ਚੋਣ ਪ੍ਰਚਾਰ 'ਤੇ ਗੁਜਰਾਤ ਗਏ CM ਮਾਨ ਦਾ ਭਾਜਪਾ 'ਤੇ ਹਮਲਾ, ਕਹੀਆਂ ਵੱਡੀਆਂ ਗੱਲਾਂ

Saturday, Oct 08, 2022 - 10:01 PM (IST)

ਚੋਣ ਪ੍ਰਚਾਰ 'ਤੇ ਗੁਜਰਾਤ ਗਏ CM ਮਾਨ ਦਾ ਭਾਜਪਾ 'ਤੇ ਹਮਲਾ, ਕਹੀਆਂ ਵੱਡੀਆਂ ਗੱਲਾਂ

ਦਾਹੋਦ (ਗੁਜਰਾਤ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਕਮਲ ਭਾਵੇਂ ਚਿੱਕੜ ਵਿੱਚ ਖਿੜਦਾ ਹੈ ਪਰ ਝਾੜੂ ਗੁਜਰਾਤ ਵਿੱਚ ਇਸ ਚਿੱਕੜ ਨੂੰ ਹੂੰਝੇਗਾ, ਜਿਸ ਨਾਲ ਸੂਬੇ ਵਿੱਚੋਂ ‘ਕਮਲ ਦੇ ਸਫਾਏ’ ਦਾ ਰਾਹ ਪੱਧਰਾ ਹੋ ਜਾਵੇਗਾ। ਇੱਥੇ ਇਕ ਜਨਤਕ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ। ਉਨ੍ਹਾਂ ਕਿਹਾ ਕਿ 27 ਸਾਲਾਂ ਬਾਅਦ ਇਕ ਅਜਿਹਾ ਦ੍ਰਿਸ਼ ਉਭਰਿਆ ਹੈ, ਜਿੱਥੇ ਝਾੜੂ (ਆਮ ਆਦਮੀ ਪਾਰਟੀ) ਸੂਬੇ ਵਿੱਚੋਂ ਕਮਲ (ਭਾਜਪਾ) ਨੂੰ ਬਾਹਰ ਦਾ ਰਸਤਾ ਦਿਖਾਏਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬੇ 'ਚ ਕਾਂਗਰਸ ਪਹਿਲਾਂ ਹੀ ਵੈਂਟੀਲੇਟਰ 'ਤੇ ਹੈ ਅਤੇ ਮੁੱਖ ਮੁਕਾਬਲਾ 'ਆਪ' ਅਤੇ ਭਾਜਪਾ ਵਿਚਾਲੇ ਹੈ।

ਇਹ ਵੀ ਪੜ੍ਹੋ : ...ਤੇ ਹੁਣ 9 ਸਾਲਾ ਬੱਚੇ ਨੇ ਮੁਕੇਰੀਆਂ ਦੇ ਇਸ ਗੁਰਦੁਆਰਾ ਸਾਹਿਬ ’ਚ ਕੀਤੀ ਬੇਅਦਬੀ, ਮਾਮਲਾ ਦਰਜ

ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀਆਂ ਰੈਲੀਆਂ ਵਿੱਚ ਭਾਰੀ ਹਾਜ਼ਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ। ਲੋਕ ਇਸ ਨਿਕੰਮੀ, ਜ਼ਾਲਮ ਅਤੇ ਭ੍ਰਿਸ਼ਟ ਸਰਕਾਰ ਤੋਂ ਬਦਲਾਅ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਉਹ ਝੂਠੇ ਸੁਪਨੇ ਨਹੀਂ ਵੇਚ ਰਹੇ, ਸਗੋਂ ਲੋਕ ਸਿਸਟਮ ਬਦਲਣ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁਦਰਤੀ ਸਰੋਤਾਂ ਦੀ ਬਹੁਤਾਤ ਹੈ ਪਰ ਅਫਸੋਸ ਕਿ ਨੇਤਾਵਾਂ ਨੇ ਆਪਣੇ ਭ੍ਰਿਸ਼ਟ ਕਾਰਿਆਂ ਨਾਲ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਦੇਸ਼ ਵਾਸੀ ਇਨ੍ਹਾਂ ਭ੍ਰਿਸ਼ਟ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਅੱਗੇ ਆਉਣ।

PunjabKesari

ਇਹ ਵੀ ਪੜ੍ਹੋ : ਮਾਸੂਮ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ETT ਅਧਿਆਪਕ ਖ਼ਿਲਾਫ਼ ਕੇਸ ਦਰਜ

ਪੰਜਾਬ ਵਿੱਚ 'ਆਪ' ਸਰਕਾਰ ਦੀਆਂ ਕਈ ਅਹਿਮ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਜੁਲਾਈ ਤੋਂ ਪੰਜਾਬ ਸਰਕਾਰ ਨੇ ਹਰ ਬਿੱਲ ਉਤੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਮੁਹੱਈਆ ਕਰਵਾਈ ਹੈ। ਇਸ ਦੇ ਨਤੀਜੇ ਵਜੋਂ ਸਤੰਬਰ ਮਹੀਨੇ ਵਿੱਚ ਕੁੱਲ 72.66 ਲੱਖ 'ਚੋਂ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਵਿੱਚ 17 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਜੋ ਨਿਰੋਲ ਮੈਰਿਟ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਪੰਜਾਬ ਵਿੱਚ ਗੁਜਰਾਤ ਵਾਂਗ ਭਰਤੀ ਪ੍ਰੀਖਿਆ ਲੀਕ ਹੋਣ ਵਰਗਾ ਕੋਈ ਨੁਕਸਦਾਰ ਸਿਸਟਮ ਨਹੀਂ ਹੈ। ਨੌਕਰੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਨੌਕਰੀ ਦੇ ਮੋਹ ’ਚ ਵਿਦੇਸ਼ ’ਚ ਤਸੀਹੇ ਭੁਗਤਣ ਲਈ ਮਜਬੂਰ ਹੋ ਰਹੇ ਨੌਜਵਾਨ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਕਰੀਆਂ ਵਿੱਚ ਸ਼ੋਸ਼ਣ ਵਾਲੀ ਠੇਕਾ ਪ੍ਰਣਾਲੀ ਦੇ ਵਿਰੁੱਧ ਹੈ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੇ 36,000 ਤੋਂ ਵੱਧ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਨ੍ਹਾਂ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਕਰੀਬ 9000 ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੱਕੇ ਸਰਕਾਰੀ ਕਰਮਚਾਰੀ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਮੁਹੱਈਆ ਕਰ ਸਕਣ।

PunjabKesari

ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਹਵਾਈ ਅੱਡੇ ਤੋਂ ਜ਼ਬਤ ਕੀਤਾ 17 ਲੱਖ ਦਾ ਸੋਨਾ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ 100 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਦਾ ਮੁਫ਼ਤ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਖ਼ੂਨ ਦੀ ਜਾਂਚ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਂਦੀ ਹੈ। ਇਸ ਨਾਲ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਨਾਲ-ਨਾਲ ਵੱਡੇ ਹਸਪਤਾਲਾਂ 'ਤੇ ਵਾਧੂ ਬੋਝ ਵੀ ਘਟਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News