ਬਠਿੰਡਾ ਦੇ SHO ਤੇ ਉਸ ਦੇ ਗੰਨਮੈਨ ਸਮੇਤ 3 ਖਿਲਾਫ ਸੋਨਾ ਲੁੱਟਣ ਦਾ ਕੇਸ ਦਰਜ
Saturday, Sep 28, 2019 - 01:15 PM (IST)
ਬਠਿੰਡਾ (ਵਿਜੇ) : ਥਾਣਾ ਸਦਰ ਪੁਲਸ ਨੇ ਦੋ ਕਿਲੋ ਸੋਨਾ ਲੁੱਟਣ ਦੇ ਦੋਸ਼ ਵਿਚ ਥਾਣਾ ਮੌੜ ਦੇ ਐੱਸ.ਐੱਚ.ਓ. ਖੇਮਚੰਦ ਪ੍ਰਾਸ਼ਰ, ਗੰਨਮੈਨ ਅਵਤਾਰ ਸਿੰਘ ਅਤੇ ਇਕ ਹੋਰ ਵਿਅਕਤੀ ਅਨੂਪ ਗਰੋਵਰ ਖਿਲਾਫ ਕੇਸ ਦਰਜ ਕੀਤਾ ਹੈ। ਘਟਨਾ 2 ਦਿਨ ਪਹਿਲਾਂ ਦੀ ਥਾਣਾ ਸਦਰ ਏਰੀਆ ਦੀ ਦੱਸੀ ਜਾ ਰਹੀ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮੁਹੰਮਦ ਰਫੀਕ ਨਿਵਾਸੀ ਪਿੰਡ ਸ਼ੇਰਾਨੀ ਜ਼ਿਲਾ ਨਾਗੌਰ ਰਾਜਸਥਾਨ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਅੰਮ੍ਰਿਤਸਰ ਏਅਰਪੋਰਟ 'ਤੇ ਦੁਬਈ ਤੋਂ ਆਏ ਆਪਣੇ ਦੋਸਤਾਂ ਨੂੰ ਲੈ ਕੇ ਬਲੈਰੋ ਗੱਡੀ ਵਿਚ ਵਾਪਸ ਰਾਜਸਥਾਨ ਜਾ ਰਹੇ ਸਨ ਤਾਂ ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਨੇੜੇ ਇਨੋਵਾ ਸਵਾਰ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਅਤੇ ਖੇਮਚੰਦ ਪ੍ਰਾਸ਼ਰ ਨੇ ਖੁਦ ਨੂੰ ਥਾਣਾ ਮੁਖੀ ਦੱਸਦੇ ਹੋਏ ਇਹ ਕਹਿ ਕੇ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਦੀ ਗੱਡੀ ਵਿਚ ਸ਼ੱਕੀ ਸਾਮਾਨ ਹੈ।
ਪੀੜਤ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਪਿੱਛੇ ਇਕ ਆਲਟੋ ਕਾਰ ਆ ਗਈ, ਜਿਸ ਵਿਚ ਹੌਲਦਾਰ ਅਵਤਾਰ ਸਿੰਘ ਅਤੇ ਇਕ ਹੋਰ ਵਿਅਕਤੀ ਅਨੂਪ ਗਰੋਵਰ ਸਵਾਰ ਸਨ, ਉਨ੍ਹਾਂ ਕੋਲ ਆਏ ਅਤੇ ਧਮਕਾਉਣ ਲੱਗੇ। ਪੀੜਤ ਨੇ ਦੱਸਿਆ ਕਿ ਪੁਲਸ ਅਤੇ ਉਕਤ ਵਿਅਕਤੀ ਉਨ੍ਹਾਂ ਨੂੰ ਥਾਣਾ ਮੌੜ ਲੈ ਗਏ, ਜਿੱਥੇ ਕਰੀਬ 4 ਘੰਟੇ ਬਿਠਾ ਕੇ ਰੱਖਿਆ ਅਤੇ ਉਨ੍ਹਾਂ ਦੇ ਸਾਮਾਨ ਵਿਚ ਇਕ ਪ੍ਰੈਸ, ਇਕ ਖਿਲੌਣਾ ਗੱਡੀ ਅਤੇ ਇਕ ਇਲੈਕਟਰੀਕਲ ਐਲਵੇਟਰ ਜਿਸ ਵਿਚ 2 ਕਿਲੋ ਸੋਨਾ ਲੁਕਾ ਕੇ ਰੱਖਿਆ ਸੀ ਉਹ ਕੱਢ ਲਿਆ ਅਤੇ ਉਨ੍ਹਾਂ ਨੂੰ ਧਮਕਾ ਕੇ ਭੇਜ ਦਿੱਤਾ ਗਿਆ, ਜਿਸ ਤੋਂ ਅਗਲੇ ਦਿਨ ਉਸ ਨੇ ਐੱਸ.ਐੱਸ.ਪੀ. ਬਠਿੰਡਾ ਕੋਲ ਉਕਤ ਥਾਣਾ ਮੁਖੀ ਖੇਮਚੰਦ ਪ੍ਰਾਸ਼ਰ, ਹੌਲਦਾਰ ਅਵਤਾਰ ਸਿੰਘ ਅਤੇ ਅਨੂਪ ਗਰੋਵਰ ਖਿਲਾਫ ਸ਼ਿਕਾਇਤ ਕੀਤੀ ਸੀ।
ਐੱਸ.ਐੱਸ.ਪੀ. ਨਾਨਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਜਾਂਚ ਕੀਤੀ ਗਈ ਤਾਂ ਦੇਖਿਆ ਗਿਆ ਕਿ ਥਾਣਾ ਮੌੜ ਦੇ ਮੁਖੀ ਸਬ-ਇੰਸਪੈਕਟਰ ਖੇਮਚੰਦ ਪ੍ਰਾਸ਼ਰ ਨੇ ਆਪਣੇ ਗੰਨਮੈਨ ਹੌਲਦਾਰ ਅਵਤਾਰ ਸਿੰਘ ਅਤੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਥਾਣਾ ਸਦਰ ਏਰੀਆ ਵਿਚ ਉਕਤ ਸ਼ਿਕਾਇਤਕਰਾ ਤੋਂ 2 ਕਿਲੋ ਸੋਨਾ ਬਰਾਮਦ ਕੀਤਾ ਪਰ ਉਸ 'ਤੇ ਕੋਈ ਕਾਰਵਾਈ ਨਾ ਕਰਕੇ ਸੋਨੇ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਹੜੱਪਣ ਦੀ ਕੋਸ਼ਿਸ਼ ਕੀਤੀ। ਐੱਸ.ਐੱਸ.ਪੀ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਸਦਰ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।