ਹਾਈਵੇਅ ਜਾਮ ਕਰਨ ਵਾਲੇ 400 ਦੇ ਕਰੀਬ ਵਿਖਾਵਾਕਾਰੀਆਂ ਖਿਲਾਫ ਮਾਮਲਾ ਦਰਜ

04/03/2018 12:36:16 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਐੱਸ.ਸੀ/ਐੱਸ.ਟੀ ਐਕਟ 'ਚ ਤਰਮੀਮ ਸਬੰਧੀ ਦਿੱਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਸੋਮਵਾਰ ਕੌਮੀ ਮਾਰਗ 'ਤੇ ਜਾਮ ਲਗਾਉਣ ਵਾਲੇ 400 ਦੇ ਕਰੀਬ ਵਿਖਾਵਾਕਾਰੀਆਂ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਇੰਸਪੈਕਟਰ ਪ੍ਰਦੀਪ ਸਿੰਘ ਦੇ ਵੱਲੋਂ ਕੀਤੀ ਕਾਰਵਾਈ ਦੇ ਆਧਾਰ 'ਤੇ ਦਰਜ ਕੀਤਾ ਹੈ। ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਹਜ਼ੂਮ ਨੇ ਬਿਨਾ ਕਿਸੇ ਮਨਜ਼ੂਰੀ ਦੇ ਟੀ. ਪੁਆਇੰਟ ਹੁਸ਼ਿਆਰਪੁਰ ਰੋਡ ਟਾਂਡਾ ਬਿਜਲੀ ਘਰ ਚੌਕ 'ਚ ਆ ਕੇ ਹਾਈਵੇਅ ਦੀਆਂ ਦੋਹਾਂ ਸਾਈਡ 'ਤੇ ਮਾਰੂ ਹਥਿਆਰਾਂ ਸਮੇਤ ਬੈਠ ਕੇ ਟ੍ਰੈਫਿਕ ਬੰਦ ਕਰ ਦਿੱਤੀ ਅਤੇ ਸੜਕ 'ਤੇ ਟਾਇਰ ਸੁੱਟ ਕੇ ਅੱਗ ਲਾ ਦਿੱਤੀ। ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋਈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਟਾਂਡਾ ਰੇਲਵੇ ਸਟੇਸ਼ਨ 'ਤੇ ਟਰੇਨ ਰੋਕਣ ਵਾਲੇ ਪ੍ਰਦਰਸ਼ਨਕਾਰੀਆਂ ਖਿਲਾਫ ਵੀ ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਇੰਡੀਅਨ ਰੇਲਵੇ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।


Related News