ਨਸ਼ਾ ਮੁਕਤ ਯਾਤਰਾ ਦੀ ਸਫ਼ਲਤਾ ਤੇ ਜ਼ਮੀਨੀ ਪ੍ਰਭਾਵ ਬਾਰੇ ਪੰਜਾਬ ਭਾਜਪਾ ਦੀ ਮੰਥਨ ਬੈਠਕ ਸ਼ੁਰੂ
Friday, Oct 02, 2026 - 02:56 AM (IST)
ਚੰਡੀਗੜ੍ਹ : ਨਸ਼ਾ ਮੁਕਤ ਪੰਜਾਬ ਯਾਤਰਾਵਾਂ ਅਤੇ ਜਲੰਧਰ ਦੀ ਵਿਸ਼ਾਲ ਸੰਪੰਨਤਾ ਰੈਲੀ ਦੀ ਸਫ਼ਲਤਾ ਅਤੇ ਜ਼ਮੀਨੀ ਪ੍ਰਭਾਵਾਂ ਉੱਥੇ ਮੰਥਨ ਕਰਨ ਲਈ ਪੰਚਕੂਲਾ ਵਿੱਚ ਪੰਜਾਬ ਭਾਜਪਾ ਦੀ ਦੋ ਦਿਨਾਂ ਮੰਥਨ ਬੈਠਕ ਅੱਜ ਸ਼ੁਰੂ ਹੋ ਗਈ। ਇਸ ਮੀਟਿੰਗ ਵਿੱਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਹਨ।
ਇਸ ਬੈਠਕ ਦੀ ਪ੍ਰਧਾਨਗੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਕਰ ਰਹੇ ਹਨ। ਇਸ ਮੌਕੇ ਭਾਜਪਾ ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਪੰਜਾਬ ਦੀ ਸੂਬਾ ਸਹਿ-ਇੰਚਾਰਜ ਸ਼੍ਰੀਮਤੀ ਅਲਕਾ ਗੁੱਜਰ ਅਤੇ ਸੂਬਾ ਜਨਰਲ ਸਕੱਤਰ (ਸੰਗਠਨ) ਮੰਤਰੀ ਸ੍ਰੀਨਿਵਾਸੁਲੂ ਵੀ ਮੌਜੂਦ ਹਨ।
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੁਤਾਬਕ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਤਹਿਤ ਕੀਤੀ ਗਈ ਜਨ ਸੰਪਰਕ ਮੁਹਿੰਮ, ਲੋਕਾਂ ਵੱਲੋਂ ਮਿਲੇ ਹੁੰਗਾਰੇ ਅਤੇ ਨਸ਼ਿਆਂ ਦੇ ਮੁੱਦੇ ’ਤੇ ਪਾਰਟੀ ਵੱਲੋਂ ਚਲਾਈ ਗਈ ਮੁਹਿੰਮ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਯਾਤਰਾਵਾਂ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚ ਕੇ ਲੋਕਾਂ ਨਾਲ ਕੀਤੇ ਗਏ ਸੰਪਰਕ ਅਤੇ ਉਨ੍ਹਾਂ ਤੋਂ ਮਿਲੇ ਫੀਡਬੈਕ ਨੂੰ ਵੀ ਵਿਚਾਰਿਆ ਜਾ ਰਿਹਾ ਹੈ।
ਮੀਟਿੰਗ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਜ਼ਮੀਨੀ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਅਤੇ ਆਉਣ ਵਾਲੀਆਂ ਚੋਣਾਂ ਲਈ ਤਿਆਰੀਆਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਜਾ ਰਹੀ ਹੈ। ਇਹ ਮੀਟਿੰਗ 2 ਅਕਤੂਬਰ ਨੂੰ ਵੀ ਜਾਰੀ ਰਹੇਗੀ।
ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ ਦੇ ਬੈਨਰ ਹੇਠ ਭਾਜਪਾ ਨੇ 18 ਤੋਂ 30 ਸਤੰਬਰ ਤੱਕ ਨਸ਼ਾ ਮੁਕਤ ਯਾਤਰਾ ਕੱਢੀ, ਜਿਸ ਨੇ 13 ਦਿਨਾਂ ਦੌਰਾਨ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
ਪੰਜਾਬ ਭਾਜਪਾ ਨੇ ਇਸ ਮੁਹਿੰਮ ਨੂੰ ਸਿਆਸੀ ਦੀ ਬਜਾਇ ਸਮਾਜਿਕ ਲਹਿਰ ਵਜੋਂ ਉਭਾਰਿਆ ਅਤੇ ਸਮਾਪਤੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਵਿੱਚ ਸਰਕਾਰ ਬਣਨ ਤੋਂ ਬਾਅਦ 31 ਦਸੰਬਰ 2029 ਤੱਕ ਨਸ਼ਾ ਖ਼ਤਮ ਕਰਨ ਦੀ ਡੈੱਡਲਾਇਨ ਵੀ ਐਲਾਨ ਦਿੱਤੀ।
