ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੈਂਪਸ ਟੈਂਕ-2 ਸ਼ੁਰੂ, ਸਟਾਰਟਅੱਪ ਖੇਤਰ ਲਈ 15 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ

Saturday, Oct 10, 2026 - 08:33 PM (IST)

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੈਂਪਸ ਟੈਂਕ-2 ਸ਼ੁਰੂ, ਸਟਾਰਟਅੱਪ ਖੇਤਰ ਲਈ 15 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ

ਚੰਡੀਗੜ੍ਹ : ਭਾਰਤ ਦੇ ਨੌਜਵਾਨ ਉੱਦਮੀਆਂ ਲਈ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਕੈਂਪਸ ਟੈਂਕ - ਇੰਡੀਆਜ਼ ਨੈਕਸਟ ਯੂਨੀਕੌਰਨ' ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਸਟਾਰਟਅੱਪਸ ਲਈ 15 ਮਿਲੀਅਨ ਅਮਰੀਕੀ ਡਾਲਰ ਦਾ ਫੰਡਿੰਗ ਪੂਲ ਰੱਖਿਆ ਗਿਆ ਹੈ, ਜੋ ਕਿ ਪਹਿਲੇ ਸੀਜ਼ਨ ਦੇ 6 ਮਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ ਢਾਈ ਗੁਣਾ ਜ਼ਿਆਦਾ ਹੈ। ਇਸ ਪਹਿਲਕਦਮੀ ਰਾਹੀਂ ਨੌਜਵਾਨ ਇਨੋਵੇਟਰਾਂ ਨੂੰ ਆਪਣੇ ਕਾਰੋਬਾਰੀ ਵਿਚਾਰ ਨਿਵੇਸ਼ਕਾਂ ਸਾਹਮਣੇ ਰੱਖਣ ਦਾ ਮਾਹਿਰਾਂ ਤੋਂ ਮਾਰਗਦਰਸ਼ਨ ਹਾਸਲ ਕਰਨ ਦਾ, ਅਤੇ ਆਪਣੇ ਵਿਚਾਰਾਂ ਨੂੰ ਬਾਜ਼ਾਰ ਵਿੱਚ ਉਤਾਰਨ ਦਾ ਮੌਕਾ ਮਿਲੇਗਾ। ਇਸ ਨਾਲ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਤਕਨਾਲੋਜੀ ਆਧਾਰਿਤ ਉੱਦਮਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ।
ਇਸ ਦਾ ਐਲਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਰਾਸ਼ਟਰੀ ਪੱਧਰ ਦੇ 'ਇਨਕਿਊਬੇਟਰ ਐਂਡ ਕੈਪੀਟਲ ਸਮਿਟ 2026' ਅਤੇ ਇਸਬੈਕਨ 2026' ਦੇ ਦੂਜੇ ਦਿਨ ਕੀਤਾ ਗਿਆ। ਇਹ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਸੀ.ਯੂ., ਟੀਬੀਆਈ) ਵੱਲੋਂ ਇੰਡੀਅਨ ਸਾਇੰਸ ਐਂਡ ਟੈਕਨਾਲੋਜੀ ਐਂਟਰਪ੍ਰਿਨਿਓਰਜ਼ ਪਾਰਕਸ ਐਂਡ ਬਿਜ਼ਨਸ ਇਨਕਿਊਬੇਟਰਜ਼ ਐਸੋਸੀਏਸ਼ਨ (ਆਈ.ਐੱਸ.ਬੀ.ਏ) ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਸੰਮੇਲਨ ਵਿੱਚ 20 ਤੋਂ ਵੱਧ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 400 ਇਨਕਿਊਬੇਟਰ ਸੰਸਥਾਨਾਂ, ਚੋਣਵੇਂ 100 ਸਟਾਰਟਅੱਪਸ, 80 ਨਿਵੇਸ਼ਕਾਂ ਅਤੇ ਸਰਕਾਰ ਨੀਤੀ-ਨਿਰਮਾਣ ਤੇ ਉਦਯੋਗ ਜਗਤ ਨਾਲ ਜੁੜੇ 60 ਤੋਂ ਵੱਧ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਦਾ ਉਦੇਸ਼ ਭਾਰਤ ਦੀ ਸਟਾਰਟਅੱਪ ਅਤੇ ਡੀਪ-ਟੈਕ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਸਾਂਝਾ ਮੰਚ ਪ੍ਰਦਾਨ ਕਰਨਾ ਸੀ। 'ਕੈਂਪਸ ਟੈਂਕ' ਦੇ ਪਹਿਲੇ ਸੀਜ਼ਨ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਵਿੱਚ 1,200 ਤੋਂ ਵੱਧ ਸ਼ਹਿਰਾਂ ਤੋਂ 21,789 ਰਜਿਸਟ੍ਰੇਸ਼ਨਾਂ ਹੋਈਆਂ, ਜਿਨ੍ਹਾਂ ਵਿੱਚੋਂ 10,800 ਤੋਂ ਵੱਧ ਰਜਿਸਟ੍ਰੇਸ਼ਨਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਬੰਧਤ ਸਨ। ਦੂਜੇ ਸੀਜ਼ਨ ਵਿੱਚ ਅੱਠ ਨਿਵੇਸ਼ ਭਾਈਵਾਲ ਸ਼ਾਮਲ ਹਨ, ਜਿਨ੍ਹਾਂ ਵਿੱਚ ਅਪਨਾ, ਵੈਂਚਰ ਕੈਟਾਲਿਸਟਸ, ਏਰਾਵਤੀ ਵੈਂਚਰਸ, ਪੈਡਲਸਟਾਰਟ, ਈਗਲਵਿੰਗਜ਼, ਐੱਫ.ਏ.ਏ.ਡੀ., ਬੀ.ਐਨ. ਐਂਜ਼ਲਸ ਅਤੇ ਕਿਊਬ ਫਾਉਂਡਰਜ਼ ਸਪੇਸ ਸ਼ਾਮਲ ਹਨ।

PunjabKesari

ਇਸ ਮੌਕੇ ਸੰਸਦ ਮੈਂਬਰ ਅਤੇ ਜਿੰਦਲ ਸਟੀਲ ਦੇ ਚੇਅਰਮੈਨ ਨਵੀਨ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੀ ਮੌਜੂਦ ਸਨ। ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਇਨਫੋਸਿਸ ਦੇ ਸਹਿ-ਸੰਸਥਾਪਕ ਕ੍ਰਿਸ ਗੋਪਾਲਕ੍ਰਿਸ਼ਨਨ, ਅਪਨਾ ਦੇ ਗਰੁੱਪ ਸੀਈਓ ਨਿਰਮਿਤ ਪਾਰਿਖ, ਵੈਂਚਰ ਕੈਟਾਲਿਸਟਸ ਦੇ ਸੀਓਓ ਹੇਮੰਤ ਮਲਹੋਤਰਾ, ਆਈਆਈਟੀ ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਾਕੋਟੀ, ਆਈਆਈਟੀ ਮਦਰਾਸ ਦੇ ਪ੍ਰੋਫੈਸਰ ਡਾ. ਗੌਰਵ ਰੈਨਾ, ਐਮਾਜ਼ਾਨ ਦੇ ਪਬਲਿਕ ਪਾਲਿਸੀ ਵਿਭਾਗ ਤੋਂ ਡਾ. ਪ੍ਰੀਤ ਦੀਪ ਸਿੰਘ ਅਤੇ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ (ਡੀ.ਐੱਸ.ਟੀ) ਦੇ ਸਕੱਤਰ ਉਮੇਸ਼ ਵੀ. ਵਾਘਮਾਰੇ ਸਮੇਤ ਹੋਰ ਸ਼ਖਸ਼ੀਅਤਾਂ ਸ਼ਾਮਲ ਹੋਈਆਂ।

ਇਸ ਮੌਕੇ ਬੋਲਦਿਆਂ, ਸੰਸਦ ਮੈਂਬਰ ਅਤੇ ਜਿੰਦਲ ਸਟੀਲ ਦੇ ਚੇਅਰਮੈਨ ਨਵੀਨ ਜਿੰਦਲ ਨੇ ਕਿਹਾ, ਵਿਕਸਿਤ ਭਾਰਤ-2047 ਦੇ ਟੀਚੇ ਨੂੰ ਹਾਸਲ ਕਰਨ ਵਿੱਚ ਦੇਸ਼ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ। ਅੱਜ ਦੇ ਨੌਜਵਾਨਾਂ ਕੋਲ ਆਪਣੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ਪਹਿਲਾਂ ਦੇ ਮੁਕਾਬਲੇ ਵਧੇਰੇ ਮੌਕੇ, ਗਿਆਨ, ਫੰਡਿੰਗ ਅਤੇ ਮੰਚ ਉਪਲਬਧ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰਤਿਭਾ ਜਾਂ ਕਲਪਨਾਸ਼ੀਲਤਾ ਦੀ ਘਾਟ ਨਹੀਂ ਹੈ, ਸਗੋਂ ਨੌਜਵਾਨਾਂ ਨੂੰ ਸਹੀ ਮੌਕਿਆਂ, ਉਤਸ਼ਾਹਜਨਕ ਮਾਹੌਲ ਅਤੇ ਲੋੜੀਂਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਨੋਵੇਸ਼ਨ ਐਂਡ ਰਿਸਰਚ ਪਾਰਕ ਅਤੇ ਆਈਆਈਟੀ ਮਦਰਾਸ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਅਤੇ ਕੈਂਪਸ ਟੈਂਕ ਸੀਜ਼ਨ-2 ਨੌਜਵਾਨ ਉੱਦਮੀਆਂ ਨੂੰ ਨਿਵੇਸ਼ਕਾਂ, ਮਾਰਗਦਰਸ਼ਕਾਂ ਅਤੇ ਹੋਰ ਸਰੋਤਾਂ ਨਾਲ ਜੋੜ ਕੇ ਇਸ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੀਆਂ ਹਨ।

ਨੌਜਵਾਨ ਉੱਦਮੀਆਂ ਨੂੰ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਣੀ ਸ਼ੁਰੂਆਤ ਕਰਨ ਲਈ ਪੂਰੀ ਤਿਆਰੀ ਦੀ ਉਡੀਕ ਨਾ ਕਰੋ, ਆਪਣੇ ਵਿਚਾਰਾਂ ਦੀ ਪਰਖ ਕਰੋ ਗ਼ਲਤੀਆਂ ਤੋਂ ਛੇਤੀ ਸਿੱਖੋ ਅਤੇ ਵੱਡੇ ਟੀਚੇ ਰੱਖਣ ਦੇ ਨਾਲ-ਨਾਲ ਅਸਲ ਸਮੱਸਿਆਵਾਂ ਦਾ ਹੱਲ ਲੱਭੋ। ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ ਤੋਂ ਬਿਨਾਂ ਸਫ਼ਲਤਾ ਅਧੂਰੀ ਹੈ। ਨੌਜਵਾਨਾਂ ਨੂੰ ਆਲੋਚਨਾ ਸਵੀਕਾਰ ਕਰਨੀ ਚਾਹੀਦੀ ਹੈ, ਅਸਫ਼ਲਤਾਵਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਦ੍ਰਿੜ ਇਰਾਦੇ, ਟੀਮ ਵਰਕ ਤੋਂ ਲਗਾਤਾਰ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਕੌਮੀ ਝੰਡਾ ਲਹਿਰਾਉਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਇੱਕ ਦਹਾਕੇ ਤੱਕ ਯਤਨ ਕਰਨੇ ਪਏ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲਣ, ਤਾਂ ਜੋ ਦੇਸ਼ ਦੀ ਤਰੱਕੀ ਦਾ ਲਾਭ ਸਮਾਜ ਦੇ ਕਮਜ਼ੋਰ ਵਰਗਾਂ ਤੱਕ ਵੀ ਪਹੁੰਚ ਸਕੇ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੈਂਪਸ ਟੈਂਕ ਦਾ ਉਦੇਸ਼ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਸਟਾਰਟਅੱਪ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਮੰਚ, ਮਾਰਗਦਰਸ਼ਨ ਅਤੇ ਨਿਵੇਸ਼ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਆਪਣੇ ਰਾਸ਼ਟਰੀ ਆਗੂਆਂ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਣਾ ਲੈ ਕੇ ਤਰੱਕੀ ਕਰਦਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਲੋਕਾਂ ਦਾ ਵੱਡਾ ਹਿੱਸਾ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਦਾ ਰਿਹਾ, ਪਰ ਸਾਲ 2014 ਵਿੱਚ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਦੇਸ਼ ਵਿੱਚ ਨਵੀਂ ਉਮੀਦ ਜਾਗੀ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਵਿੱਚ ਭਾਰਤ ਅਤੇ ਭਾਰਤੀਆਂ ਪ੍ਰਤੀ ਸੋਚ ਬਦਲੀ ਹੈ ਅਤੇ ਲੋਕਾਂ ਵਿੱਚ ਇਹ ਵਿਸ਼ਵਾਸ ਮਜ਼ਬੂਤ ਹੋਇਆ ਹੈ ਕਿ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣ ਸਕਦਾ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਕੈਂਪਸ ਟੈਂਕ ਵਰਗੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਮਰੱਥਾ ਨੂੰ ਮੌਕਿਆਂ ਵਿੱਚ ਬਦਲਣਾ ਅਤੇ ਆਤਮਨਿਰਭਰ ਤੇ ਵਿਕਸਿਤ ਭਾਰਤ ਦੀ ਉਸਾਰੀ ਵਿੱਚ ਯੋਗਦਾਨ ਪਾਉਣਾ ਸਮੇਂ ਦੀ ਲੋੜ ਹੈ। ਅਪਨਾ ਦੇ ਗਰੁੱਪ ਸੀਈਓ ਨਿਰਮਿਤ ਪਾਰਿਖ ਨੇ ਕਿਹਾ ਕਿ ਕੈਂਪਸ ਟੈਂਕ ਦੇ ਪਹਿਲੇ ਸੀਜ਼ਨ ਨੂੰ ਵੱਡੀ ਸਫ਼ਲਤਾ ਮਿਲੀ ਸੀ ਅਤੇ ਦੂਜੇ ਸੀਜ਼ਨ ਵਿੱਚ ਵੀ ਕਈ ਨਵੇਂ ਮੌਕੇ ਸਾਹਮਣੇ ਆਉਣਗੇ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਜੁੜੇ ਤਿੰਨ ਪ੍ਰਮੁੱਖ ਖੇਤਰਾਂ ਵੱਲ ਧਿਆਨ ਦਿਵਾਇਆ।

ਉਨ੍ਹਾਂ ਅਨੁਸਾਰ, ਪਹਿਲਾ ਖੇਤਰ ਨੌਕਰੀਆਂ ਦੀ ਬਦਲਦੀ ਲੋੜ ਦੇ ਮੱਦੇਨਜ਼ਰ ਹੁਨਰਾਂ ਨੂੰ ਨਿਖਾਰਨ ਅਤੇ ਨਵੇਂ ਹੁਨਰ ਸਿੱਖਣ ਨਾਲ ਸਬੰਧਤ ਹੈ। ਦੂਜਾ ਪੇਤਰ ਏਆਈ ਮਾਡਲਾਂ ਦੀ ਪ੍ਰੀ-ਟ੍ਰੇਨਿੰਗ ਅਤੇ ਪੋਸਟ-ਟ੍ਰੇਨਿੰਗ ਹੈ, ਜਦਕਿ ਤੀਜਾ ਖੇਤਰ ਅਪਲਾਈਡ ਏਆਈ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਆਪਣੇ ਦੇਸ਼ ਲਈ, ਸਗੋਂ ਪੂਰੀ ਦੁਨੀਆ ਲਈ ਏਆਈ-ਆਧਾਰਿਤ ਹੱਲ ਤਿਆਰ ਕਰ ਸਕਦਾ ਹੈ। ਵੈਂਚਰ ਕੈਟਾਲਿਸਟਸ ਦੇ ਸੀਓਓ ਹੇਮੰਤ ਮਲਹੋਤਰਾ ਨੇ ਕਿਹਾ ਕਿ ਭਾਰਤ ਵਿੱਚ ਅਸਲ ਮੌਕਾ ਵੱਡੇ ਮਹਾਨਗਰਾਂ ਤੋਂ ਬਾਹਰ ਉੱਭਰ ਰਹੇ ਪ੍ਰਤਿਭਾਸ਼ਾਲੀ ਉੱਦਮੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਹੀ ਸਮੇਂ 'ਤੇ ਸਹਾਇਤਾ ਦੇਣ ਵਿੱਚ ਹੈ।
ਉਨ੍ਹਾਂ ਕਿਹਾ ਕਿ ਭਾਰਤ ਦਾ ਅਗਲਾ ਯੂਨੀਕੋਰਨ ਕਿਸੇ ਵੀ ਸ਼ਹਿਰ ਜਾਂ ਖੇਤਰ ਵਿੱਚੋਂ ਉੱਭਰ ਸਕਦਾ ਹੈ। ਇਸ ਲਈ ਅਜਿਹੇ ਉੱਦਮੀਆਂ ਦੀ ਪਛਾਣ ਕਰਨੀ ਜ਼ਰੂਰੀ ਹੈ ਜੋ ਅਸਲ ਸਮੱਸਿਆਵਾਂ ਦੇ ਹੱਲ ਪੇਸ਼ ਕਰਦੇ ਹੋਣ, ਗਾਹਕਾਂ ਦਾ ਭਰੋਸਾ ਜਿੱਤ ਰਹੇ ਹੋਣ ਅਤੇ ਆਪਣੇ ਬਾਜ਼ਾਰ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ।

ਉਨ੍ਹਾਂ ਕਿਹਾ ਕਿ ਵੈਂਚਰ ਕੈਟਾਲਿਸਟਸ ਦੀ ਭੂਮਿਕਾ ਸਿਰਫ਼ ਫੰਡਿੰਗ ਤੱਕ ਸੀਮਿਤ ਨਹੀਂ ਹੈ, ਸਗੋਂ ਸਟਾਰਟਅੱਪਸ ਨੂੰ ਮਾਰਗਦਰਸ਼ਨ ਦੇਣਾ, ਉਨ੍ਹਾਂ ਦੀਆਂ ਬਾਜ਼ਾਰ ਤੱਕ ਪਹੁੰਚਣ ਦੀਆਂ ਰਣਨੀਤੀਆਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਸਹੀ ਮਾਹਿਰਾਂ ਤੇ ਇਨਕਿਊਬੇਸ਼ਨ ਸਹੂਲਤਾਂ ਨਾਲ ਜੋੜਨਾ ਵੀ ਹੈ। ਉਨ੍ਹਾਂ ਕਿਹਾ ਕਿ ਕੈਂਪਸ ਟੈਂਕ ਸੀਜ਼ਨ-2 ਵਿੱਚ ਭਾਗੀਦਾਰੀ ਚੰਡੀਗੜ੍ਹ ਯੂਨੀਵਰਸਿਟੀ ਅਤੇ ਇਸ ਦੇ ਸਟਾਰਟਅੱਪਸ ਨਾਲ ਲੰਬੇ ਸਮੇਂ ਦੀ ਸਾਂਝ ਨੂੰ ਦਰਸਾਉਂਦੀ ਹੈ। 

ਆਈਆਈਟੀ ਮਦਰਾਸ ਦੇ ਪ੍ਰੋਫੈਸਰ ਡਾ. ਗੌਰਵ ਰੈਨਾ ਨੇ ਕਿਹਾ ਕਿ ਭਾਰਤ ਵਿੱਚ ਨਵੀਨਤਾ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਿਰਫ਼ ਪਲੇਟਫਾਰਮ ਬਣਾਉਣਾ ਕਾਫ਼ੀ ਨਹੀਂ, ਸਗੋਂ ਵੱਖ-ਵੱਖ ਸੰਸਥਾਵਾਂ ਵਿਚਕਾਰ ਮਜ਼ਬੂਤ ਸਾਂਝੇਦਾਰੀ ਵੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਆਈਆਈਟੀ ਮਦਰਾਸ ਰਿਸਰਚ ਪਾਰਕ ਨੇ ਪਿਛਲੇ 15 ਸਾਲਾਂ ਦੌਰਾਨ 575 ਸਟਾਰਟਅੱਪਸ ਨੂੰ ਇਨਕਿਊਬੇਟ ਕੀਤਾ ਹੈ। ਇਨ੍ਹਾਂ ਸਟਾਰਟਅੱਪਸ ਦੀ ਕੁੱਲ ਕੀਮਤ 8.5 ਅਰਬ ਅਮਰੀਕੀ ਡਾਲਰ ਤੋਂ ਵੱਧ ਹੈ ਅਤੇ ਇਨ੍ਹਾਂ ਰਾਹੀਂ 10,000 ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਆਈਆਈਟੀ ਮਦਰਾਸ ਦਾ ਅਗਲਾ ਟੀਚਾ ਹਰ ਰੋਜ਼ ਇੱਕ ਸਟਾਰਟਅੱਪ ਤਿਆਰ ਕਰਨਾ ਹੈ, ਜਦਕਿ ਸਾਲ 2030 ਤੱਕ ਹਰ ਮਹੀਨੇ ਇੱਕ ਕੰਪਨੀ ਦਾ ਆਈਪੀਓ ਲਿਆਉਣ ਦਾ ਦ੍ਰਿਸ਼ਟੀਕੋਣ ਹੈ। ਉਨ੍ਹਾਂ ਅਨੁਸਾਰ, ਭਾਰਤ ਦੇ ਆਕਾਰ ਅਤੇ ਇੱਥੇ ਮੌਜੂਦ ਸਮੱਸਿਆਵਾਂ ਨੂੰ ਦੇਖਦਿਆਂ ਅਗਲੇ 20 ਤੋਂ 25 ਸਾਲਾਂ ਵਿੱਚ 10,000 ਯੂਨੀਕੋਰਨ ਬਣਨ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਅਤੇ ਆਈਆਈਟੀ ਮਦਰਾਸ ਦੇ ਇਨੋਵੇਸ਼ਨ ਤੇ ਰਿਸਰਚ ਈਕੋਸਿਸਟਮ ਵਿਚਕਾਰ ਹੋਇਆ ਸਮਝੌਤਾ ਨਵੀਨਤਾ ਨੂੰ ਵੱਡੇ ਪੱਧਰ 'ਤੇ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਕੈਂਪਸ ਟੈਂਕ ਸੀਜ਼ਨ-2 ਦੇ ਐਲਾਨ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਆਈਆਈਟੀ ਮਦਰਾਸ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਇਨੋਵੇਸ਼ਨ ਐਂਡ ਰਿਸਰਚ ਪਾਰਕ (ਸੀ.ਯੂ. ਆਈ.ਆਰ.ਪੀ.) ਦੀ ਸ਼ੁਰੂਆਤ ਕੀਤੀ। ਇਹ ਉਦਯੋਗ ਜਗਤ ਲਈ ਇੱਕ ਅਜਿਹੇ ਖੋਜ ਅਤੇ ਵਿਕਾਸ ਕੇਂਦਰ ਵਜੋਂ ਕੰਮ ਕਰੇਗਾ, ਜਿੱਥੇ ਕੰਪਨੀਆਂ ਦੇ रे घेत ਕੇਂਦਰਾਂ ਨੂੰ ਯੂਨੀਵਰਸਿਟੀ ਦੇ ਖੋਜਕਾਰਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਰਟਅੱਪਸ ਦੇ ਨੇੜੇ ਲਿਆਂਦਾ ਜਾਵੇਗਾ। ਇਸ ਦਾ ਉਦੇਸ਼ ਉਦਯੋਗ ਨਾਲ ਜੁੜੀ ਖੋਜ, ਉਤਪਾਦਾਂ ਦੇ ਵਿਕਾਸ ਅਤੇ ਨਵੀਆਂ ਕਾਢਾਂ ਨੂੰ ਬਾਜ਼ਾਰ ਵਿੱਚ ਵਰਤੋਂਯੋਗ ਹੱਲਾਂ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ₹50 ਕਰੋੜ ਦੇ ਇਨੋਵੇਸ਼ਨ ਅਤੇ ਸਟਾਰਟਅੱਪ ਫੰਡ ਦਾ ਐਲਾਨ ਵੀ ਕੀਤਾ ਗਿਆ, ਜਿਸ ਰਾਹੀਂ ਸੰਭਾਵਨਾਵਾਂ ਵਾਲੇ ਉੱਦਮਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਖੋਜ ਦੇ ਵਪਾਰੀਕਰਨ ਨੂੰ ਮਜ਼ਬੂਤ ਕੀਤਾ ਜਾਵੇਗਾ।

ਆਈਆਈਟੀ ਮਦਰਾਸ ਰਿਸਰਚ ਪਾਰਕ ਦੇ ਮਾਡਲ 'ਤੇ ਆਧਾਰਿਤ ਸੀ.ਯੂ. ਆਈ.ਆਰ.ਪੀ. ਦੇ ਪਹਿਲੇ ਪੜਾਅ ਲਈ 30,000 ਤੋਂ 40,000 ਵਰਗ ਫੁੱਟ ਜਗ੍ਹਾ 'ਤੇ ਪਾਇਲਟ ਪ੍ਰੋਜੈਕਟ ਦੀ ਯੋਜਨਾ ਬਣਾਈ ਗਈ ਹੈ। ਇਸ ਵਿੱਚ ਉਦਯੋਗਿਕ ਖੋਜ, ਅਕਾਦਮਿਕ ਮਾਹਿਰਾਂ ਅਤੇ ਸਟਾਰਟਅੱਪ ਵਿਕਾਸ ਨੂੰ ਇੱਕ ਮੰਚ 'ਤੇ ਲਿਆਂਦਾ ਜਾਵੇਗਾ। ਇਸ ਪਾਰਕ ਵਿੱਚ ਸੈਂਟਰਜ਼ ਆਫ਼ ਐਕਸੀਲੈਂਸ, ਆਧੁਨਿਕ ਪ੍ਰਯੋਗਸ਼ਾਲਾਵਾਂ, ਸੀ-ਹੱਬ ਦੀ ਇਨਕਿਊਬੇਸ਼ਨ ਅਤੇ ਉੱਦਮ ਸਹਾਇਤਾ ਸਹੂਲਤਾਂ ਦੇ ਨਾਲ ਉਦਯੋਗਿਕ ਸਲਾਹਕਾਰ ਸੇਵਾਵਾਂ ਅਤੇ ਸਪਾਂਸਰਡ ਖੋਜ ਦੀ ਵਿਵਸਥਾ ਹੋਵੇਗੀ। ਯੋਜਨਾਬੱਧ ਸਹੂਲਤਾਂ ਵਿੱਚ ਮੇਕਰਸਪੇਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਬੋਸ-ਆਇਨਸਟਾਈਨ ਕੁਆਂਟਮ ਤਕਨਾਲੋਜੀ ਅਤੇ ਰੋਬੋਟਿਕਸ 'ਤੇ ਕੇਂਦਰਿਤ ਫਰੰਟੀਅਰ ਲੈਬਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਜੀਓਏਆਈ, ਆਟੋਮੇਸ਼ਨ ਅਤੇ ਐਕਸੋਸਕੇਲਟਨ, ਬਾਇਓਟੈਕਨਾਲੋਜੀ ਅਤੇ ਐਗਰੀਟੈਕ ਲਈ ਉਦਯੋਗਿਕ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਦੀ ਯੋਜਨਾ ਹੈ।

ਇੱਕ ਪ੍ਰੋਡਕਟ ਸਟੂਡੀਓ ਅਤੇ ਬੌਧਿਕ ਸੰਪਤੀ ਤੇ ਤਕਨਾਲੋਜੀ ਤਬਾਦਲਾ ਦਫ਼ਤਰ ਵੀ ਸਥਾਪਤ ਕੀਤਾ ਜਾਵੇਗਾ, ਜੋ ਉਤਪਾਦਾਂ ਦੇ ਵਿਕਾਸ ਅਤੇ ਖੋਜ ਰਾਹੀਂ ਤਿਆਰ ਹੋਈਆਂ ਨਵੀਆਂ ਤਕਨਾਲੋਜੀਆਂ ਨੂੰ ਵਪਾਰਕ ਵਰਤੋਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਦਯੋਗਿਕ ਪ੍ਰੋਜੈਕਟਾਂ ਵਿੱਚ ਕ੍ਰੈਡਿਟ-ਆਧਾਰਿਤ ਭਾਗੀਦਾਰੀ ਦੇ ਮੌਕੇ ਮਿਲਣਗੇ, ਜਿਸ ਨਾਲ ਕੰਪਨੀਆਂ ਸਿੱਧੇ ਤੌਰ 'ਤੇ ਅੰਕਾਦਮਿਕ ਟੀਮਾਂ ਨਾਲ ਮਿਲ ਕੇ ਕੰਮ ਕਰ ਸਕਣਗੀਆਂ।

ਸਮਿਟ ਦੇ ਦੂਜੇ ਦਿਨ ਕੈਂਪਸ ਟੈਂਕ ਸੀਜ਼ਨ-1 ਦੇ ਤਿੰਨ ਜੇਤੂ ਸਟਾਰਟਅੱਪਸ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਸਟਾਰਟਅੱਪਸ ਨੂੰ ਉਨ੍ਹਾਂ ਦੀ ਨਵੀਨ ਸੋਚ ਅਤੇ ਕਾਰੋਬਾਰੀ ਸੰਭਾਵਨਾਵਾਂ ਦੇ ਆਧਾਰ 'ਤੇ ਚੁਣਿਆ ਗਿਆ। ਕਵੀ ਨੂੰ ਪਹਿਲਾ ਸਥਾਨ ਮਿਲਿਆ। ਇਸ ਦੀ ਸਹਿ-ਸਥਾਪਨਾ ਥਾਪਰ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਗ੍ਰੈਜੂਏਟ ਯਸ਼ ਗੋਇਲ ਅਤੇ ਅਨੰਤ ਭਾਰਦਵਾਜ ਨੇ ਕੀਤੀ ਹੈ। ਇਹ ਮਹਿਲਾਵਾਂ ਦੇ ਅੰਦਰੂਨੀ ਪਹਿਰਾਵੇ ਅਤੇ ਸ਼ੇਪਵੇਅਰ ਦਾ ਬ੍ਰਾਂਡ ਹੈ, ਜੋ ਭਾਰਤੀ ਸਰੀਰਕ ਬਣਤਰ ਨੂੰ ਧਿਆਨ ਵਿੱਚ ਰੱਖਦਿਆਂ ਆਰਾਮਦਾਇਕ ਅਤੇ ਢੁਕਵੀਂ ਫਿਟਿੰਗ ਵਾਲੇ ਉਤਪਾਦ ਤਿਆਰ ਕਰਦਾ ਹੈ। ਕੰਪਨੀ ਨੂੰ 60 ਕਰੋੜ ਰੁਪਏ ਦੀ ਵੈਲਿਊਏਸ਼ਨ 'ਤੇ 12 ਕਰੋੜ ਰੁਪਏ ਦੀ ਫੰਡਿੰਗ ਰਾਊਂਡ ਦੇ ਮੁਕਾਬਲੇ ਵੈਂਚਰ ਕੈਟਾਲਿਸਟਸ ਵੱਲੋਂ 4 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੀ ਵਚਨਬੱਧਤਾ ਮਿਲੀ।

ਆਫਲਿਨ ਦੀ ਸਥਾਪਨਾ ਕੁਮਾਰ ਆਯੂਸ਼ ਸਿਨ੍ਹਾ ਅਤੇ ਆਰ. ਵੀ. ਕਾਲਜ ਆਫ਼ ਇੰਜੀਨੀਅਰਿੰਗ ਦੇ ਸਾਬਕਾ ਵਿਦਿਆਰਥੀ ਅਰਪਿਤ ਅਰੋੜਾ ਨੇ ਕੀਤੀ। ਇਹ ਪਲੇਟਫਾਰਮ ਵਰਕਸ਼ਾਪਾਂ, ਸਪਰ ਕਲੱਬਾਂ ਅਤੇ ਸਮਾਜਿਕ ਇਕੱਠਾਂ ਸਮੇਤ ਆਫਲਾਈਨ ਤਜਰਬਿਆਂ ਦੀ ਖੋਜ ਕਰਨ, ਬੁਕਿੰਗ ਕਰਨ ਅਤੇ ਉਨ੍ਹਾਂ ਦੀ ਮੇਜ਼ਬਾਨੀ ਕਰਨ ਦੀ ਸਹੂਲਤ ਦਿੰਦਾ ਹੈ। ਇਸ ਨੂੰ 25 ਕਰੋੜ ਰੁਪਏ ਦੀ ਪੋਸਟ-ਮਨੀ ਵੈਲਿਊਏਸ਼ਨ 'ਤੇ 3.85 ਕਰੋੜ ਰੁਪਏ ਦੀ ਪ੍ਰਸਤਾਵਿਤ ਫੰਡਿੰਗ ਅਲਾਟਮੈਂਟ ਮਿਲੀ।

ਮੈਡੋਕ ਹੈਲਥ ਦੀ ਸਥਾਪਨਾ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਤਕਰਸ਼ ਲੂਥਰਾ ਨੇ ਕੀਤੀ। ਇਹ ਕੰਪਨੀ ਹਸਪਤਾਲ ਪ੍ਰਬੰਧਨ ਅਤੇ ਸਿਹਤ ਤਕਨਾਲੋਜੀ ਨਾਲ ਜੁੜੇ ਹੱਲ ਤਿਆਰ ਕਰਦੀ ਹੈ। ਇਸ ਨੂੰ 1 ਕਰੋੜ ਰੂਪਏ ਦੀ ਪ੍ਰਸਤਾਵਿਤ ਫੰਡਿੰਗ ਅਲਾਟਮੈਂਟ ਮਿਲੀ ਹੈ। ਕੰਪਨੀ ਪੰਜ ਸੂਬਿਆਂ ਦੇ 98 ਹਸਪਤਾਲਾਂ ਨੂੰ ਸੇਵਾਵਾਂ ਦੇ ਰਹੀ ਹੈ। ਇਸ ਨੇ ਵਿੱਤੀ ਸਾਲ 2025-26 ਵਿੱਚ 1.26 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ ਅਤੇ ਇਸ ਦੀ ਅਨੁਮਾਨਿਤ ਵੈਲਿਊਏਸ਼ਨ 24 ਕਰੋੜ ਰੁਪਏ ਦੱਸੀ ਗਈ ਹੈ।

ਇਹ ਤਿੰਨੇ ਸਟਾਰਟਅੱਪਸ ਕ੍ਰਮਵਾਰ ਖਪਤਕਾਰ ਉਤਪਾਦਾਂ, ਆਫਲਾਈਨ ਤਜਰਬਿਆਂ ਅਤੇ ਸਿਹਤ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਆਈ.ਸੀ.ਐੱਸ 26 ਡੈਮੋ ਡੇਅ ਦੌਰਾਨ ਚਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਟਾਰਟਅੱਪਸ ਨੇ ਆਪਣੇ ਪ੍ਰੋਜੈਕਟ ਅਤੇ ਕਾਰੋਬਾਰੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਚਾਰ ਸ਼੍ਰੇਣੀਆਂ ਦੇ ਜੇਤੂਆਂ ਅਤੇ 'ਇਨਵੈਸਟਰਜ਼ ਚੁਆਇਸ' ਪੁਰਸਕਾਰ ਦੇ ਜੇਤੂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਿਟ ਵਿੱਚ 'ਭਾਰਤੀ ਕੈਂਪਸਾਂ ਵਿੱਚ ਖੋਜ ਅਤੇ ਵਿਕਾਸ ਦਾ ਭਵਿੱਖ' ਵਿਸ਼ੇ 'ਤੇ ਉਦਯੋਗਿਕ ਵਿਚਾਰ-ਚਰਚਾ ਵੀ ਕਰਵਾਈ ਗਈ। ਇਸ ਵਿੱਚ ਯੂਨੀਵਰਸਿਟੀਆਂ, ਉਦਯੋਗਾਂ ਅਤੇ ਸਟਾਰਟਅੱਪਸ ਵਿਚਕਾਰ ਸਾਂਝੇਦਾਰੀ ਰਾਹੀਂ ਖੋਜ, ਨਵੀਨਤਾ ਅਤੇ ਨਵੀਂ ਤਕਨਾਲੋਜੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ 'ਤੇ ਵਿਚਾਰ ਕੀਤਾ ਗਿਆ।
 


author

Inder Prajapati

Content Editor

Related News