ਭੂਆ ਘਰ ਰਹਿੰਦੀ ਨਾਬਾਲਗ ਕੁੜੀ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਮਾਮਲਾ ਦਰਜ
Tuesday, Jul 07, 2020 - 06:14 PM (IST)
ਭਵਾਨੀਗੜ੍ਹ (ਕਾਂਸਲ, ਵਿਕਾਸ, ਸੰਜੀਵ): ਸਥਾਨਕ ਸ਼ਹਿਰ ਨੇੜਲੇ ਇਕ ਪਿੰਡ ਵਿਖੇ ਭੂਆ ਘਰ ਰਹਿੰਦੀ ਇਕ ਨਾਬਾਲਗ ਕੁੜੀ ਨੂੰ ਕਥਿਤ ਤੌਰ 'ਤੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਘਰੋਂ ਭਜਾ ਕੇ ਲੈ ਜਾਣ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਸ਼ਿਕਾਇਤ ਕਰਤਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਸਾਲੇ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਸਾਲੇਹਾਰ ਥੋੜੀ ਸਾਧਾਰਨ ਹੈ ਅਤੇ ਉਸ ਦੇ ਸਾਲੇ ਦੀ ਨਾਬਾਲਗ ਕੁੜੀ ਜੋ ਕਿ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਗੁਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲਹਿਰਾ ਜੋ ਕਿ ਕਿਸੇ ਪ੍ਰਾਈਵੇਟ ਅਦਾਰੇ ਵਿਚ ਨੌਕਰੀ ਕਰਦਾ ਹੈ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਾਰਨ ਉਹ ਆਪਣੇ ਸਾਲੇ ਦੀ ਕੁੜੀ ਨੂੰ ਆਪਣੇ ਪਿੰਡ ਆਪਣੇ ਘਰ ਲੈ ਆਇਆ ਸੀ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਸਵੇਰੇ 6 ਵਜੇ ਪਾਰਕ 'ਚ ਸੈਰ ਕਰਨ ਲਈ ਗਈ ਸੀ ਪਰ ਜਦੋਂ ਉਹ 8ਵਜੇ ਤਕ ਘਰ ਵਾਪਸ ਨਹੀਂ ਆਈ ਤਾਂ ਉਨ੍ਹਾਂ ਉਸ ਦੀ ਕਾਫੀ ਤਲਾਸ਼ ਕੀਤੀ। ਪਰ ਕੁੜੀ ਨਹੀਂ ਮਿਲੀ। ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਉਸ ਦੇ ਸਾਲੇ ਦੀ ਲੜਕੀ ਨੂੰ ਗੁਰਵਿੰਦਰ ਸਿੰਘ ਵਾਸੀ ਲਹਿਰਾ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਸ ਨੇ ਕੁੜੀ ਦੇ ਫੁੱਫੜ ਦੇ ਬਿਆਨਾਂ ਦੇ ਆਧਾਰ 'ਤੇ ਗੁਰਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲਹਿਰਾ ਵਿਰੁੱਧ ਨਾਬਾਲਿਗ ਕੁੜੀ ਨੂੰ ਵਰਗਲਾ ਕੇ ਲੈ ਜਾਣ ਦੇ ਕਥਿਤ ਦੋਸ਼ ਹੇਠ ਮਾਮਲਾ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।