ਤਰਨਤਾਰਨ ''ਚ ਨਗਰ ਕੀਰਤਨ ਦੌਰਾਨ ਵਾਪਰੇ ਹਾਦਸੇ ''ਤੇ ਭਾਈ ਲੌਂਗੋਵਾਲ ਵੱਲੋਂ ਦੁੱਖ ਪ੍ਰਗਟ

Sunday, Feb 09, 2020 - 01:51 AM (IST)

ਅੰਮ੍ਰਿਤਸਰ, (ਦੀਪਕ)— ਤਰਨਤਾਰਨ ਜ਼ਿਲੇ 'ਚ ਪਿੰਡ ਪਹੂਵਿੰਡ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਪਟਾਕਿਆਂ ਨੂੰ ਅੱਗ ਲੱਗਣ ਕਾਰਣ ਵਾਪਰੇ ਹਾਦਸੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖਮੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਭਾਈ ਲੌਂਗੋਵਾਲ ਨੇ ਕਿਹਾ ਕਿ ਹਾਦਸਾ ਬੇਹੱਦ ਦੁਖਦਾਈ ਹੈ ਅਤੇ ਇਸ ਦੁੱਖ ਦੀ ਘੜੀ 'ਚ ਸ਼੍ਰੋਮਣੀ ਕਮੇਟੀ ਪ੍ਰਭਾਵਿਤਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ਖਮੀਆਂ ਦਾ ਬਿਲਕੁਲ ਮੁਫਤ ਇਲਾਜ ਕਰੇਗੀ। ਇਸ ਸਬੰਧੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸੇ ਦੌਰਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਨਗਰ ਕੀਰਤਨ ਸਮੇਂ ਹੋਏ ਹਾਦਸੇ ਨੂੰ ਮੰਦਭਾਗਾ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਘਰਾਂ ਵਿਚ ਸਜਾਏ ਜਾਂਦੇ ਨਗਰ ਕੀਰਤਨ ਤੇ ਸਮਾਗਮਾਂ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਤੇ ਜ਼ਖਮੀਆਂ ਦੇ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ।


KamalJeet Singh

Content Editor

Related News