ਕੁੜੀ ਨਾਲ ਸਰੀਰਕ ਸਬੰਧ ਬਣਾ ਕੇ ਕੀਤੀ ਕੁੱਟਮਾਰ, 6 ਖ਼ਿਲਾਫ਼ ਮਾਮਲਾ ਦਰਜ
Monday, Mar 24, 2025 - 04:18 PM (IST)

ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਵਿਖੇ ਇਕ ਕੁੜੀ ਨਾਲ ਸਰੀਰਕ ਸਬੰਧ ਬਣਾ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਪੁਲਸ ਨੇ 3 ਬਾਏ ਨੇਮ ਲੋਕਾਂ ਅਤੇ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਕੁੜੀ ਨੇ ਦੱਸਿਆ ਕਿ ਉਸ ਦੇ ਮੁਲਜ਼ਮ ਨਾਲ ਪ੍ਰੇਮ ਸਬੰਧ ਸਨ ਤੇ ਮੁਲਜ਼ਮ ਉਨ੍ਹਾਂ ਦੇ ਘਰ ਪਹਿਲਾਂ ਵੀ ਆਉਂਦਾ-ਜਾਂਦਾ ਸੀ। 19-20 ਮਾਰਚ ਦੀ ਦਰਮਿਆਨੀ ਰਾਤ ਨੂੰ ਉਸ ਦੇ ਮਾਤਾ-ਪਿਤਾ ਕਿਸੇ ਰਿਸ਼ਤੇਦਾਰੀ ’ਚ ਗਏ ਹੋਏ ਸਨ ਤਾਂ ਮੁਲਜ਼ਮ ਉਸ ਦੇ ਘਰ ਦੀ ਕੰਧ ਟੱਪ ਕੇ ਛੱਤ ਤੋਂ ਉਸ ਕੋਲ ਗਿਆ।
ਮੁਲਜ਼ਮ ਉਸ ਨੂੰ ਵਾਲਾਂ ਤੋਂ ਫੜ੍ਹ ਘੜੀਸਦਾ ਹੋਇਆ ਹੇਠਾਂ ਲੈ ਆਇਆ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੀੜਤ ਕੁੜੀ ਨੇ ਦੱਸਿਆ ਕਿ ਬਾਅਦ ’ਚ ਉਸ ਨੇ ਘਰ ਦਾ ਗੇਟ ਖੋਲ੍ਹ ਦਿੱਤਾ ਤੇ ਬਾਕੀ ਮੁਲਜ਼ਮ ਵੀ ਅੰਦਰ ਆ ਗਏ, ਜਿਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ। ਮੁਲਜ਼ਮ ਨੇ ਪਿਸਤੌਲ ਨਾਲ ਉਸ ਨੂੰ ਡਰਾਇਆ-ਧਮਕਾਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸੋਨੇ ਨੇ ਦੱਸਿਆ ਕਿ ਪੁਲਸ ਨੇ ਪੀੜਤ ਕੁੜੀ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।