ਵਿਦਿਆਰਥੀਆਂ ਨੇ ਪ੍ਰਿੰਸੀਪਲ ਦਫ਼ਤਰ ਸਾਹਮਣੇ ਭੰਗੜਾ ਪਾ ਕੀਤਾ ‘ਅਜੀਬੋ-ਗਰੀਬ ਰੋਸ ਪ੍ਰਦਰਸ਼ਨ’

10/10/2019 12:06:54 PM

ਫ਼ਰੀਦਕੋਟ (ਹਾਲੀ) - ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਯੁਵਕ ਮੇਲੇ ਲਈ ਫ਼ੰਡ ਨਾ ਜਾਰੀ ਕਰਨ ਦੇ ਵਿਰੋਧ 'ਚ ਭੰਗੜੇ ਦੀ ਰਿਹਰਸਲ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਿੰਸੀਪਲ ਵਲੋਂ ਪੀ. ਟੀ. ਏ. ਕਮੇਟੀ ਦੀ ਮੀਟਿੰਗ ਬੁਲਾ ਕੇ ਯੁਵਕ ਮੇਲੇ ਦੀਆਂ ਸਾਰੀਆਂ ਪੇਸ਼ਕਾਰੀਆਂ ਲਈ ਫ਼ੰਡ ਜਾਰੀ ਕਰਨ ਦਾ ਮਤਾ ਪੇਸ਼ ਕਰਨ ਦੇ ਭਰੋਸੇ ਮਗਰੋਂ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਪੀ. ਐੱਸ. ਯੂ. ਦੇ ਜ਼ਿਲਾ ਪ੍ਰਧਾਨ ਕੇਸ਼ਵ ਆਜ਼ਾਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਪ੍ਰਿੰਸੀਪਲ ਵੱਲੋਂ ਪੀ. ਐੱਸ. ਯੂ. ਦੇ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਅਤੇ ਯੁਵਕ ਮੇਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ 30 ਰੁਪਏ ਟੀ. ਏ. ਅਤੇ 40 ਰੁਪਏ ਡੀ. ਏ. ਦੇਣ ਦੀ ਗੱਲ ਕਹੀ, ਜਿਸ ਤੋਂ ਬਾਅਦ ਆਗੂ ਮੀਟਿੰਗ ਦਾ ਬਾਈਕਾਟ ਕਰ ਕੇ ਬਾਹਰ ਆ ਗਏ ਅਤੇ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ।

ਰੋਸ ਪ੍ਰਗਟਾਉਣ ਲਈ ਵਿਦਿਆਰਥੀਆਂ ਨੇ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਵਿਦਿਆਰਥੀ ਲਗਭਗ ਅੱਧਾ ਘੰਟਾ ਦਫ਼ਤਰ ਦੇ ਬਾਹਰ ਭੰਗੜੇ ਦੀ ਰਿਹਰਸਲ ਕਰਦੇ ਰਹੇ, ਜਿਸ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਹੋਰ ਵਿਦਿਆਰਥੀ ਵੀ ਸ਼ਾਮਲ ਹੋਏ। ਇਸ ਤੋਂ ਬਾਅਦ ਪੁਲਸ ਦੇ ਅਧਿਕਾਰੀ ਕਾਲਜ ਆਏ ਅਤੇ ਉਨ੍ਹਾਂ ਕਾਲਜ ਪ੍ਰਸ਼ਾਸਨ ਨੂੰ ਮਸਲਾ ਹੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਥੇ ਵਿਦਿਆਰਥੀ ਲਗਾਤਾਰ ਮਿਹਨਤ ਕਰ ਰਹੇ ਹਨ ਉਥੇ ਕਾਲਜ ਪ੍ਰਸ਼ਾਸਨ ਉਨ੍ਹਾਂ ਦੀ ਸਹਾਇਤਾ ਕਰਨ ਦੀ ਬਜਾਏ ਪਹਿਲਾਂ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਇਨਕਾਰੀ ਸੀ ਅਤੇ ਹੁਣ ਵਿਦਿਆਰਥੀਆਂ ਨੂੰ 70 ਰੁਪਏ ਦੇ ਕੇ ਇਕ ਭੱਦਾ ਮਜ਼ਾਕ ਕਰ ਰਿਹਾ ਹੈ। ਕਾਲਜ ਵੱਲੋਂ ਪੀ. ਟੀ. ਏ. ਫ਼ੰਡ ਦੇ ਨਾਂ 'ਤੇ ਹਰ ਸਾਲ ਮੋਟੀ ਰਕਮ ਵਸੂਲੀ ਜਾਂਦੀ ਹੈ, ਜਿਸ ਦਾ ਵੱਡਾ ਹਿੱਸਾ ਗੈਸਟ ਫੈਕਲਟੀ (ਕੱਚੇ ਅਧਿਆਪਕ) ਦੀ ਤਨਖਾਹ ਵਿਚ ਖਰਚ ਹੋ ਜਾਂਦਾ ਹੈ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ।

ਇਸ ਪ੍ਰਦਰਸ਼ਨ ਦੇ ਦਬਾਅ ਹੇਠ ਆਗੂਆਂ ਨੂੰ ਦੁਬਾਰਾ ਗੱਲਬਾਤ ਲਈ ਬੁਲਾਇਆ ਗਿਆ ਅਤੇ ਕਾਲਜ ਪ੍ਰਿੰਸੀਪਲ ਵੱਲੋਂ 10 ਅਕਤੂਬਰ ਨੂੰ ਪੀ. ਟੀ. ਏ. ਕਮੇਟੀ ਦੀ ਮੀਟਿੰਗ ਬੁਲਾ ਕੇ ਸਾਰੀਆਂ ਪੇਸ਼ਕਾਰੀਆਂ ਲਈ ਫ਼ੰਡ ਜਾਰੀ ਕਰਨ ਦਾ ਮਤਾ ਪੇਸ਼ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਲਈ ਪ੍ਰੋਫੈਸਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ। ਇਸ ਸਮੇਂ ਵਿਦਿਆਰਥੀ ਆਗੂ ਸਾਹਿਲਦੀਪ ਸਿੰਘ, ਸੁਖਪ੍ਰੀਤ ਕੌਰ, ਮਨਦੀਪ ਕੌਰ, ਸਾਗਰ ਸਿੰਘ, ਦਵਿੰਦਰ, ਨਵਰੋਜ਼, ਲਵਪ੍ਰੀਤ ਆਦਿ ਹਾਜ਼ਰ ਸਨ।


rajwinder kaur

Content Editor

Related News