ਗੁਰੂ ਘਰ ਦੀ ਬਿਜਲੀ ਚਾਲੂ ਕਰਾਉਣ ਲਈ ਭਾਟੀਆ ਧੜਾ ਹੋਇਆ ਸਰਗਰਮ

Saturday, Jan 20, 2018 - 08:06 AM (IST)

ਜਲੰਧਰ, (ਚਾਵਲਾ)— ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਸੇਵਾ ਸੰਭਾਲ ਨੂੰ ਲੈ ਕੇ ਮੋਹਨ ਸਿੰਘ ਢੀਂਡਸਾ, ਗੁਰਮੀਤ ਸਿੰਘ ਬਿੱਟੂ ਅਤੇ ਪਰਮਜੀਤ ਸਿੰਘ ਭਾਟੀਆ ਧੜੇ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਖਿੱਚੋਤਾਣ ਚੱਲ ਰਹੀ ਹੈ, ਜਿਸ ਕਾਰਨ ਇਹ ਅਸਥਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦਾ ਢੀਂਡਸਾ ਧੜੇ ਵਲੋਂ 8 ਲੱਖ 43711 ਰੁਪਏ ਦਾ ਬਿਜਲੀ ਬਿੱਲ ਨਾ ਦਿੱਤੇ ਜਾਣ ਕਾਰਨ ਬਿਜਲੀ ਮਹਿਕਮੇ ਵਲੋਂ ਗੁਰਦੁਆਰਾ ਸਾਹਿਬ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤੇ ਜਾਣ ਦਾ ਮਾਮਲਾ ਜਦ ਸਾਹਮਣੇ ਆਇਆ ਤਾਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ, ਜਦਕਿ ਢੀਂਡਸਾ ਧੜੇ ਵਲੋਂ ਗੁਰੂ ਘਰ ਦਾ ਬਿਜਲੀ ਦਾ ਮੀਟਰ ਸੜ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਜਿਸ ਸਬੰਧੀ ਬੀਤੇ ਦਿਨੀਂ ਪੈਦਾ ਹੋਏ ਹਾਲਾਤ ਕਾਰਨ ਐੱਸ. ਡੀ. ਐੱਮ. ਰਾਜੀਵ ਵਰਮਾ ਵਲੋਂ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ ਸੀ। 
ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਜਲੰਧਰ ਦੇ ਚੇਅਰਮੈਨ ਪਰਮਜੀਤ ਸਿੰਘ ਭਾਟੀਆ ਅਤੇ ਪ੍ਰਧਾਨ ਜਥੇਦਾਰ ਅਜੀਤ ਸਿੰਘ ਕਰਾਰ ਖਾਂ ਨੇ ਕਿਹਾ ਕਿ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦਾ ਬਿਜਲੀ ਦਾ ਕੁਨੈਕਸ਼ਨ ਕੱਟਿਆ ਜਾਣਾ ਨਿੰਦਣਯੋਗ ਹੈ। ਇਸ ਮਾਮਲੇ ਵਿਚ ਅੱਜ ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਜਲੰਧਰ ਕਮੇਟੀ ਵਲੋਂ ਬਿਜਲੀ ਮਹਿਕਮੇ ਵਿਚ ਪਹੁੰਚ ਕੀਤੀ ਗਈ ਤੇ ਬਿਜਲੀ ਮਹਿਕਮੇ ਕੋਲੋਂ ਗੁਰਦੁਆਰਾ ਸਾਹਿਬ ਬਾਰੇ ਪੂਰੀ ਜਾਣਕਾਰੀ ਮੰਗੀ ਗਈ ਸੀ ਤਾਂ ਬਿਜਲੀ ਮਹਿਕਮੇ ਨੇ ਦੱਸਿਆ ਕਿ  ਗੁਰਦੁਆਰਾ ਪ੍ਰਬੰਧਕਾਂ ਨੇ ਪਿਛਲੇ 8 ਸਾਲਾਂ ਵਿਚ ਸਿਰਫ 2 ਲੱਖ ਰੁਪਏ ਦੀ ਮਹਿਕਮੇ ਕੋਲ ਜਮ੍ਹਾ ਕਰਵਾਏ, ਜਦਕਿ 8 ਲੱਖ 43711 ਰੁਪਏ ਬਿਜਲੀ ਦਾ ਬਿੱਲ ਹੁਣ ਤੱਕ ਪੈਂਡਿੰਗ ਹੈ। ਬਿਜਲੀ ਮਹਿਕਮੇ ਨੇ ਪ੍ਰਬੰਧਕਾਂ ਵਲੋਂ ਬਿਜਲੀ ਦਾ ਬਿੱਲ ਨਾ ਦਿੱਤੇ ਜਾਣ ਕਾਰਨ 31/7/2017 ਵਿਚ ਹੀ ਕੁਨੈਕਸ਼ਨ ਕੱਟ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮਾਣਯੋਗ ਅਦਾਲਤ ਵਲੋਂ ਗੁਰਦੁਆਰਾ ਸਾਹਿਬ ਵਿਖੇ 2011 ਵਿਚ ਪ੍ਰਬੰਧ ਸੰਭਾਲਣ ਲਈ ਰਿਸੀਵਰ ਨਿਯੁਕਤ ਕਰ ਦਿੱਤਾ ਗਿਆ ਸੀ ਪਰ ਰਿਸੀਵਰ ਦੀ ਲਾਪ੍ਰਵਾਹੀ ਕਾਰਨ ਢੀਂਡਸਾ, ਬਿੱਟੂ ਧੜੇ ਨੇ ਸੰਗਤ ਦੀ ਮਾਇਆ ਦੀ ਦੁਰਵਰਤੋਂ ਕੀਤੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਗੁਰਦੁਆਰਾ ਸਾਹਿਬ ਦਾ ਕੁਨੈਕਸ਼ਨ ਕੱਟਿਆ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਢੀਂਡਸਾ ਤੇ ਬਿੱਟੂ ਧੜੇ ਵਲੋਂ ਦੁਕਾਨਦਾਰਾਂ ਕੋਲੋਂ ਅਡਵਾਂਸ ਕਿਰਾਏ ਵਸੂਲੇ ਜਾ ਰਹੇ ਹਨ।  
ਚੇਅਰਮੈਨ ਭਾਟੀਆ ਨੇ ਇਹ ਵੀ ਦੱਸਿਆ ਕਿ ਦੁਕਾਨਦਾਰਾਂ ਨੇ ਕਿਰਾਇਆ ਦੇਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਗਿਆਰਾਂ ਦੁਕਾਨਾਂ ਦੇ ਕਿਰਾਏਦਾਰਾਂ ਨੇ ਕਿਰਾਇਆ ਦੇ ਦਿੱਤਾ ਹੈ। ਬਾਕੀ  ਦੁਕਾਨਦਾਰਾਂ ਨੇ ਛੇਤੀ ਕਿਰਾਇਆ ਦੇਣ ਦਾ ਭਰੋਸਾ ਦਿੱਤਾ ਹੈ।
PunjabKesari
ਭਾਟੀਆ ਨੇ ਇਹ ਵੀ ਆਖਿਆ ਕਿ ਮਾਣਯੋਗ ਅਦਾਲਤ ਨੇ ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਜਲੰਧਰ ਦੇ ਹੱਕ ਫੈਸਲਾ ਦਿੱਤਾ ਹੈ, ਜਿਸ ਨੂੰ ਕੁੱਝ ਲੋਕ ਗਲਤ ਤਰੀਕੇ ਨਾਲ ਦੱਸ ਰਹੇ ਹਨ।  ਉਨ੍ਹਾਂ ਕਿਹਾ ਕਿ ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਜਲੰਧਰ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਹਰ ਹਾਲ ਵਿਚ ਅਗਲੇ ਹਫਤੇ ਗੁਰਦੁਆਰਾ ਦੀਵਾਨ ਅਸਥਾਨ ਦੀ ਬਿਜਲੀ ਚਾਲੂ ਕਰਵਾ ਦਿੱਤੀ ਜਾਵੇਗੀ। ਇਸ ਮਾਮਲੇ ਵਿਚ ਸਮੂਹ ਸੰਗਤਾਂ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਰਾਜਿੰਦਰ ਸਿੰਘ ਭਾਟੀਆ, ਸੁਦਰਸ਼ਨ ਸਿੰਘ, ਤੇਜਿੰਦਰ ਸਿੰਘ ਭਾਟੀਆ, ਤੇਗਾ ਸਿੰਘ ਬੱਲ, ਗੁਰਦੇਵ ਸਿੰਘ ਗੋਲਡੀ, ਅੰਮ੍ਰਿਤਪਾਲ ਸਿੰਘ ਭਾਟੀਆ, ਸਤਨਾਮ ਸਿੰਘ ਲਾਇਲ, ਸਤਬੀਰ ਸਿੰਘ ਬਾਬਾ, ਬਲਵੰਤ ਸਿੰਘ ਬਾਂਗਾ, ਮਨਮੋਹਨ ਸਿੰਘ, ਜੈਦੀਪ ਸਿੰਘ ਬਾਜਵਾ, ਡਾ. ਪਰਮਜੀਤ ਸਿੰਘ ਮਰਵਾਹਾ ਆਦਿ ਹਾਜ਼ਰ ਸਨ। 
ਅਸੀ ਤਾਂ ਕਿਰਾਇਆ ਦੇਣਾ, ਧਿਰ ਕੋਈ ਵੀ ਆਵੇ : ਦੁਕਾਨਦਾਰ
ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀਆਂ ਦੁਕਾਨਾਂ ਦੇ ਦੁਕਾਨਦਾਰਾਂ ਕੋਲੋਂ ਅੱਜ ਭਾਟੀਆ ਧੜੇ ਵਲੋਂ ਕਿਰਾਏ ਲਏ ਗਏ, ਜਦਕਿ ਮੌਜੂਦਾ ਪ੍ਰਬੰਧਕਾਂ ਵਲੋਂ ਵੀ ਕਿਰਾਏ ਲਏ ਜਾਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ, ਜਦ ਇਸ ਮਾਮਲੇ ਵਿਚ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕੋਈ ਵੀ ਕਮੇਟੀ ਸੰਭਾਲੇ ਅਸੀਂ ਤਾਂ ਕਿਰਾਏਦਾਰ ਹਾਂ, ਅਸੀਂ ਤਾਂ ਕਿਰਾਇਆ ਦੇਣਾ ਹੈ।


Related News