ਸਾਵਧਾਨ! ਪਾਕਿਸਤਾਨ ਦੇ ਸ਼ਾਤਰ ਸਾਈਬਰ ਠੱਗਾਂ ਦੀ ਹੁਣ ਪੰਜਾਬ ਦੇ ਕਾਰੋਬਾਰੀਆਂ ’ਤੇ ਨਜ਼ਰ
Tuesday, Aug 20, 2024 - 03:44 AM (IST)
ਲੁਧਿਆਣਾ (ਰਾਜ) : ਪਾਕਿਸਤਾਨ ’ਚ ਬੈਠੇ ਸਾਈਬਰ ਠੱਗਾਂ ਦੀ ਨਜ਼ਰ ਇਨ੍ਹੀਂ ਦਿਨੀਂ ਪੰਜਾਬ ’ਤੇ ਹੈ। ਉਹ ਲਗਾਤਾਰ ਪਾਕਿਸਤਾਨੀ ਨੰਬਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਾਰੋਬਾਰੀਆਂ ਨੂੰ ਠੱਗਣ ਦੇ ਵੱਖ-ਵੱਖ ਪੈਂਤੜੇ ਅਪਣਾ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਾਈਬਰ ਠੱਗ ਪਾਕਿਸਤਾਨੀ ਨੰਬਰ ਤੋਂ ਚੱਲਣ ਵਾਲੇ ਵ੍ਹਟਸਐਪ ’ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ ਡੀ. ਪੀ. ਵਰਤ ਰਹੇ ਹਨ, ਜਿਸ ਵਿਚ ਉਨ੍ਹਾਂ ਨੇ ਆਈ.ਜੀ., ਡੀ.ਆਈ.ਜੀ. ਅਤੇ ਸੀ.ਪੀ. ਰੈਂਕ ਦੇ ਅਧਿਕਾਰੀਆਂ ਦੀ ਡੀ. ਪੀ. ਸ਼ਾਮਲ ਹੈ।
ਲੁਧਿਆਣਾ ’ਚ ਕਈ ਕਾਰੋਬਾਰੀਆਂ ਨੂੰ ਅਜਿਹੀਆਂ ਕਾਲਾਂ ਆ ਚੁੱਕੀਆਂ ਹਨ ਅਤੇ ਹਮੇਸ਼ਾ ਉਸ ਦੇ ਕਿਸੇ ਪਰਿਵਾਰ ਦੇ ਮੈਂਬਰਾਂ ਨੂੰ ਪੁਲਸ ਵੱਲੋਂ ਫੜਿਆ ਦੱਸ ਕੇ ਜਾਂ ਫਿਰ ਕਿਸੇ ਨਾ ਕਿਸੇ ਹੋਰ ਢੰਗ ਨਾਲ ਉਨ੍ਹਾਂ ਨੂੰ ਠੱਗਣ ਦਾ ਯਤਨ ਕਰਦੇ ਹਨ। ਇਸੇ ਹੀ ਤਰ੍ਹਾਂ ਪਾਕਿਸਤਾਨ ਤੋਂ ਆਏ ਇਕ ਨੰਬਰ ਨੇ ਸ਼ਹਿਰ ਦੇ ਕਾਂਗਰਸੀ ਨੇਤਾ ਨੂੰ ਵੀ ਠੱਗਣ ਦਾ ਯਤਨ ਕੀਤਾ ਸੀ। ਹਾਲਾਂਕਿ ਉਹ ਕਾਮਯਾਬ ਨਹੀਂ ਹੋ ਸਕੇ।
ਕਾਲ ਕਰਨ ਵਾਲਾ ਖੁਦ ਨੂੰ ਪੁਲਸ ਅਧਿਕਾਰੀ ਦੱਸਦਾ ਹੈ ਅਤੇ ਸਾਹਮਣੇ ਵਾਲੇ ਨੂੰ ਕਹਿੰਦਾ ਹੈ ਕਿ ਤੁਹਾਡਾ ਬੇਟਾ, ਬੇਟੀ ਜਾਂ ਹੋਰ ਰਿਸ਼ਤੇਦਾਰ ਉਨ੍ਹਾਂ ਕੋਲ ਹੈ, ਜੋ ਕਿ ਕਿਸੇ ਨਾ ਕਿਸੇ ਅਪਰਾਧਕ ਗਤੀਵਿਧੀ ’ਚ ਸ਼ਾਮਲ ਸੀ ਅਤੇ ਉਸ ਨੂੰ ਛੁਡਾਉਣ ਲਈ ਉਸ ਦੇ ਦੱਸੇ ਬੈਂਕ ਖਾਤੇ ’ਚ ਪੈਸੇ ਪਾਉਣੇ ਪੈਣਗੇ। ਇਸ ਤਰ੍ਹਾਂ ਡਰਾ-ਧਮਕਾ ਕੇ ਕਈ ਕਾਰੋਬਾਰੀਆਂ ਨੂੰ ਸਾਈਬਰ ਅਪਰਾਧੀ ਠੱਗ ਚੁੱਕੇ ਹਨ।
ਕੇਸਰਗੰਜ ਮੰਡੀ ਦੇ ਕਾਰੋਬਾਰੀ ਨੂੰ ਆਈ ਸੀ ਕਾਲ
ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਨੰਬਰ ਤੋਂ ਕੇਸਰਗੰਜ ਮੰਡੀ ਦੇ ਇਕ ਕਾਰੋਬਾਰੀ ਨੂੰ ਕਾਲ ਆਈ ਸੀ। ਕਾਲ ਕਰਨ ਵਾਲੇ ਠੱਗ ਨੇ ਖੁਦ ਨੂੰ ਪੁਲਸ ਮੁਲਾਜ਼ਮ ਦੱਸਿਆ ਸੀ ਅਤੇ ਕਾਰੋਬਾਰੀ ਦੇ ਬੇਟੇ ਬਾਰੇ ਪੁੱਛਣ ਲੱਗਾ।
ਉਸ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਬੇਟੇ ਨੂੰ ਕਤਲ ਦੇ ਦੋਸ਼ੀ ਦੀ ਮਦਦ ਕਰਨ ਦੇ ਦੋਸ਼ ’ਚ ਫੜਿਆ ਹੈ। ਉਹ ਜੇਕਰ ਆਪਣੇ ਬੇਟੇ ਨੂੰ ਛੁਡਾਉਣਾ ਚਾਹੁੰਦੇ ਹਨ ਤਾਂ ਉਸ ਦੇ ਦੱਸੇ ਬੈਂਕ ਖਾਤੇ ’ਚ ਪੈਸੇ ਟ੍ਰਾਂਸਫਰ ਕਰ ਦੇਣ, ਨਹੀਂ ਤਾਂ ਉਹ ਉਸ ਦੇ ਬੇਟੇ ’ਤੇ ਕੇਸ ਦਰਜ ਕਰ ਦੇਣਗੇ ਪਰ ਕਾਰੋਬਾਰੀ ਉਸ ਦੇ ਝਾਂਸੇ ’ਚ ਨਹੀਂ ਆਇਆ ਅਤੇ ਉਸ ਦਾ ਬਚਾਅ ਹੋ ਗਿਆ।
ਦੋ ਦਿਨ ਪਹਿਲਾਂ ਇਕ ਕਾਂਗਰਸੀ ਨੇਤਾ ਨੂੰ ਵੀ ਆਈਆਂ ਸੀ ਕਾਲਾਂ
ਦੋ ਦਿਨ ਪਹਿਲਾਂ ਲੁਧਿਆਣਾ ਦੇ ਇਕ ਕਾਂਗਰਸੀ ਨੇਤਾ ਨੂੰ ਵੀ ਕਾਲਾਂ ਆਈਆਂ। ਕਾਲ ਕਰਨ ਵਾਲੇ ਠੱਗ ਨੇ ਡੀ. ਪੀ. ’ਤੇ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਦੀ ਡੀ. ਪੀ. ਲਗਾਈ ਹੋਈ ਸੀ ਜੋ ਪਾਕਿਸਤਾਨ ਦੇ ਨੰਬਰ ਤੋਂ ਕਾਲ ਕਰਕੇ ਠੱਗਣ ਦਾ ਯਤਨ ਕਰ ਰਿਹਾ ਸੀ ਪਰ ਕਾਂਗਰਸੀ ਨੇਤਾ ਪਾਕਿਸਤਾਨੀ ਨੰਬਰ ਦੇਖ ਕੇ ਚੌਕਸ ਹੋ ਗਿਆ ਅਤੇ ਠੱਗ ਦੇ ਝਾਂਸੇ ’ਚ ਆਉਣ ਤੋਂ ਬਚ ਗਿਆ। ਉਨ੍ਹਾਂ ਨੇ ਉਕਤ ਨੰਬਰ ਬਲਾਕ ਹੀ ਕਰ ਦਿੱਤਾ।
ਕੋਟਸ
ਮੇਰੇ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ ਅਜਿਹੀ ਕਿਸੇ ਵੀ ਕਾਲ ਕਰਨ ਵਾਲੇ ਦੇ ਝਾਂਸੇ ਵਿਚ ਨਾ ਆਉਣ। ਪਾਕਿਸਤਾਨੀ ਨੰਬਰ ਜਾਂ ਕਿਸੇ ਹੋਰ ਨੰਬਰ ਤੋਂ ਆਈ ਕਾਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੀ ਕਿਸੇ ਕਾਲ ਦੇ ਆਉਣ ’ਤੇ ਉਸ ਨੂੰ ਇਗਨੌਰ ਕਰ ਕੇ ਤੁਰੰਤ ਥਾਣਾ ਸਾਈਬਰ ਅਤੇ ਹੈਲਪਲਾਈਨ ਨੰਬਰ 1930 ’ਤੇ ਸੂਚਨਾ ਦੇਣ।
-ਇੰਸਪੈਕਟਰ ਜਤਿੰਦਰ ਸਿੰਘ (ਐੱਸ.ਐੱਚ.ਓ. ਥਾਣਾ ਸਾਈਬਰ)।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8