ਕਾਲੇ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਕੇਜਰੀਵਾਲ ਨੇ ਕਿਸਾਨਾਂ ਦਾ ‘ਅਸਲੀ ਸੇਵਾਦਾਰ‘ ਹੋਣ ਦਾ ਦਿੱਤਾ ਸਬੂਤ : ਭਗਵੰਤ

Saturday, Dec 19, 2020 - 12:38 AM (IST)

ਚੰਡੀਗੜ੍ਹ,(ਰਮਨਜੀਤ): ਦਿੱਲੀ ਸਰਕਾਰ ਵਲੋਂ ਵਿਧਾਨ ਸਭਾ ਦਾ ਇੱਕ ਰੋਜ਼ਾ ਇਜਲਾਸ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ’ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਪਾੜ੍ਹਕੇ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਪਾਖੰਡੀ ਪਾਰਟੀਆਂ : ਕੈਪਟਨ

ਬਿਆਨ ਜਾਰੀ ਕਰ ਕੇ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਵਲੋਂ ਵਿਧਾਨ ਸਭਾ ਵਿਚ ਖੇਤੀ ਕਾਨੂੰਨਾਂ ਵਿਰੁਧ ਪ੍ਰਸਤਾਵ ਪੱਤਰ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਠੀਕ ਸਮੇਂ ’ਤੇ ਕਰਾਰੀ ਚੋਟ ਮਾਰੀ ਹੈ ਅਤੇ ਕਾਨੂੰਨਾਂ ਦੀਆਂ ਕਾਪੀਆਂ ਪਾੜ੍ਹਕੇ ਸਿੱਧਾ ਅਤੇ ਸਪੱਸ਼ਟ ਸੁਨੇਹਾ ਦਿੱਤਾ ਹੈ। ਮਾਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਕਾਨੂੰਨਾਂ ਖਿਲਾਫ ਸੜਕ ਤੋਂਂ ਸੰਸਦ ਤੱਕ ਆਵਾਜ਼ ਚੁਕਦੀ ਰਹੀ ਹੈ। ਫਿਰ ਚਾਹੇ ਜੂਨ 2020 ਵਿਚ ਸਭ ਤੋਂ ਪਹਿਲਾਂ ਕਾਨੂੰਨਾਂ ਦੇ ਵਿਰੋਧ ਵਿਚ ਪ੍ਰੈੱਸ ਕਾਨਫਰੰਸ ਕਰਣਾ ਹੋਵੇ, ਜੰਤਰ ਮੰਤਰ ’ਤੇ ਮੁੱਖ ਮੰਤਰੀ ਕੇਜਰੀਵਾਲ ਵਲੋਂ ਧਰਨਾ ਦੇਣਾ ਹੋਵੇ ਜਾਂ ਫਿਰ ਕਿਸਾਨ ਅੰਦੋਲਨ ਵਿਚ ਕਿਸਾਨਾਂ ਵਿਚ ਜਾ ਕੇ ਉਨ੍ਹਾਂ ਦੀ ਸੇਵਾ ਕਰਣਾ ਹੋਵੇ। ਅਰਵਿੰਦ ਕੇਜਰੀਵਾਲ ਹੀ ਇੱਕਮਾਤਰ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਅਜਿਹਾ ਕੀਤਾ। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਹੀ ਖੇਤੀ ਕਾਨੂੰਨਾਂ ਖਿਲਾਫ ਸਿੱਧਾ ਅਤੇ ਸਪੱਸ਼ਟ ਸਟੈਂਡ ਰੱਖਿਆ ਹੈ, ਜਦੋਂਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਅੱਜ ਤੱਕ ਦੋਗਲੀ ਨੀਤੀ ’ਤੇ ਚੱਲਦਾ ਆ ਰਿਹਾ ਹੈ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੀ. ਜੀ. ਆਈ. ’ਚ ਦਾਖ਼ਲ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਕੇਜਰੀਵਾਲ ਸਰਕਾਰ ’ਤੇ ਕੀਤੀ ਗਈ ਟਿੱਪਣੀ ’ਤੇ ਪਲਟਵਾਰ ਕਰਦੇ ਮਾਨ ਨੇ ਕਿਹਾ ਕਿ ਸਿੰਗਲਾ ਪਹਿਲਾਂ ਇਹ ਸਪੱਸ਼ਟ ਕਰਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਈਪਾਵਰ ਕਮੇਟੀ ਦੀ ਬੈਠਕ ਵਿਚ ਇਨ੍ਹਾਂ ਕਾਨੂੰਨਾਂ ਦੇ ਮਸੌਦੇ ਦਾ ਵਿਰੋਧ ਕਿਉਂ ਨਹੀਂ ਕੀਤਾ। ਵਾਰ-ਵਾਰ ਮੰਗ ਦੇ ਬਾਵਜੂਦ ਖੇਤੀ ਪ੍ਰਧਾਨ ਪ੍ਰਦੇਸ਼ ਪੰਜਾਬ ਦੇ ਮੁੱਖ ਮੰਤਰੀ ਹੋਣ ਨਾਤੇ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਖੇਤੀ ਕਾਨੂੰਨਾਂ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਮਿਲੇ  ਉਨ੍ਹਾਂ ਨੇ ਕਿਹਾ ਕਿ ਸਿੰਗਲਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੱਸਣ ਕਿ ਕੇਂਦਰੀ ਮੰਤਰੀਆਂ ਦੀਆਂ ਕਿਸਾਨਾਂ ਨਾਲ ਬੈਠਕ ਤੋਂ ਠੀਕ ਪਹਿਲਾਂ ਕੈਪਟਨ ਅਚਾਨਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਕਿਉਂ ਗਏ ਅਤੇ ਦੋਨਾਂ ਵਿਚਕਾਰ ਬੰਦ ਕਮਰਾ ਮੀਟਿੰਗ ਦੌਰਾਨ ਕੀ ਡੀਲ ਹੋਈ ? ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ’ਤੇ ਹਮਲਾ ਬੋਲਦੇ ਕਿਹਾ ਕਿ ਮੋਦੀ ਮੰਤਰੀ ਮੰਡਲ ਵਿਚ ਰਹਿੰਦੇ ਉਨ੍ਹਾਂ ਨੇ ਆਰਡੀਨੈਂਸਾਂ ’ਤੇ ਹਸਤਾਖਰ ਕਿਉਂ ਕੀਤੇ। ਵਿਰੋਧ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਤਿੰਨੇ ਕਾਲੇ ਕਾਨੂੰਨਾਂ ਦਾ ਗੁਣਗਾਨ ਕਿਉਂ ਕੀਤਾ ?


Deepak Kumar

Content Editor

Related News