ਗੜ੍ਹੇਮਾਰੀ ਨਾਲ ਬਰਬਾਦ ਹੋਈ ਫਸਲ ਨੂੰ ਲੈ ਕੇ ਭਾਕਿਯੂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ
Thursday, May 28, 2020 - 05:29 PM (IST)
ਤਪਾ ਮੰਡੀ(ਸ਼ਾਮ,ਗਰਗ) - ਨੇੜਲੇ ਪਿੰਡ ਦਰਾਜ ਦੀ ਖੂਹੀ 'ਤੇ ਇਕੱਤਰ ਭਾਕਿਯੂ(ਉਗਰਾਹਾਂ) ਵੱਲੋਂ 8 ਮਹੀਨੇ ਪਹਿਲਾਂ ਹਜਾਰਾਂ ਏਕੜ 'ਚ ਖੜ੍ਹੀ ਝੋਨੇ ਦੀ ਫਸਲ ਗੜ੍ਹੇਮਾਰੀ 'ਚ ਬਰਬਾਦ ਹੋ ਗਈ ਸੀ ਜਿਸ ਤੋਂ ਭੜਕੇ ਕਿਸਾਨਾਂ ਨੇ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਕਿਯੂ(ਉਗਰਾਹਾਂ) ਦੇ ਪ੍ਰਧਾਨ ਬਲਦੇਵ ਸਿੰਘ, ਸਕੱਤਰ ਵੀਰਾਂ ਸਿੰਘ, ਖਜਾਨਚੀ ਭੋਲਾ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਸਾਡੇ ਪਿੰਡ ਦਰਾਜ-ਦਰਾਕਾ ਵਿਖੇ 8 ਮਹੀਨੇ ਪਹਿਲਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਤੇ ਗੜ੍ਹੇ ਪੈਣ ਕਾਰਨ ਝੋਨਾ ਨੱਬੇ ਪ੍ਰਤੀਸ਼ਤ ਖਰਾਬ ਹੋ ਗਿਆ ਸੀ। ਗੜ੍ਹੇਮਾਰੀ ਹੋਣ ਤੋਂ ਬਾਅਦ ਮੁਆਵਜ਼ੇ ਦੀ ਗੱਲ ਕਹਿ ਕੇ ਸਥਾਨਕ ਇਲਾਕੇ ਦੇ ਐਸ.ਡੀ.ਐਮ. ਅਤੇ ਕਾਨੂੰਗੋ ਪਟਵਾਰੀ ਵੱਲੋਂ ਪੀੜਤ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਗਿਰਦਾਵਰੀਆਂ ਕੀਤੀਆਂ ਗਈਆਂ ਸਨ। ਪਰ 8 ਮਹੀਨੇ ਬੀਤ ਜਾਣ ਮਗਰੋਂ ਵੀ ਉਨ੍ਹਾਂ ਦੇ ਹੱਥ ਅਜੇ ਤੱਕ ਖ਼ਾਲੀ ਹੀ ਹਨ। ਬੀਤੇ ਵਰ੍ਹੇ ਫਸਲ ਖਰਾਬ ਹੋਣ ਕਾਰਨ ਉਹ ਆਰਥਿਕ ਪੱਖੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੇ ਸਨ। ਪਰ ਕਰੋਨਾ ਵਾਇਰਸ ਦੇ ਚਲਦਿਆਂ ਲੱਗੇ ਕਰਫਿਊ ਕਾਰਨ ਕਿਸਾਨਾਂ ਦੇ ਸਹਾਇਕ ਧੰਦੇ ਵਜੋਂ ਅਪਣਾਏ ਗਏ ਪਸ਼ੂ ਪਾਲਣ ਦਾ ਧੰਦਾ ਵੀ ਦੁੱਧ ਬੰਦ ਹੋਣ ਕਾਰਨ ਚੌਪਟ ਹੋ ਗਿਆ ਹੈ। ਉਨ੍ਹਾਂ ਵੱਲੋਂ ਮੁਆਵਜੇ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਤਿੰਨ ਵਾਰ ਮੰਗ ਪੱਤਰ ਵੀ ਦੇ ਦਿੱਤਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫਸਲ ਦਾ ਮੁਆਵਜ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਪਸ਼ੂ ਪਾਲਣ ਦੇ ਧੰਦੇ 'ਤੇ ਵੀ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਕਰਜ਼ੇ ਦੇ ਬੋਝ ਹੇਠ ਦੱਬਿਆ ਖੁਦਕਸ਼ੀਆਂ ਦੇ ਰਾਹ ਪਏ ਅੰਨਦਾਤੇ ਨੂੰ ਬਚਾਇਆ ਜਾ ਸਕੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਸਾਡੀਆਂ ਫ਼ਸਲਾਂ ਦਾ ਮੁਆਵਜ਼ਾ ਜਲਦ ਹੀ ਨਾ ਮਿਲਿਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਜਿਸ ਦੇ ਚੱਲਦਿਆਂ ਕੀਤੇ ਗਏ ਰੋਡ ਜਾਮ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੀ ਹੋਵੇਗੀ। ਇਸ ਮੌਕੇ ਸਾਧੂ ਸਿੰਘ, ਬਹਾਦੁਰ ਸਿੰਘ, ਨਛੱਤਰ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ, ਭਿੰਦਾ ਸਿੰਘ, ਰੂਪ ਸਿੰਘ, ਸੇਮਾ ਸਿੰਘ, ਸਾਧੂ ਸਿੰਘ, ਜੱਗਾ ਸਿੰਘ, ਕਰਮ ਸਿੰਘ, ਮੋਹਣ ਸਿੰਘ, ਗੁਰਮੇਲ ਸਿੰਘ, ਬੱਗੜ ਸਿੰਘ, ਰਾਜ ਸਿੰਘ, ਤੀਰਥ ਸਿੰਘ, ਗੋਰਾ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ।