ਅਮਰੀਕਾ ''ਚ ਸਿੱਖਾਂ ''ਤੇ ਹੋ ਰਹੇ ਨਸਲੀ ਹਮਲਿਆਂ ''ਤੇ ਲੌਂਗੋਵਾਲ ਨੇ ਪ੍ਰਗਟਾਈ ਚਿੰਤਾ
Thursday, Nov 14, 2019 - 05:18 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ਅੰਦਰ ਸਿੱਖਾਂ 'ਤੇ ਵੱਧ ਰਹੇ ਨਸਲੀ ਹਮਲਿਆਂ 'ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਛਪੀਆਂ ਰਿਪੋਰਟਾਂ ਅਨੁਸਾਰ ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਐੱਫ. ਬੀ. ਆਈ. ਵਲੋਂ ਜਾਰੀ ਅੰਕੜਿਆਂ ਅਨੁਸਾਰ 2017 ਦੇ ਮੁਕਾਬਲੇ 2018 'ਚ ਸਿੱਖਾਂ ਖਿਲਾਫ ਅਪਰਾਧਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਵਿਦੇਸ਼ਾਂ ਅੰਦਰ ਲਗਾਤਾਰ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਯਤਨਸ਼ੀਲ ਰਹੀ ਹੈ। ਵਿਦੇਸ਼ਾਂ 'ਚ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਉੱਚ ਮੁਕਾਮ ਹਾਸਲ ਕੀਤੇ ਹਨ ਅਤੇ ਸਬੰਧਤ ਦੇਸ਼ਾਂ ਦੇ ਵਿਕਾਸ 'ਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਿੱਖ ਵਿਦੇਸ਼ਾਂ ਅੰਦਰ ਸਰਕਾਰਾਂ ਦਾ ਹਿੱਸਾ ਬਣੇ ਹੋਏ ਹਨ। ਭਾਈ ਲੌਂਗੋਵਾਲ ਨੇ ਇਸ ਮੌਕੇ ਬੋਲਦੇ ਹੋਏ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਭਾਰਤ ਸਰਕਾਰ ਨੂੰ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।