਦਿਨਾਂ ਤੋਂ ਟਿਊਬਵੈੱਲ ਬੰਦ ਪਏ ਹਨ, ਪਾਣੀ ਦੀ ਸਪਲਾਈ ਠੱਪ ਹੈ ਅਤੇ ਨਗਰ ਨਿਗਮ ਦੇ ਅਧਿਕਾਰੀ ਕੰਨਾਂ 'ਤੇ ਜੂੰ ਨਹੀਂ ਸਰਕਾ ਰਹੇ। ਅਖ਼ੀਰ ਥੱਕੇ-ਹਾਰੇ ਵਾਸੀਆਂ ਨੇ ਕੇਸੀ ਰੋਡ ਬਰਨਾਲਾ 'ਤੇ ਰੋਡ ਜਾਮ ਲਗਾ ਕੇ ਆਪਣਾ ਰੋਸ ਪ੍ਰਗਟ ਕੀਤਾ। ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਲੋਟਾ ਇਸ ਧਰਨੇ ਦੀ ਅਗਵਾਈ ਕਰਨ ਵਾਲਿਆਂ ਵਿੱਚੋਂ ਸਭ ਤੋਂ ਅੱਗੇ ਸਨ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਪਾਣੀ ਦੇ ਟਿਊਬਵੈੱਲ ਦੀ ਸਪਲਾਈ ਬੰਦ ਹੋਣ ਕਾਰਨ ਪਾਰਕ ਵਿੱਚ ਲੱਗੀਆਂ ਬੂਟੀਆਂ ਨੂੰ ਪਾਣੀ ਦੇਣਾ ਔਖਾ ਹੋ ਗਿਆ ਹੈ ਅਤੇ ਘਰਾਂ ਦੀ ਸਪਲਾਈ ਵੀ ਬੰਦ ਹੋ ਚੁੱਕੀ ਹੈ। ਵਾਰਡ-29 ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਟਿਊਬਵੈੱਲ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ। ਲੋਟਾ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਵਿੱਚ ਕੁਝ ਨਹੀਂ। ਇੰਨੀ ਗਰਮੀ ਵਿੱਚ ਪਾਣੀ ਬੰਦ ਹੋਣਾ ਲੋਕਾਂ ਨਾਲ ਸਿੱਧਾ ਅਨਿਆਂ ਹੈ।
ਭਾਜਪਾ ਨੇ ਵੀ ਚੁੱਕੀ ਆਵਾਜ਼ ਨਰਿੰਦਰ ਗਰਗ ਨੀਟਾ ਦਾ ਸਵਾਲ
ਧਰਨੇ ਵਿੱਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਗਰਗ ਨੀਟਾ ਨੇ ਵੀ ਸ਼ਿਰਕਤ ਕੀਤੀ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਣੀ ਵਰਗੀ ਬੁਨਿਆਦੀ ਲੋੜ ਲਈ ਸ਼ਹਿਰ ਵਾਸੀਆਂ ਨੂੰ ਸੜਕਾਂ 'ਤੇ ਉੱਤਰਨਾ ਪਵੇ। ਇਹ ਨਗਰ ਨਿਗਮ ਦੀ ਸਭ ਤੋਂ ਵੱਡੀ ਅਸਫਲਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਰਾਜਨੀਤਕ ਮੁੱਦਾ ਨਹੀਂ, ਪਾਣੀ ਹਰ ਨਾਗਰਿਕ ਦਾ ਮੁੱਢਲਾ ਹੱਕ ਹੈ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਇਹ ਹੱਕ ਯਕੀਨੀ ਕੀਤਾ ਜਾਵੇ। ਗਰਗ ਨੀਟਾ ਦੀ ਮੌਜੂਦਗੀ ਇਸ ਗੱਲ ਦਾ ਸੰਕੇਤ ਸੀ ਕਿ ਪਾਣੀ ਦੀ ਸਮੱਸਿਆ ਹੁਣ ਕਿਸੇ ਇੱਕ ਪਾਰਟੀ ਦਾ ਮੁੱਦਾ ਨਹੀਂ ਰਿਹਾ, ਇਹ ਪੂਰੇ ਸ਼ਹਿਰ ਦੀ ਸਾਂਝੀ ਮੰਗ ਬਣ ਚੁੱਕੀ ਹੈ।
ਵਿਧਾਇਕ ਕਾਲਾ ਢਿੱਲੋਂ ਦੀ ਚਿਤਾਵਨੀ
ਧਰਨੇ ਵਿੱਚ ਪਹੁੰਚੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸ਼ਹਿਰ ਵਾਸੀਆਂ ਨਾਲ ਸੜਕ 'ਤੇ ਬੈਠ ਕੇ ਆਪਣੀ ਏਕਜੁੱਟਤਾ ਦਿਖਾਈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਬੰਦ ਪਏ ਟਿਊਬਵੈੱਲਾਂ ਨੂੰ ਤੁਰੰਤ ਚਾਲੂ ਕਰਨਾ ਚਾਹੀਦਾ ਹੈ। ਵਿਧਾਇਕ ਨੇ ਸਾਫ਼ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਮਿਲ ਕੇ ਹੋਰ ਵੱਡਾ ਪ੍ਰਦਰਸ਼ਨ ਕਰਾਂਗੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸਿਆਸੀ ਵੰਡ ਭੁੱਲ ਕੇ ਇੱਕ ਹੋਏ ਲੋਕ
ਇਸ ਧਰਨੇ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਕਾਂਗਰਸ ਅਤੇ ਭਾਜਪਾ ਦੇ ਆਗੂ ਇੱਕੋ ਮੰਚ 'ਤੇ ਇੱਕੋ ਮੁੱਦੇ ਲਈ ਇਕੱਠੇ ਦਿਖੇ। ਇਹ ਦ੍ਰਿਸ਼ ਦੱਸਦਾ ਹੈ ਕਿ ਪਾਣੀ ਦੀ ਸਮੱਸਿਆ ਨੇ ਸਿਆਸੀ ਵੰਡ ਦੀਆਂ ਲਕੀਰਾਂ ਮਿਟਾ ਦਿੱਤੀਆਂ ਹਨ। ਹੁਣ ਗੇਂਦ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਪਾਲੇ ਵਿੱਚ ਹੈ, ਕੀ ਉਹ ਜਲਦੀ ਕਾਰਵਾਈ ਕਰਨਗੇ ਜਾਂ ਉਡੀਕ ਕਰਨਗੇ ਕਿ ਇਹ ਰੋਸ ਹੋਰ ਵੱਡੇ ਅੰਦੋਲਨ ਦਾ ਰੂਪ ਧਾਰਨ ਕਰੇ?
