ਚੰਡੀਗੜ੍ਹ PGI ਜਾਣ ਵਾਲੇ ਸਾਵਧਾਨ! ਅੱਜ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ, ਪੜ੍ਹੋ ਇਹ ਐਡਵਾਈਜ਼ਰੀ

Sunday, Oct 04, 2026 - 10:13 AM (IST)

ਚੰਡੀਗੜ੍ਹ PGI ਜਾਣ ਵਾਲੇ ਸਾਵਧਾਨ! ਅੱਜ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ, ਪੜ੍ਹੋ ਇਹ ਐਡਵਾਈਜ਼ਰੀ

ਚੰਡੀਗੜ੍ਹ (ਸ਼ੀਨਾ) : ਸੇਖੋਂ ਇੰਡੀਅਨ ਏਅਰਫੋਰਸ ਮੈਰਾਥਨ ਚੰਡੀਗੜ੍ਹ-2026 ਦੇ ਮੱਦੇਨਜ਼ਰ ਐਤਵਾਰ, 4 ਅਕਤੂਬਰ ਨੂੰ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਟ੍ਰੈਫਿਕ ਵਿਵਸਥਾ ਬਦਲੀ ਗਈ ਹੈ, ਜਿਸ ਦੌਰਾਨ ਪੂਰੇ ਸ਼ਹਿਰ 'ਚ ਭਾਰੀ ਜਾਮ ਲੱਗ ਗਿਆ ਹੈ। ਦੌੜਾਕਾਂ ਦੀ ਸੁਰੱਖਿਆ ਅਤੇ ਮੈਰਾਥਨ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਤਹਿਤ ਸਵੇਰੇ 4:30 ਵਜੇ ਤੋਂ 11 ਵਜੇ ਤੱਕ ਮੈਰਾਥਨ ਦੇ ਰੂਟ ’ਤੇ ਵਾਹਨਾਂ ਦੀ ਆਵਾਜਾਈ ਨੂੰ ਲੋੜ ਅਨੁਸਾਰ ਰੋਕਿਆ ਜਾਂ ਡਾਇਵਰਟ ਕੀਤਾ ਗਿਆ ਹੈ। ਮੈਰਾਥਨ ਦਾ ਰੂਟ ਚੰਡੀਗੜ੍ਹ ਕਲੱਬ ਦੇ ਸਾਹਮਣੇ ਤੋਂ ਸ਼ੁਰੂ ਹੋ ਕੇ ਸੈਕਟਰ-2/3 ਸਮਾਲ ਚੌਂਕ, ਓਲਡ ਬੈਰੀਕੇਡ ਚੌਂਕ ਤੇ ਸੁਖਨਾ ਝੀਲ ਟਰਨ ਤੱਕ ਹੈ। ਇਸ ਤੋਂ ਬਾਅਦ ਯੂ-ਟਰਨ ਲੈ ਕੇ ਓਲਡ ਬੈਰੀਕੇਡ ਚੌਂਕ ਵਾਪਸ ਆਉਂਦੇ ਹੋਏ ਮਟਕਾ ਚੌਂਕ ਵੱਲੋਂ ਟਰਾਂਸਪੋਰਟ ਚੌਂਕ ਤੱਕ ਪਹੁੰਚੇਗਾ। ਇੱਥੋਂ ਯੂ-ਟਰਨ ਲੈ ਕੇ ਐੱਸ. ਬੀ. ਆਈ. ਸਮਾਲ ਚੌਂਕ ਰਾਹੀਂ ਪੀ. ਜੀ. ਆਈ. ਤੱਕ ਜਾਇਆ ਜਾਵੇਗਾ। ਪੀ. ਜੀ. ਆਈ. ਤੋਂ ਵਾਪਸੀ ’ਤੇ ਮਟਕਾ ਚੌਂਕ ਵੱਲ ਆ ਕੇ ਖੱਬੇ ਮੁੜਦੇ ਹੋਏ ਚੰਡੀਗੜ੍ਹ ਕਲੱਬ ਵੱਲ ਰੂਟ ਪੂਰਾ ਹੋਵੇਗਾ।
ਪੀ. ਜੀ. ਆਈ. ਜਾਣ ਵਾਲੇ ਪਹਿਲਾਂ ਕਰਨ ਯੋਜਨਾ
ਟ੍ਰੈਫਿਕ ਪੁਲਸ ਨੇ ਸੁਖਨਾ ਝੀਲ, ਮਟਕਾ ਚੌਂਕ, ਟਰਾਂਸਪੋਰਟ ਚੌਂਕ ਤੇ ਪੀ.ਜੀ.ਆਈ. ਵੱਲ ਜਾਣ ਵਾਲੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਖ਼ਾਸ ਕਰਕੇ ਪੀ. ਜੀ. ਆਈ. ਜਾਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੀ ਯਾਤਰਾ ਪਹਿਲਾਂ ਤੋਂ ਯੋਜਨਾਬੱਧ ਕਰਨ। ਪੁਲਸ ਨੇ ਲੋਕਾਂ ਨੂੰ ਪ੍ਰਭਾਵਿਤ ਰੂਟ ਤੋਂ ਬਚਦੇ ਹੋਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਮੈਰਾਥਨ ਦੌਰਾਨ ਰੂਟ ’ਤੇ ਤਾਇਨਾਤ ਟ੍ਰੈਫਿਕ ਪੁਲਸ ਕਰਮਚਾਰੀਆਂ ਵੱਲੋਂ ਲੋੜ ਅਨੁਸਾਰ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ। ਵਾਹਨ ਚਾਲਕਾਂ ਨੂੰ ਪੁਲਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਬੰਦ ਜਾਂ ਡਾਇਵਰਟ ਕੀਤੇ ਰਸਤਿਆਂ ’ਤੇ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ।


author

Babita

Content Editor

Related News