ਕੈਨੇਡਾ ਦੀ ਪੀ.ਆਰ ਅਤੇ ਨੌਕਰੀ ਦਿਵਾਉਣ ਦੇ ਨਾਂ ''ਤੇ ਠੱਗੇ 65 ਹਜ਼ਾਰ

Thursday, Jul 18, 2019 - 03:14 PM (IST)

ਕੈਨੇਡਾ ਦੀ ਪੀ.ਆਰ ਅਤੇ ਨੌਕਰੀ ਦਿਵਾਉਣ ਦੇ ਨਾਂ ''ਤੇ ਠੱਗੇ 65 ਹਜ਼ਾਰ

ਭਵਾਨੀਗੜ੍ਹ (ਵਿਕਾਸ) - ਭਵਾਨੀਗੜ੍ਹ ਵਿਖੇ ਇਕ ਵਿਅਕਤੀ ਦੀ ਘਰ ਵਾਲੀ ਨੂੰ ਕੈਨੇਡਾ ਦੀ ਪੀ.ਆਰ. ਅਤੇ ਉੱਥੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 65 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਦਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਇੰਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਦੋ ਵਿਅਕਤੀਆਂ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੱਤਾ। ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਐੱਸ.ਐੱਸ.ਪੀ. ਸੰਗਰੂਰ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ ਤੇ ਉਸ ਦੀ ਪਤਨੀ ਪ੍ਰਾਇਵੇਟ ਸਕੂਲ ਦੀ ਅਧਿਆਪਕ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਟੀ.ਵੀ. 'ਤੇ ਐਕਸਪਲੋਰ ਵਰਲਡ ਇਮੀਗ੍ਰੇਸ਼ਨ ਨਾਂ ਦੀ ਫਰਮ ਦਾ ਵਿਦੇਸ਼ 'ਚ ਪੀ.ਆਰ. ਹੋਣ ਸਬੰਧੀ ਇਸ਼ਤਿਹਾਰ ਦੇਖਿਆ ਸੀ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਉਕਤ ਕੰਪਨੀ ਦੇ ਦਫ਼ਤਰ, ਜੋ ਚਡੀਗੜ੍ਹ 'ਚ ਹੈ, ਚਲਾ ਗਿਆ। ਉਥੇ ਜਾ ਕੇ ਉਨ੍ਹਾਂ ਦੀ ਮੁਲਾਕਾਤ ਅਦਿਤਿਆ ਗੁਜਰਾਨੀ ਤੇ ਮਨਦੀਪ ਨਰੂਲਾ ਨਾਂ ਦੇ ਦੋ ਵਿਅਕਤੀਆਂ ਨਾਲ ਹੋਈ, ਜਿਨ੍ਹਾਂ ਨੇ ਕੈਨੇਡਾ ਦੇ ਸੈਸਕੇਟੂਨ ਪ੍ਰਾਂਤ 'ਚ 8-9 ਮਹੀਨਿਆਂ ਦੇ ਅੰਦਰ ਪੱਕਾ ਹੋਣ ਦੀ ਗੱਲ ਕਹੀ। 

ਉਕਤ ਵਿਅਕਤੀਆਂ ਨੇ ਉਸਦੀ ਪਤਨੀ ਦੀ ਵਿਦਿਅਕ ਯੋਗਤਾ ਅਤੇ ਆਇਲੈਟਸ ਸਕੌਰ ਵਗੈਰਾ ਦੇਖ ਕੇ ਕੈਨੇਡਾ 'ਚ ਉਸ ਨੂੰ ਅਧਿਆਪਕ ਦੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ, ਜਿਸ ਕਾਰਨ ਅਸੀਂ ਉਨ੍ਹਾਂ ਨੂੰ ਚੈੱਕ ਰਾਹੀਂ 38 ਹਜ਼ਾਰ ਰੁਪਏ ਦੇ ਦਿੱਤੇ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਸਾਡੇ ਤੋਂ 27 ਹਜ਼ਾਰ ਰੁਪਏ ਹੋਰ ਇਹ ਕਹਿ ਕੇ ਲੈ ਲਏ ਕਿ ਤੁਹਾਡਾ ਕੈਨੇਡਾ ਦਾ ਜੋਬ ਲੈਟਰ ਆ ਗਿਆ। ਪੜਤਾਲ ਕਰਨ 'ਤੇ ਕੰਪਨੀ ਵਲੋਂ ਦਿੱਤਾ ਗਿਆ ਜੋਬ ਲੈਟਰ ਜਾਲੀ ਨਿਕਲਿਆ ਅਤੇ ਉਨ੍ਹਾਂ ਨੇ ਸਾਡਾ ਫੋਨ ਅਟੈਂਡ ਕਰਨਾ ਛੱਡ ਦਿੱਤਾ। ਠੱਗੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਇਮੀਗ੍ਰੇਸ਼ਨ ਕੰਪਨੀ ਨਾਲ ਸਬੰਧਤ ਅਦਿਤਿਆ ਗੁਜਰਾਨੀ ਤੇ ਮਨਦੀਪ ਨਰੂਲਾ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੱਤਾ।


author

rajwinder kaur

Content Editor

Related News