ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਭਖਾਇਆ ਚੋਣ ਅਖਾੜਾ
Friday, May 03, 2019 - 12:13 PM (IST)

ਬਠਿੰਡਾ(ਵੈੱਬ ਡੈਸਕ) : ਵੋਟਾਂ ਦੀ ਤਰੀਕ ਨੇੜੇ ਆਉਂਦੇ ਹੀ ਬਠਿੰਡਾ ਵਿਚ ਗਰਮੀ ਦੇ ਨਾਲ-ਨਾਲ ਸਿਆਸੀ ਪਾਰਾ ਵੀ ਚੜ੍ਹਨ ਲੱਗਾ ਹੈ। ਪਤਾ ਲੱਗਾ ਹੈ ਕਿ ਸਾਰੇ ਮੁੱਖ ਉਮੀਦਵਾਰਾਂ ਦੇ ਰਿਸ਼ਤੇਦਾਰ ਵੀ ਹੁਣ ਚੋਣ ਮੈਦਾਨ ਵਿਚ ਉਤਰ ਆਏ ਹਨ। ਉਮੀਦਵਾਰਾਂ ਦੇ ਪਤੀ, ਪਤਨੀ, ਭਰਾ, ਭੈਣ, ਚਾਚਾ, ਮਾਮਾ, ਸਾਲਾ, ਸਹੁਰਾ, ਜੇਠ, ਦਿਓਰ, ਜੁਆਈ, ਦਾਦੀ ਆਦਿ ਵੀ ਪ੍ਰਚਾਰ ਵਿਚ ਜੁੱਟ ਗਏ ਹਨ। ਕੋਈ ਪਿੰਡ ਵਿਚ ਜਨ ਸਭਾਵਾਂ ਕਰ ਰਿਹਾ ਹੈ ਅਤੇ ਕੋਈ ਘਰ-ਘਰ ਜਾ ਕੇ ਲੋਕਾਂ ਅੱਗੇ ਹੱਥ ਜੋੜ ਕੇ, ਪੈਰ ਛੂਹ ਕੇ ਅਤੇ ਜੱਫੀਆਂ ਪਾ ਕੇ ਵੋਟ ਮੰਗ ਰਿਹਾ ਹੈ।
ਬਠਿੰਡਾ ਸੰਸਦੀ ਖੇਤਰ ਵਿਚ ਇਸ ਵਾਰ 27 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਸ਼੍ਰੋਅਦ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਤੋਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪੀ.ਡੀ.ਏ. ਤੋਂ ਸੁਖਪਾਲ ਖਹਿਰਾ ਅਤੇ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਮੁੱਖ ਉਮੀਦਵਾਰ ਹਨ। ਸ਼੍ਰੋਅਦ ਦੀ ਹਰਸਿਮਰਤ ਬਾਦਲ ਲਈ ਜਿੱਥੇ ਆਪਣਾ ਕਿਲਾ ਬਚਾਉਣ ਦੀ ਚੁਣੌਤੀ ਹੈ, ਉਥੇ ਹੀ ਕਾਂਗਰਸ ਸ਼੍ਰੋਅਦ ਦੇ ਮਜ਼ਬੂਤ ਕਿਲੇ ਨੂੰ ਢਾਹੁਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਨਾਲ ਪੀ.ਡੀ.ਏ. ਵੀ ਦਮਦਾਰ ਮੌਜੂਦਗੀ ਦਰਜ ਕਰਵਾਉਣਾ ਚਾਹੁੰਦੀ ਹੈ।
ਹਰਸਿਮਰਤ ਲਈ ਪਤੀ, ਸਹੁਰਾ ਅਤੇ ਭਰਾ ਮੰਗ ਰਹੇ ਨੇ ਵੋਟ
ਬਠਿੰਡਾ ਤੋਂ ਸੰਸਦ ਮੈਂਬਰ ਸ਼੍ਰੋਅਦ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਮਦਦ ਲਈ ਉਨ੍ਹਾਂ ਦੇ ਸਹੁਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਤੀ ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਰਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਮੈਦਾਨ ਵਿਚ ਹਨ। ਸਹੁਰੇ ਨੇ ਆਪਣੇ ਵਿਧਾਨ ਸਭਾ ਖੇਤਰ ਲੰਬੀ ਵਿਚ ਅਤੇ ਭਰਾ ਨੇ ਬਠਿੰਡਾ ਸਿਟੀ ਵਿਚ ਮੋਰਚਾ ਸਾਂਭਿਆ ਹੋਇਆ ਹੈ।
ਖਹਿਰਾ ਲਈ ਪਤਨੀ, ਬੇਟਾ, ਧੀ-ਜੁਆਈ ਅਤੇ ਭੈਣ ਮੰਗ ਰਹੇ ਵੋਟ
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦੀ ਪਤਨੀ ਜਤਿੰਦਰ ਦੌਰ ਖਹਿਰਾ, ਭੈਣ ਰਾਣੀ ਕੌਰ, ਬੇਟਾ ਐਡਵੋਕੇਟ ਮਹਿਤਾਬ ਸਿੰਘ ਖਹਿਰਾ, ਧੀ ਸਿਮਰਨ ਕੌਰ ਅਤੇ ਜੁਆਈ ਇੰਦਰਬੀਰ ਸਿੰਘ ਉਨ੍ਹਾਂ ਦੀ ਜਿੱਤ ਯਕੀਨੀ ਕਰਨ ਲਈ ਪਸੀਨਾ ਵਹਾ ਰਹੇ ਹਨ। ਪਰਿਵਾਰ ਦੇ ਸਾਰੇ ਮੈਂਬਰ ਫਿਲਹਾਲ ਪਿੰਡਾਂ ਵਿਚ ਪ੍ਰਚਾਰ ਵਿਚ ਜੁਟੇ ਹੋਏ ਹਨ। ਸਭ ਤੋਂ ਜ਼ਿਆਦਾ ਉਨ੍ਹਾਂ ਦੀ ਧੀ ਅਤੇ ਬੇਟਾ ਸਰਗਰਮ ਦਿਖਾਈ ਦੇ ਰਹੇ ਹਨ।
ਪ੍ਰਚਾਰ ਕਰਨ ਲਈ ਵੜਿੰਗ ਦੀ ਭੈਣ ਆਈ ਕੈਨੇਡਾ ਤੋਂ, ਪਤਨੀ ਤੇ ਮਾਮਾ ਵੀ ਵਹਾ ਰਹੇ ਪਸੀਨਾ
ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਅਦ ਦੇ ਇਸ ਕਿਲੇ ਵਿਚ ਸੰਨ ਲਾਉਣ ਲਈ ਪਤਨੀ ਅੰਮ੍ਰਿਤਾ ਵੜਿੰਗ, ਭੈਣ ਕਮਲ ਢਿੱਲੋਂ ਅਤੇ ਮਾਮਾ ਗੁਰਚਰਨ ਸਿੰਘ ਅਤੇ ਹਰਚਰਨ ਸਿੰਘ ਚੋਣ ਮੈਦਾਨ ਵਿਚ ਉਤਾਰੇ ਹਨ। ਅੰਮ੍ਰਿਤਾ ਦਿਹਾਤੀ ਖੇਤਰ ਵਿਚ ਰਾਜਾ ਵੜਿੰਗ ਵਾਂਗ ਜਨਸਭਾਵਾਂ ਨਾਲ, ਭੈਣ ਕਮਲ ਢਿੱਲੋਂ ਮਾਨਸਾ ਵਿਚ ਅਤੇ ਦੋਵਾਂ ਮਾਮਿਆਂ ਨੇ ਲੰਬੀ ਖੇਤਰ ਦੇ ਪਿੰਡ ਵਿਚ ਜ਼ਿੰਮੇਦਾਰੀ ਸਾਂਭੀ ਹੋਈ ਹੈ।
ਬਲਜਿੰਦਰ ਕੌਰ ਲਈ ਪਰਿਵਾਰ ਦੇ 10 ਮੈਂਬਰ ਦਿਖਾ ਰਹੇ ਦਮ
ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਸਭ ਤੋਂ ਜ਼ਿਆਦਾ ਪਰਿਵਾਰਕ ਮੈਂਬਰ ਮੈਦਾਨ ਵਿਚ ਹਨ। ਇਨ੍ਹਾਂ ਵਿਚ ਉਨ੍ਹਾਂ ਦੇ ਪਤੀ ਸੁਖਰਾਜ ਸਿੰਘ ਬੱਲ, ਜੇਠ ਜੁਗਰਾਜ ਸਿੰਘ ਬੱਲ, ਦਿਓਰ ਦਿਲਰਾਜ ਸਿੰਘ ਬੱਲ, ਚਾਚਾ ਨਛੱਤਰ ਸਿੰਘ, ਜਗਸੀਰ ਸਿੰਘ, ਰੇਸ਼ਮ ਸਿੰਘ, ਅਤੇ ਅਵਤਾਰ ਸਿੰਘ, ਭਰਾ ਐਡਵੋਕੇਟ ਉਦੈਵੀਰ ਸਿੰਘ ਅਤੇ ਰਮਨ ਸਿੰਘ ਅਤੇ ਉਨ੍ਹਾਂ ਦੀ ਦਾਦੀ ਦਮ ਦਿਖਾ ਰਹੀ ਹੈ। ਦੱਸ ਦੇਈਏ ਬਲਜਿੰਦਰ ਕੌਰ ਪਿਛਲੀ ਵਾਰ ਵੀ ਚੋਣ ਲੜੀ ਸੀ ਪਰ ਇਸ ਵਾਰ ਉਨ੍ਹਾਂ ਨੇ ਪੂਰੀ ਤਾਕਤ ਲਗਾ ਦਿੱਤੀ ਹੈ।