ਭਾਸ਼ਣਾਂ 'ਚ ਸੇਕ ਕੱਢਣ ਵਾਲੇ ਲੀਡਰਾਂ ਨੂੰ ਹੁਣ ਸਤਾ ਰਿਹੈ ਗੋਲੀ ਦਾ ਡਰ!

04/04/2019 10:14:15 AM

ਬਠਿੰਡਾ (ਵੈੱਬ ਡੈਸਕ) : ਚੋਣ ਅਖਾੜੇ ਦੇ ਭਖਦਿਆਂ ਹੀ ਲੀਡਰਾਂ ਨੇ ਬੁਲੇਟ ਪਰੂਫ ਗੱਡੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਭਾਸ਼ਣਾਂ 'ਚ ਸੇਕ ਕੱਢਣ ਵਾਲੇ ਲੀਡਰਾਂ ਨੂੰ ਹੁਣ ਲੋਕ ਸਭਾ ਚੋਣਾਂ ਕਾਰਨ ਡਰ ਸਤਾ ਰਿਹਾ ਹੈ। ਇਸ ਲਈ ਵੱਡੇ ਆਗੂਆਂ ਨੇ ਪ੍ਰਾਈਵੇਟ ਤੌਰ 'ਤੇ ਸੁਰੱਖਿਆ ਲਈ ਪਾਪੜ ਵੇਲਣੇ ਸ਼ੁਰੂ ਕੀਤੇ ਹਨ। ਬੁਲੇਟ ਪਰੂਫ ਗੱਡੀਆਂ ਦੇ ਕਾਰੋਬਾਰ ਨੂੰ ਇਨ੍ਹਾਂ ਲੀਡਰਾਂ ਦੇ ਡਰ ਨੇ ਚਮਕਣ ਲਾ ਦਿੱਤਾ ਹੈ। ਪਤਾ ਲੱਗਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਜੈਪੁਰ, ਕੋਟਾ, ਜਲੰਧਰ ਅਤੇ ਦਿੱਲੀ ਦੀਆਂ ਪ੍ਰਾਈਵੇਟ ਸਨਅਤਾਂ ਤੋਂ ਕਰੀਬ 100 ਵੱਡੇ ਲੀਡਰਾਂ ਨੇ ਬੁਲੇਟ ਪਰੂਫ ਗੱਡੀਆਂ ਤਿਆਰ ਕਰਾਈਆਂ ਹਨ। ਉੱਤਰ ਪ੍ਰਦੇਸ਼, ਬਿਹਰ ਅਤੇ ਝਾਰਖੰਡ ਦੇ ਆਗੂਆਂ ਨੇ ਜਲੰਧਰ ਤੋਂ ਬੁਲੇਟ ਪਰੂਫ ਵਾਹਨ ਤਿਆਰ ਕਰਾਏ ਹਨ।
ਪ੍ਰਾਪਤ ਵੇਰਿਵਆਂ ਅਨੁਸਾਰ ਜਲੰਧਰ ਦੀ ਪੁਰਾਣੀ ਲੱਗਰ ਇੰਡਸਟਰੀਜ਼ ਤੋਂ 3 ਦਰਜਨ ਲੀਡਰਾਂ ਨੇ ਬੁਲੇਟ ਪਰੂਫ ਵਾਹਨ ਤਿਆਰ ਕਰਾਏ ਹਨ, ਜਿਨ੍ਹਾਂ ਦੀ ਚੋਣ ਪ੍ਰਚਾਰ ਵਿਚ ਵਰਤੋਂ ਹੋਣੀ ਹੈ। ਜਲੰਧਰ ਦੀ ਇਸ ਫੈਕਟਰੀ ਵਿਚ ਕਰੀਬ ਇਕ ਸਾਲ ਪਹਿਲਾਂ ਹੀ ਲੀਡਰਾਂ ਨੇ ਆਪਣੀਆਂ ਐੱਸ.ਯੂ.ਵੀ. ਗੱਡੀਆਂ ਭੇਜ ਦਿੱਤੀਆਂ ਸਨ। ਗੱਡੀ ਨੂੰ ਬੁਲੇਟ ਪਰੂਫ ਕਰਾਉਣ ਲਈ 6 ਤੋਂ 40 ਲੱਖ ਤੱਕ ਦਾ ਖਰਚਾ ਆਉਂਦਾ ਹੈ। ਸਿਆਸੀ ਆਗੂ ਲੈਂਡ ਕਰੂਜ਼ਰ, ਟੋਇਟਾ ਫਾਰਚੂਨਰ, ਇਨੋਵਾ, ਐਂਡੇਵਰ ਆਦਿ ਗੱਡੀਆਂ ਬੁਲੇਟ ਪਰੂਫ ਕਰਾ ਰਹੇ ਹਨ। ਇਨ੍ਹਾਂ ਸਨਅਤਾਂ ਵਿਚ ਸਾਲ ਭਰ ਤੋਂ ਕਾਫੀ ਭੀੜ ਹੈ।

ਜਲੰਧਰ ਦੇ ਕਾਰੋਬਾਰੀ ਸੰਚਿਤ ਸੋਬਤੀ (ਲੱਗਰ ਇੰਡਸਟਰੀਜ਼) ਨੇ ਦੱਸਿਆ ਕਿ ਉਹ ਹੁਣ ਤੱਕ ਦੂਜੇ ਸੂਬਿਆਂ ਦੇ ਸਿਆਸੀ ਲੋਕਾਂ ਨੂੰ ਕਰੀਬ 32 ਗੱਡੀਆਂ ਬੁਲੇਟ ਪਰੂਫ ਬਣਾ ਕੇ ਸਪਲਾਈ ਕਰ ਚੁੱਕੇ ਹਨ ਜਦਕਿ ਚਾਰ ਕੁ ਗੱਡੀਆਂ ਦੀ ਡਲਿਵਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਕਰਕੇ ਕਰੀਬ ਸਾਲ ਪਹਿਲਾਂ ਹੀ ਬੁਲੇਟ ਪਰੂਫ ਗੱਡੀਆਂ ਦੇ ਆਰਡਰ ਆ ਗਏ ਸਨ। ਉਨ੍ਹਾਂ ਦੱਸਿਆ ਕਿ ਸਿਆਸਤਦਾਨਾਂ ਤੋਂ ਇਲਾਵਾ ਕਾਰੋਬਾਰੀ ਲੋਕ ਵੀ ਬੁਲੇਟ ਪਰੂਫ ਗੱਡੀਆਂ ਬਣਾ ਰਹੇ ਹਨ। ਪਤਾ ਲੱਗਾ ਹੈ ਕਿ ਕੇਂਦਰੀ ਵਜ਼ੀਰਾਂ ਅਤੇ ਸਾਬਕਾ ਮੰਤਰੀਆਂ ਤੋਂ ਇਲਾਵਾ ਮੌਜੂਦਾ ਸੰਸਦ ਮੈਂਬਰਾਂ ਨੇ ਵੀ ਇਹ ਵਾਹਨ ਤਿਆਰ ਕਰਾਏ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਬੁਲੇਟ ਪਰੂਫ ਵਾਹਨ ਵਰਤ ਰਹੇ ਹਨ ਅਤੇ ਕੁੱਝ ਸਮਾਂ ਪਹਿਲਾਂ ਨਵਜੋਤ ਸਿੱਧੂ ਨੂੰ ਵੀ ਬੁਲੇਟ ਪਰੂਫ ਲੈਂਡ ਕਰੂਜ਼ਰ ਮਿਲੀ ਹੈ। ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਬੁਲੇਟ ਪਰੂਫ ਗੱਡੀ ਦੀ ਪ੍ਰਵਾਨਗੀ ਮਿਲ ਗਈ ਹੈ। ਡੇਰਾ ਸਿਰਸਾ ਦੇ ਰਿਸ਼ਤੇਦਾਰ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਕੋਲ ਵੀ ਬੁਲੇਟ ਪਰੂਫ ਗੱਡੀ ਹੈ।


cherry

Content Editor

Related News