ਬਿਆਸ ਜਬਰ-ਜ਼ਨਾਹ ਮਾਮਲਾ : 15 ਦਿਨਾਂ ''ਚ ਜਾਂਚ ਕਮੇਟੀ ਸੌਂਪੇਗੀ ਆਪਣੀ ਰਿਪੋਰਟ
Thursday, Dec 19, 2019 - 10:48 AM (IST)

ਅੰਮ੍ਰਿਤਸਰ (ਸੰਜੀਵ) : ਬਿਆਸ ਸਥਿਤ ਇਕ ਪ੍ਰਾਈਵੇਟ ਸਕੂਲ 'ਚ 8 ਸਾਲ ਦੀ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵਲੋਂ ਬਣਾਈ ਗਈ ਜਾਂਚ ਕਮੇਟੀ ਬੁੱਧਵਾਰ ਪੀੜਤ ਪਰਿਵਾਰ ਨੂੰ ਮਿਲੀ ਅਤੇ ਉਨ੍ਹਾਂ ਨੂੰ ਇਸ ਮਾਮਲੇ 'ਚ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਵਧੀਕ ਏ. ਡੀ. ਸੀ. ਜਨਰਲ ਦੀ ਪ੍ਰਧਾਨਗੀ 'ਚ ਬਣਾਈ ਗਈ ਇਸ ਕਮੇਟੀ 'ਚ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ, ਸਿਵਲ ਸਰਜਨ, ਜ਼ਿਲਾ ਸਿੱਖਿਆ ਅਧਿਕਾਰੀ, ਬਾਲ ਭਲਾਈ ਅਧਿਕਾਰੀ ਅਤੇ ਬਾਲ ਵਿਕਾਸ ਸੁਰੱਖਿਆ ਅਧਿਕਾਰੀ ਸ਼ਾਮਿਲ ਸਨ। ਕਮੇਟੀ ਦੇ ਸਾਰੇ ਮੈਂਬਰਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਉਪਲਬਧ ਕਰਵਾਉਣ ਦਾ ਵੀ ਭਰੋਸਾ ਦਿੱਤਾ।
ਇਸ ਦੌਰਾਨ ਪਰਿਵਾਰ ਨੇ ਕਮੇਟੀ ਨੂੰ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਮੈਂਬਰ ਦਾ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਨਾਂ ਸਾਹਮਣੇ ਨਾ ਲਿਆਂਦਾ ਜਾਵੇ। ਕਮੇਟੀ ਨੇ ਪੀੜਤ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਉਸ ਵਿਰੁੱਧ ਵੀ ਸਿੱਧੇ ਤੌਰ 'ਤੇ ਕਮੇਟੀ ਕਾਨੂੰਨੀ ਕਾਰਵਾਈ ਕਰਨ ਲਈ ਵਚਨਬੱਧ ਹੈ। ਪੀੜਤ ਬੱਚੀ ਦੇ ਪਿਤਾ ਨੂੰ ਹਰ ਮਾਮਲੇ 'ਚ ਸਿੱਧੇ ਤੌਰ 'ਤੇ ਪ੍ਰਸ਼ਾਸਨ ਨਾਲ ਸੰਪਰਕ 'ਚ ਰਹਿਣ ਨੂੰ ਵੀ ਕਿਹਾ ਗਿਆ ਹੈ। ਪਰਿਵਾਰ ਨਾਲ ਮੀਟਿੰਗ ਤੋਂ ਬਾਅਦ ਜਾਂਚ ਕਮੇਟੀ ਨੇ ਸਕੂਲ ਜਾ ਕੇ ਘਟਨਾ ਸਥਾਨ ਦਾ ਵੀ ਜਾਇਜ਼ਾ ਲਿਆ। ਡੀ. ਸੀ. ਦੇ ਨਿਰਦੇਸ਼ਾਂ 'ਤੇ ਬਣਾਈ ਗਈ ਇਹ ਜਾਂਚ ਕਮੇਟੀ 15 ਦਿਨਾਂ 'ਚ ਆਪਣੀ ਰਿਪੋਰਟ ਸੌਂਪੇਗੀ, ਜਿਸ ਵਿਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਖਾਸ ਹਦਾਇਤ ਦਿੱਤੀ ਗਈ ਹੈ ਕਿ ਉਹ ਬੱਚੀ ਦੇ ਪਰਿਵਾਰ ਨਾਲ ਬੜੀ ਹੀ ਨਰਮੀ ਨਾਲ ਪੇਸ਼ ਆਉਣਗੇ।